ਮੋਦੀ ਦੀ ਆਮਦ ਦੇ ਮਾਅਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਰਫ਼ ਸਰਕਾਰੀ ਪ੍ਰੋਗਰਾਮਾਂ ਤੱਕ ਸੀਮਤ ਨਹੀਂ, ਸਗੋਂ ਇਸ ਦੇ ਡੂੰਘੇ ਸਿਆਸੀ ਅਰਥ ਵੀ ਹਨ। ਜਦੋਂ ਦੇਸ਼ ਵਿਚ ਕਈ ਰਾਜਾਂ ਦੀਆਂ ਚੋਣਾਂ ਅਤੇ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਮਾਹੌਲ ਬਣ ਰਿਹਾ ਹੈ, ਤਾਂ ਅਜਿਹੇ ਸਮੇਂ ਵਿਚ ਮੋਦੀ ਦੀ ਪੰਜਾਬ ਫੇਰੀ ਨੂੰ ਭਾਜਪਾ ਦੀ ਲੰਬੀ ਰਣਨੀਤੀ ਦੇ ਇਕ ਮਹੱਤਵਪੂਰਨ ਹਿੱਸੇ ਵਜੋਂ ਦੇਖਿਆ ਜਾ ਸਕਦਾ ਹੈ। ਪੰਜਾਬ ਲੰਬੇ ਸਮੇਂ ਤੋਂ ਭਾਜਪਾ ਲਈ ਇਕ ਚੁਣੌਤੀਪੂਰਨ ਸਿਆਸੀ ਧਰਤੀ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਆਪਣੇ ਦਮ ’ਤੇ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਦਾ ਦੌਰਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਪਣੀਆਂ ਤਰਜੀਹਾਂ ਵਿਚ ਸ਼ਾਮਲ ਰੱਖਦੀ ਹੈ ਅਤੇ ਵਿਕਾਸ ਬਾਬਤ ਯੋਜਨਾਵਾਂ ਰਾਹੀਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ। ਦੂਜੇ ਪਾਸੇ, ਇਹ ਦੌਰਾ ਵਿਰੋਧੀ ਧਿਰਾਂ ਲਈ ਵੀ ਇਕ ਰਾਜਨੀਤਕ ਚੁਣੌਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ, ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਆਪੋ-ਆਪਣੇ ਢੰਗ ਨਾਲ ਇਸ ਦੌਰੇ ਦੀ ਵਿਆਖਿਆ ਕਰ ਰਹੀਆਂ ਹਨ। ਕੋਈ ਇਸ ਨੂੰ ਕੇਂਦਰ ਵੱਲੋਂ ਪੰਜਾਬ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਦੱਸਦਾ ਹੈ, ਤੇ ਕੋਈ ਇਸ ਨੂੰ ਚੁਣਾਵੀ ਰਾਜਨੀਤੀ ਦਾ ਹਿੱਸਾ ਮੰਨਦਾ ਹੈ। ਇਹ ਸਿਆਸੀ ਪ੍ਰਤੀਕਰਮ ਦਰਸਾਉਂਦੇ ਹਨ ਕਿ ਪੰਜਾਬ ਦੀ ਰਾਜਨੀਤੀ ਵਿਚ ਭਾਜਪਾ ਦੀ ਸਰਗਰਮੀ ਹੁਣ ਪਹਿਲਾਂ ਨਾਲੋਂ ਕਾਫ਼ੀ ਵੱਧ ਗੰਭੀਰ ਹੋ ਗਈ ਹੈ।
ਸਿਆਸਤ ਵਿਚ ਰੰਗ ਕਦੇ ਵੀ ਸਿਰਫ਼ ਰੰਗ ਨਹੀਂ ਹੁੰਦੇ, ਉਹ ਸੰਦੇਸ਼ ਵੀ ਬਣ ਜਾਂਦੇ ਹਨ। ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਹਰੇ ਰੰਗ ਦੀ ਦਸਤਾਰ ਸਜਾਉਣਾ ਚਰਚਾ ਦਾ ਵਿਸ਼ਾ ਬਣਿਆ ਹੈ। ਸਵਾਲ ਇਹ ਨਹੀਂ ਕਿ ਪੱਗ ਦਾ ਰੰਗ ਕੀ ਸੀ, ਸਵਾਲ ਇਹ ਹੈ ਕਿ ਉਸ ਦੇ ਪਿੱਛੇ ਲੋਕਾਂ ਤੱਕ ਕਿਹੜਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਚੋਣੀ ਰਾਜਨੀਤੀ ਵਿਚ ਪ੍ਰਤੀਕਾਂ ਦੀ ਆਪਣੀ ਭਾਸ਼ਾ ਹੁੰਦੀ ਹੈ ਅਤੇ ਨੇਤਾ ਅਕਸਰ ਸਥਾਨਕ ਭਾਵਨਾਵਾਂ ਨਾਲ ਜੁੜਨ ਲਈ ਅਜਿਹੇ ਪ੍ਰਤੀਕ ਵਰਤਦੇ ਹਨ। ਪਰ ਲੋਕਤੰਤਰ ਵਿਚ ਪ੍ਰਤੀਕਾਂ ਦੀ ਅਸਲ ਕੀਮਤ ਉਦੋਂ ਹੀ ਬਣਦੀ ਹੈ ਜਦੋਂ ਉਹ ਨੀਤੀਆਂ ਅਤੇ ਫ਼ੈਸਲਿਆਂ ਵਿਚ ਵੀ ਨਜ਼ਰ ਆਉਣ। ਜੇ ਪਹਿਰਾਵਾ ਲੋਕਾਂ ਦੇ ਦਿਲ ਜਿੱਤਣ ਦਾ ਸਾਧਨ ਹੈ ਤਾਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨਾ ਵੀ ਸਭ ਤੋਂ ਵੱਡੀ ਕਸੌਟੀ ਹੈ। ਭਾਜਪਾ ਲਈ ਇਹ ਦੌਰਾ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਨਵੇਂ ਸਮਾਜਿਕ ਤਬਕਿਆਂ ਤੱਕ ਪਹੁੰਚ ਬਣਾਉਣ ਦਾ ਵੀ ਇਕ ਯਤਨ ਹੈ। ਪਾਰਟੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਸ਼ਹਿਰੀ ਵੋਟਰਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਕਿਸਾਨਾਂ ਵਿਚ ਵੀ ਆਪਣੀ ਪਕੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਦੀ ਮੌਜੂਦਗੀ ਕਾਰਕੁਨਾਂ ਵਿਚ ਨਵਾਂ ਜੋਸ਼ ਭਰ ਸਕਦੀ ਹੈ ਅਤੇ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਲਈ ਸਿਆਸੀ ਮਾਹੌਲ ਤਿਆਰ ਕਰਨ ਵਿਚ ਮਦਦ ਕਰ ਸਕਦੀ ਹੈ।
Share this content:



Post Comment