ਬੀਬੀ ਖਾਲੜਾ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਲੋਕ ਕਮਿਸ਼ਨ ਬਣਾਉਣ ਦੀ ਅਪੀਲ
ਅੰਮ੍ਰਿਤਸਰ, 14 ਜੁਲਾਈ – ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੰਜਾਬ ਵਿੱਚ 1980 ਤੇ ’90 ਦੇ ਦਹਾਕੇ ਦੌਰਾਨ ਲਾਪਤਾ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਲੋਕ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਅਤੇ ਪੀੜਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦੀ ਮੰਗ ਵੀ ਕੀਤੀ। ਬੀਬੀ ਖਾਲੜਾ, ਜੋ ਇਸ ਵੇਲੇ ਵਿਦੇਸ਼ ਵਿੱਚ ਹਨ, ਨੇ ਇਸ ਸਬੰਧੀ ਸੁਨੇਹਾ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ’ਤੇ ਸਾਂਝਾ ਕੀਤਾ ਹੈ। ਖਾਲੜਾ ਮਿਸ਼ਨ ਜਥੇਬੰਦੀ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਇਹ ਬਿਆਨ ਮਗਰੋਂ ਮੀਡੀਆ ਨੂੰ ਵੀ ਜਾਰੀ ਕੀਤਾ ਹੈ। ਬੀਬੀ ਖਾਲੜਾ ਨੇ ਭਲਕੇ 14 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੱਦੇ ’ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਲਾਸ਼ਾਂ ਰੋੜ੍ਹੀਆਂ ਗਈਆਂ) ਵਿਖੇ ਰੱਖੇ ਅਰਦਾਸ ਸਮਾਗਮ ਵਿੱਚ ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਪਹੁੰਚਣ ਦੀ ਅਪੀਲ ਕੀਤੀ ਹੈ।
‘ਟਰੁਥ ਕਮਿਸ਼ਨ’ ਬਣਾਉਣ ਦੀ ਮੰਗ
ਜਲੰਧਰ (ਪਾਲ ਸਿੰਘ ਨੌਲੀ): ਫਿਲਮ ‘ਸਤਲੁਜ’ ਦੀ ਚਰਚਾ ਪਿੰਡਾਂ ਦੀਆਂ ਜੂਹਾਂ ਵਿੱਚੋਂ ਹੁਣ ਸੰਯੁਕਤ ਰਾਸ਼ਟਰ ਦੇ ਵਿਹੜੇ ਵਿੱਚ ਵੀ ਹੋਣ ਲੱਗੀ ਹੈ। ਅਮਰੀਕਾ ਦੇ ਕਨੈਕਟੀਕਟ ਸੂਬੇ ’ਚ ਨੌਰਵਿਚ ਸ਼ਹਿਰ ਦੇ ਮੇਅਰ ਸਵਰਨਜੀਤ ਸਿੰਘ ਖਾਲਸਾ, ਜਿਨ੍ਹਾਂ ਦਾ ਪਿਛੋਕੜ ਜਲੰਧਰ ਤੋਂ ਹੈ, ਨੇ ਯੂ ਐੱਨ ਦੇ ਸਕੱਤਰ ਜਨਰਲ ਕੋਲੋ ਮੰਗ ਕੀਤੀ ਕਿ ਜਸਵੰਤ ਸਿੰਘ ਖਾਲੜਾ ਵੱਲੋਂ ਚੁੱਕੇ ਲਾਵਾਰਿਸ ਲਾਸ਼ਾਂ ਦੇ ਮੁੱਦੇ ਦੀ ਜਾਂਚ ਲਈ ‘ਟਰੁੱਥ ਕਮਿਸ਼ਨ’ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਨੌਰਵਿਚ ਸ਼ਹਿਰ ਵੱਲੋਂ ਅਗਲੇ ਦਿਨਾਂ ਵਿੱਚ 6 ਸਤੰਬਰ ਨੂੰ ਅਧਿਕਾਰਤ ਤੌਰ ’ਤੇ ‘ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਿਵਸ’ ਵਜੋਂ ਐਲਾਨੇ ਜਾਣ ਦੀ ਯੋਜਨਾ ਹੈ।
Share this content:



Post Comment