Loading Now

ਨਿਮਿਸ਼ਾ ਨੂੰ ਬਚਾਓ

ਨਿਮਿਸ਼ਾ ਨੂੰ ਬਚਾਓ

ਯਮਨ ਵਿੱਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਫ਼ਾਂਸੀ ਵਿੱਚ ਕੁਝ ਹੀ ਦਿਨ ਬਚੇ ਹਨ ਜਿਸ ਕਰ ਕੇ ਭਾਰਤ ਨੂੰ ਫ਼ੈਸਲਾਕੁਨ ਕਦਮ ਉਠਾਉਣ ਲਈ ਸਮਾਂ ਘਟ ਰਿਹਾ ਹੈ। 37 ਸਾਲਾ ਨਿਮਿਸ਼ਾ ਨੂੰ ਆਪਣੇ ਯਮਨੀ ਕਾਰੋਬਾਰੀ ਭਿਆਲ ਤਲਾਲ ਅਬਦੋ ਮੇਹਦੀ ਦੀ ਹੱਤਿਆ ਦੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਜ਼ਾ ਤੋਂ ਬਚਣ ਲਈ ਉਸ ਨੇ ਸਾਰੀਆਂ ਕਾਨੂੰਨੀ ਚਾਰਾਜੋਈਆਂ ਕਰ ਕੇ ਦੇਖ ਲਈਆਂ ਪਰ ਕੋਈ ਰਾਹਤ ਨਾ ਮਿਲ ਸਕੀ ਅਤੇ ਹੁਣ ਉਸ ਨੂੰ ਫਾਂਸੀ ਦੇਣ ਲਈ 16 ਜੁਲਾਈ ਦੀ ਤਾਰੀਕ ਮੁਕੱਰਰ ਕੀਤੀ ਗਈ ਹੈ। ਉਸ ਦੀ ਹੋਣੀ ਆਖ਼ਿਰੀ ਪਲਾਂ ’ਤੇ ਕੀਤੀ ਜਾਣ ਵਾਲੀ ਕੂਟਨੀਤਕ ਅਤੇ ਮਨੁੱਖੀ ਦਖ਼ਲਅੰਦਾਜ਼ੀ, ਖ਼ਾਸਕਰ ਪੀੜਤ ਦੇ ਪਰਿਵਾਰ ਨੂੰ ਅਦਾ ਕੀਤੀ ਜਾਂਦੀ ਬਲੱਡ ਮਨੀ (ਦੀਆ) ਉੱਪਰ ਟਿਕੀ ਹੋਈ ਹੈ। ਭਾਰਤ ਸਰਕਾਰ ਦੀ ਮਜਬੂਰੀ ਇਹ ਹੈ ਕਿ ਇਸ ਦੇ ਹੂਤੀ ਬਾਗੀਆਂ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਹਨ ਜਿਨ੍ਹਾਂ ਦਾ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਉੱਪਰ ਕੰਟਰੋਲ ਹੈ ਪਰ ਦੱਸਿਆ ਜਾਂਦਾ ਹੈ ਕਿ ਸਰਕਾਰ ਹਰ ਸੰਭਵ ਮਦਦ ਪਹੁੰਚਾ ਰਹੀ ਹੈ। ਯਮਨ ਦੀ ਕੌਮਾਂਤਰੀ ਮਾਨਤਾ ਪ੍ਰਾਪਤ ਸਰਕਾਰ ਨਾਲ ਅਜੇ ਵੀ ਕੂਟਨੀਤਕ ਸਬੰਧ ਚੱਲ ਰਹੇ ਹਨ ਪਰ ਨਿਮੀਸ਼ਾ ਜਿੱਥੇ ਇਸ ਸਮੇਂ ਕੈਦ ਹੈ, ਉਹ ਇਲਾਕਾ ਹੂਤੀ ਬਾਗ਼ੀਆਂ ਦੇ ਪ੍ਰਭਾਵ ਹੇਠ ਆਉਂਦਾ ਹੈ। ਅੰਦਰਖਾਤੇ ਕੂਟਨੀਤਕ ਚਾਰਾਜੋਈ ਵਾਸਤੇ ਬਹੁਤਾ ਸਮਾਂ ਨਹੀਂ ਬਚਿਆ। ਨਿਮਿਸ਼ਾ ਦੀ ਕਹਾਣੀ ਮਹਿਜ਼ ਕਾਨੂੰਨੀ ਅਪਰਾਧ ਨਾਲ ਨਹੀਂ ਜੁੜੀ ਹੋਈ ਸਗੋਂ ਸ਼ੋਸ਼ਣ ਅਤੇ ਦਮਨ ਦੇ ਜਟਿਲ ਹਾਲਾਤ ਨਾਲ ਵੀ ਜੁੜੀ ਹੋਈ ਹੈ।

ਮੇਹਦੀ ਹੱਥੋਂ ਧੋਖਾਧੜੀ ਅਤੇ ਦੁਰਵਿਹਾਰ ਦੇ ਦੋਸ਼ ਜਿਸ ਵਿੱਚ ਨਿਮਿਸ਼ਾ ਦਾ ਪਾਸਪੋਰਟ ਜ਼ਬਤ ਕਰਨਾ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਸਰੀਰਕ ਸ਼ੋਸ਼ਣ ਸ਼ਾਮਿਲ ਹਨ, ਉਸ ਨੂੰ ਗੜਬੜ ਵਾਲੇ ਖੇਤਰਾਂ ਵਿੱਚ ਪਰਵਾਸੀ ਭਾਰਤੀ ਕਾਮਿਆਂ, ਖ਼ਾਸ ਕਰ ਕੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਦਾ ਖੁਲਾਸਾ ਕਰਦੇ ਹਨ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੀ ਮਾਨਵੀ ਕੂਟਨੀਤੀ ਦੇ ਯਤਨਾਂ ਸਦਕਾ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਹਾਸਿਲ ਕੀਤੀ ਸੀ। ਦਾਨੀ ਕਾਰੋਬਾਰੀ ਐੱਸਪੀਐੱਸ ਓਬਰਾਏ ਨੇ ਖਾੜੀ ਮੁਲਕ ’ਚ 140 ਤੋਂ ਵੱਧ ਭਾਰਤੀਆਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਨਿੱਜੀ ਤੌਰ ਉੱਤੇ ‘ਦੀਆ’ ਅਦਾ ਕੀਤੀ ਸੀ। ਹੋਰ ਕਈ ਮੌਕਿਆਂ ਉੱਤੇ ਵੀ ਪਰਵਾਸੀ ਭਾਰਤੀ ਦੇਸ਼ ਵਾਸੀਆਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਹਨ। ਇਹ ਅਜਿਹੀ ਵਿਰਾਸਤ ਹੈ, ਜਿਸ ਨੂੰ ਅੱਜ ਦੇ ਆਗੂਆਂ ਨੂੰ ਤੇਜ਼ੀ ਨਾਲ ਪੈਸੇ ਇਕੱਠੇ ਕਰਨ ਤੇ ਕੂਟਨੀਤਕ ਪਹੁੰਚ ਲਈ ਅਪਨਾਉਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੂਟਨੀਤਕ ਤੰਤਰ ਨੂੰ ਵੀ ਪੂਰੀ ਤਰ੍ਹਾਂ ਸਰਗਰਮ ਕਰੇ ਕਿਉਂਕਿ ਵਿਦੇਸ਼ਾਂ ’ਚ ਬੈਠੇ ਭਾਰਤੀ ਨਾਗਰਿਕ ਦੇਸ਼ ਤੋਂ ਹਮੇਸ਼ਾ ਮਦਦ ਦੀ ਉਮੀਦ ਰੱਖਦੇ ਹਨ। ਇਸ ਉਮੀਦ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ। ਪ੍ਰਿਆ ਦੇ ਪਰਿਵਾਰ ਤੇ ਸਿਵਲ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਇਕੱਠੇ ਕੀਤੇ ‘ਦੀਆ’ ਦੇ 8.5 ਕਰੋੜ ਰੁਪਏ ਨਾਲ ਕੋਈ ਬਹੁਤਾ ਫ਼ਰਕ ਨਹੀਂ ਪਿਆ ਹੈ। ਅਜੇ ਹੋਰ ਕੋਸ਼ਿਸ਼ਾਂ ਦੀ ਵੀ ਲੋੜ ਹੈ।

Share this content:

Post Comment