Loading Now

ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ

ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ

*ਭਾਈ ਮਨੀ ਸਿੰਘ ਅਦੁੱਤੀ ਸ਼ਖ਼ਸੀਅਤ ਸਨ
ਭਾਈ ਮਨੀਆ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣਿਆ  ਸੀ। ਸਿੱਖ ਸੰਘਰਸ਼ ਵਿੱਚ ਭਾਈ ਮਨੀ ਸਿੰਘ  ਦੇ ਪ੍ਰਵਾਰ ਦੀ ਬੇਮਿਸਾਲ ਕੁਰਬਾਨੀ ਹੈ। ਉਨ੍ਹਾਂ ਦਾ ਜਨਮ 10 ਮਾਰਚ 1644 ਨੂੰ ਪਿੰਡ ਅਲੀਪੁਰ, ਜ਼ਿਲ੍ਹਾ ਮੁਜੱਫਰਗੜ੍ਹ (ਪਾਕਿਸਤਾਨ) ਵਿੱਚ ਹੋਇਆ ਸੀ।ਉਨ੍ਹਾਂ ਦੇ ਪਿਤਾ ਦਾ ਨਾਮ ਭਾਈ ਮਾਈਦਾਸ ਅਤੇ ਮਾਤਾ ਦਾ ਨਾਮ ਮਧਰੀ ਬਾਈ ਸੀ । ਭਾਈ ਮਾਈਦਾਸ ਦੀਆਂ ਦੋ ਪਤਨੀਆਂ ਸਨ। ਭਾਈ ਮਨੀਏ ਦੇ ਦਾਦਾ ਜੀ ਭਾਈ ਬਲੂ ਰਾਇ  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਅੰਮ੍ਰਿਤਸਰ ਵਿਖੇ ਤੁਰਕਾਂ ਨਾਲ ਲੜਦੇ ਹੋਏ 1628 ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ। ਭਾਈ ਮਨੀਆ ਜੀ 12 ਭਰਾ ਸਨ। ਭਾਈ ਮਨੀਏ ਨੇ ਮੁੱਢਲੀ ਵਿੱਦਿਆ ਤੇ ਗੁਰਬਾਣੀ ਦਾ ਗਿਆਨ ਪ੍ਰਵਾਰ ਤੋਂ ਹੀ ਲਿਆ । ਮਾਈ ਦਾਸ ਆਪਣੇ ਪੁੱਤਰ ਮਨੀਏ ਨੂੰ ਛੋਟੀ ਉਮਰ ਵਿੱਚ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਲੈ ਕੇ ਗਏ। ਗੁਰੂ ਜੀ ਮਨੀਏ ਦੇ ਚਿਹਰੇ ਦੇ ਹਾਵ ਭਾਵ ਨੂੰ ਵੇਖ ਕੇ ਬਹੁਤ ਪਸੰਨ ਹੋਏ ਤੇ ਕਿਹਾ ਕਿ ਇਹ ਬੱਚਾ ਜਗਤ ਵਿੱਚ ਪ੍ਰਸਿੱਧੀ
ਪ੍ਰਾਪਤ ਕਰੇਗਾ। ਸ਼੍ਰੀ ਗੁਰੂ ਹਰਿ ਰਾਇ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਲੱਗ ਗਏ।
ਗੁਰੂ ਹਰਿ ਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ  ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਬਾਬੇ ਬਕਾਲੇ ਪਹੁੰਚ ਗਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ  ਹਿੰਦੁਸਤਾਨ ਚੋਂ ਸਿੱਖੀ ਦਾ ਪ੍ਰਚਾਰ ਕਰਕੇ ਵਾਪਸ ਆਨੰਦਪੁਰ ਸਾਹਿਬ ਆਏ ਤੇ ਭਾਈ ਮਨੀਆ ਉਨ੍ਹਾਂ ਕੋਲ ਆ ਗਏ। ਭਾਈ ਮਨੀਆ ਨੇ ਉਚੇਰੀ ਪੜ੍ਹਾਈ ਆਨੰਦਪੁਰ ਸਾਹਿਬ ਵਿਖੇ ਗ੍ਰਹਿਣ ਕੀਤੀ। ਉਨ੍ਹਾਂ ਦਾ  ਵਿਆਹ ਭਾਈ ਲੱਖੀ ਰਾਏ ਵਣਜਾਰੇ ਦੀ ਧੀ ਬੀਬੀ ਸੀਤੋ ਬਾਈ ਨਾਲ ਹੋਇਆ। ਭਾਈ ਮਨੀਆ ਦੇ ਘਰ 10 ਪੁੱਤਰਾਂ ਨੇ ਜਨਮ ਲਿਆ। ਮੁਗਲ ਹਾਕਮਾਂ ਵੱਲੋਂ ਕਸ਼ਮੀਰ ਵਿੱਚ ਸਿਤਾਏ ਹਿੰਦੂਆਂ ਨੇ ਆਨੰਦਪੁਰ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਦੁੱਖ ਦੱਸੇ। ਜਦੋਂ ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਪਤਾ ਲੱਗਾ ਤੇ ਉਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੱਦਿਆ। ਗੁਰੂ ਜੀ ਭਾਈ ਮਨੀਆ ਨੂੰ ਬਾਲ ਗੋਬਿੰਦ ਰਾਇ ਕੋਲ ਛੱਡ ਕੇ ਆਪ ਦਿੱਲੀ ਚਲੇ ਗਏ। ਮੁਗਲ ਹਾਕਮ ਨੇ ਗੁਰੂ ਜੀ ਤੇ ਜੋਰ ਪਾਇਆ ਕਿ ਉਹ ਮੁਸਲਿਮ ਧਰਮ ਗ੍ਰਹਿਣ ਕਰਨ। ਪਰ ਗੁਰੂ ਜੀ ਨਾ ਮੰਨੇ। ਮੁਗਲ ਹਾਕਮ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ। ਭਾਈ ਮਨੀਏ ਨੇ ਗੁਰੂ ਗੋਬਿੰਦ ਰਾਇ ਜੀ ਨਾਲ ਪਹਿਲਾ ਵੱਡਾ ਯੁੱਧ 15 ਅਪ੍ਰੈਲ 1687 ਨੂੰ ਭੰਗਾਣੀ ਵਿਖੇ ਪਹਾੜੀ ਰਾਜਿਆਂ ਨਾਲ ਲੜਿਆ। ਭੰਗਾਣੀ ਪਿੰਡ ਹਿਮਾਚਲ ਪ੍ਰਦੇਸ ਵਿੱਚ ਸਿਰਮੌਰ ਜ਼ਿਲ੍ਹੇ ਵਿੱਚ ਪਾਉਂਟਾ ਸਾਹਿਬ ਤੋਂ 20-22 ਕਿਲੋਮੀਟਰ ਦੂਰ ਯਮੁਨਾ ਨਦੀ ਦੇ ਕੰਢੇ ਤੇ ਹੈ। ਇਸ ਜੰਗ ਵਿੱਚ ਭਾਈ ਮਨੀਏ ਦਾ ਭਰਾ ਭਾਈ ਹਰੀ ਚੰਦ ਸ਼ਹੀਦ ਹੋ ਗਿਆ ਸੀ। ਸ਼੍ਰੀ ਗੁਰੂ ਗੋਬਿੰਦ ਰਾਇ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਸਿੰਘ ਬਨਾਉਣ ਲਈ ਅੰਮ੍ਰਿਤ ਛਕਾਉਣ ਦਾ ਐਲਾਨ ਕੀਤਾ। ਇਸ ਮਹਾਨ ਕਾਰਜ ਦੇ ਮੁੱਖ ਪ੍ਰਬੰਧਕ ਭਾਈ ਮਨੀਆ ਸਨ। ਭਾਈ ਮਨੀਆ ਤੇ ਉਨ੍ਹਾਂ ਦੇ ਪੁੱਤਰਾਂ ਅਤੇ ਭਰਾਵਾਂ ਨੇ ਅੰਮ੍ਰਿਤ ਛਕਿਆ ਅਤੇ ਮਨੀਆ ਮਨੀ ਸਿੰਘ ਬਨ ਗਿਆ।
ਸਿੱਖਾਂ ਦੀ ਵੱਧ ਰਹੀ ਤਾਕਤ ਨੂੰ ਰੋਕਣ ਲਈ ਪਹਾੜੀ ਰਾਜਿਆਂ ਨੇ  ਆਨੰਦਪੁਰ ਸਾਹਿਬ ਵਿਖੇ ਸਿੱਖਾਂ ‘ਤੇ ਧਾਵਾ ਬੋਲ ਦਿੱਤਾ। ਪਹਾੜੀ ਰਾਜਿਆਂ ਨੇ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਆਨੰਦਪੁਰ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ। ਭਾਈ ਮਨੀ ਸਿੰਘ ਦੇ ਪੁੱਤਰ ਬਚਿੱਤਰ ਸਿੰਘ ਨੇ ਹਾਥੀ ਦੀ ਸੁੰਡ ਵਿੱਚ ਨਾਗਣੀ ਮਾਰੀ ਤੇ ਹਾਥੀ ਚੀਖਦਾ ਹੋਇਆ ਪਿਛਾਂਹ ਨੂੰ ਭੱਜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਜੰਗ ਵਿੱਚ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਸ਼ਹੀਦ ਹੋਏ ਸਨ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਨਾਲ ਦਿੱਲੀ ਭੇਜਿਆ । ਭਾਈ ਮਨੀ ਸਿੰਘ 1705-06 ਵਿੱਚ ਮਾਤਾ ਸਾਹਿਬ ਕੌਰ ਨਾਲ ਦਮਾਦਮਾ ਸਾਹਿਬ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਦਮਦਮੀ ਬੀੜ ਲਿਖਵਾਈ। ਇਥੇ ਗੁਰੂ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ। ਮਹਾਨ ਇਨਕਲਾਬੀ ਬਾਬਾ ਬੰਦਾ ਸਿੰਘ ਬਹਾਦਰ ਨੇ  ਮੁਗਲਾਂ ਤੋਂ ਪੰਜਾਬ ਦੇ ਵੱਡੇ ਹਿੱਸੇ ਨੂੰ ਮੁਕਤ ਕਰਾਇਆ ਸੀ। ਪਰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਪਾੜਾ ਪੈ ਗਿਆ। ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਜ਼ਬਰਦਸਤ ਮੱਤਭੇਦ ਪੈਦਾ ਹੋ ਗਏ। ਤੱਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਸਿੱਖੀ ਅਸੂਲਾਂ ਤੇ ਚਲਦਾ ਸੀ। ਬੰਦਈ ਖਾਲਸਾ ਬੰਦਾ ਸਿੰਘ ਬਹਾਦਰ ਦੇ ਸਿੱਖ ਅਸੂਲਾਂ ਨੂੰ ਮੰਨਦਾ ਸੀ।
ਸਿੱਖਾਂ ਦੇ ਇਸ ਝਗੜੇ ਨੂੰ ਨਿਪਟਾਉਣ ਵਾਸਤੇ ਮਾਤਾ ਸੁੰਦਰੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ। ਦੋਹਾਂ ਧਿਰਾਂ ਦੀ ਇਹ ਸਹਿਮਤੀ ਹੋਈ ਕਿ ਜੇ ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲ ਲੈਣ ਤੇ ਝਗੜਾ ਨਿੱਬੜ ਸਕਦਾ ਹੈ। ਇਸ ਪ੍ਰਸਥਿਤੀ ਵਿੱਚ ਭਾਈ ਮਨੀ ਸਿੰਘ ਨੇ 1721 ਵਿੱਚ ਦਰਬਾਰ ਸਾਹਿਬ ਦੇ ਗ੍ਰੰਥੀ ਬਣ ਕੇ ਕੰਮ ਸੰਭਾਲਿਆ। ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਅਤੇ ਤੀਜੇ ਭਾਈ ਮਨੀ ਸਿੰਘ ਸਨ। ਗੋਲਡਨ ਟੈਂਪਲ ਦੀ ਸੇਵਾ ਕਰਦਿਆਂ ਭਾਈ ਮਨੀ ਸਿੰਘ ਨੇ ਦੋ ਪੁਸਤਕਾਂ ‘ਗਿਆਨ ਰਤਨਾਵਲੀ ਅਤੇ ਭਗਤ ਰਤਨਾਵਲੀ’ ਦੀ ਰਚਨਾ ਕੀਤੀ। ਇਥੇ ਰਹਿੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਹੱਥ ਲਿਖਤ ਬੀੜ ਵੀ ਤਿਆਰ ਕੀਤੀ। ਭਾਈ ਮਨੀ ਸਿੰਘ ਦੇ ਸ਼ਹੀਦਪ ਭਰਾਵਾਂ ਦੇ ਨਾਮ ਭਾਈ ਦਿਆਲਾ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ 11 ਨਵੰਬਰ 1675, ਭਾਈ ਹਰੀ ਚੰਦ ਭੰਗਾਣੀ ਦੇ ਯੁੱਧ 18 ਸਿਤੰਬਰ 1687, ਭਾਈ ਸੋਹਣ ਚੰਦ ਨਾਦੌਣ ਯੁੱਧ ਵਿੱਚ ਮਾਰਚ 1691, ਭਾਈ ਲਹਿਣਾ ਜੀ ਗੁਲੇਰ ਯੁੱਧ 1696, ਭਾਈ ਦਾਨ ਸਿੰਘ ਚਮਕੌਰ ਦੀ ਜੰਗ 1704, ਭਾਈ ਰਾਇ ਸਿੰਘ ਖਿਦਰਾਣੇ ਦੀ ਢਾਬ 1705, ਭਾਈ ਮਾਨ ਸਿੰਘ ਚਿਤੌੜਗੜ੍ਹ 1708, ਭਾਈ ਜੇਠਾ ਸਿੰਘ ਤੇ ਭਾਈ ਰੂਪ ਸਿੰਘ ਆਲੋਵਾਲ 1711, ਲਾਹੌਰ ਵਿਖੇ 1734 ਭਾਈ ਮਨੀ ਸਿੰਘ ਤੇ ਭਾਈ ਜਗਤ ਸਿੰਘ।
ਭਾਈ ਮਨੀ ਸਿੰਘ ਦੇ ਸ਼ਹੀਦ ਹੋਏ ਪੁੱਤਰਾਂ ਦੇ ਨਾਮ ਭਾਈ ਭਗਵਾਨ ਸਿੰਘ ਸਟਰਗੜ੍ਹ 1700, ਭਾਈ ਉਦੈ ਸਿੰਘ ਸ਼ਾਹੀ ਟਿੱਬੀ 1704, ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਸਿੰਘ 1704, ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ ਅਤੇ ਭਾਈ ਅਜਾਇਬ ਸਿੰਘ ਚਮਕੌਰ ਦੀ ਜੰਗ 1704,  ਭਾਈ ਮਨੀ ਸਿੰਘ ਆਪ,ਭਾਈ ਚਿਤਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ 1734 ਲਾਹੌਰ। ਮੁਗਲ ਬਾਦਸ਼ਾਹ ਦੇ ਹੁਕਮ ਤੇ ਦੁਸ਼ਟ ਲੱਖਪਤ ਰਾਇ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ  ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਲਾਹੌਰ ਵਿਖੇ ਮੁਗਲ ਬਾਦਸ਼ਾਹ ਅੱਗੇ ਪੇਸ਼ ਕੀਤਾ। ਬਾਦਸ਼ਾਹ ਨੇ ਭਾਈ ਮਨੀ ਸਿੰਘ ਨੂੰ ਮੁਸਲਿਮ ਧਰਮ ਗ੍ਰਹਿਣ ਕਰਨ ਲਈ ਕਈ ਲਾਲਚ ਦਿੱਤੇ ਪਰ ਉਨ੍ਹਾਂ ਨੇ ਕਿਹਾ ਕਿ ਭਾਵੇਂ ਮੇਰਾ ਬੰਦ ਬੰਦ ਕੱਟ ਦਿਓ ਮੈਂ ਮੁਸਲਮਾਨ ਨਹੀਂ ਬਣਾਂਗਾ। ਅਖੀਰ ਜ਼ਾਲਮਾਂ ਨੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।
ਪਿਰਥੀਪਾਲ ਸਿੰਘ ਮਾੜੀਮੇਘਾ
ਨਿਊ ਗੁਰਨਾਮ ਨਗਰ,
ਗਲੀ ਨੰਬਰ -11,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਫੋਨ -9876078731

Share this content:

Post Comment