ਕਵਿੱਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫ਼ਾਜ਼ ਹੋਏ ਮਹਿੰਦਰ ਸਾਥੀ ਕਾਵਿ ਤੇ ਜਰਨੈਲ ਸੇਖਾ ਗਲਪ ਪੁਰਸਕਾਰਾਂ ਨਾਲ਼ ਸਨਮਾਨਿਤ
*ਕਵੀ ਦਰਬਾਰ ਵਿੱਚ ਪੰਜਾਬ ਦੇ ਨਾਮਵਰ ਸ਼ਾਇਰਾਂ ਦੀ ਸ਼ਾਇਰੀ ਦਾ ਪ੍ਰਵਾਹ ਚੱਲਿਆ
ਮੋਗਾ, 7 ਜੁਲਾਈ – ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਸਥਾਨਿਕ ਡੀ ਐਮ ਕਾਲਜ ਵਿੱਚ ਰਾਸ਼ਟਰੀ ਪੱਧਰ ਦਾ ਵਿਸ਼ਾਲ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਕਰਤਾ ਦਰਸ਼ਨ ਸਿੰਘ ਬੁੱਟਰ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਸ੍ਰੀ ਕੇ ਐਲ ਗਰਗ, ਮੰਚ ਦੇ ਸਰਪ੍ਰਸਤ ਕਹਾਣੀਕਾਰ ਗੁਰਮੀਤ ਕੜਿਆਲਵੀ, ਨੌਜਵਾਨ ਸ਼ਾਇਰ ਵਾਹਿਦ, ਚਿੰਤਕ ਸੁਖਜਿੰਦਰ ਫਿਰੋਜਪੁਰ ਅਤੇ ਆਲੋਚਕ ਡਾ ਸੁਰਜੀਤ ਬਰਾੜ ਨੇ ਕੀਤੀ। ਸਮਾਗਮ ਵਿੱਚ ਪੰਜਾਬੀ ਦੀ ਯੁਵਾ ਕਵਿੱਤਰੀ ਰੂਹੀ ਸਿੰਘ ਨੂੰ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਰੂਹੀ ਸਿੰਘ ਬਾਰੇ ਸਨਮਾਨ ਪੱਤਰ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਨੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਰੂਹੀ ਸਿੰਘ ਆਪਣੀ ਸ਼ਾਇਰੀ ਨਾਲ਼ ਸਮਕਾਲੀ ਰਾਜਨੀਤਕ ਤੇ ਸਮਾਜਿਕ ਵਿਵਸਥਾ ਉੱਪਰ ਤਿੱਖਾ ਵਿਅੰਗ ਕਰਦੀ ਹੈ। ਉਸਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨਾਲ਼ ਜੁੜੀ ਹੋਣ ਕਰਕੇ ਅਰਥ ਭਰਪੂਰ ਵੀ ਹੈ ਤੇ ਸਮੇਂ ਦੇ ਹਾਣ ਦੀ ਵੀ ਹੈ। ਰੂਹੀ ਸਿੰਘ ਨੇ ਆਪਣੇ ਭਾਵਪੂਰਤ ਸ਼ੇਅਰਾਂ ਨਾਲ਼ ਭਰਵੀਂ ਹਾਜ਼ਰੀ ਲਵਾਈ। ਉਸਦੇ ਸ਼ੇਅਰ “ਅਜੇਹਾ ਨੇਰ੍ਹ ਗੂੜ੍ਹਾ ਲਹਿ ਗਿਆ ਹੈ ਅਸੰਬਰਾਂ ਤੀਕਰ, ਕਿ ਹੁਣ ਸੂਰਜ ਨੂੰ ਨਿਗਲ਼ੇ ਤੋਂ ਬਿਨਾਂ ਸਰਨਾ ਨਹੀਂ ਹਾਏ” ਨੇ ਭਰਪੂਰ ਦਾਦ ਹਾਸਿਲ ਕੀਤੀ।
ਪੰਜਾਬੀ ਦੇ ਸਮਰੱਥ ਗਲਪਕਾਰ ਤੇ ਨਾਬਰ, ਵਿਗੋਚਾ, ਭਗੌੜਾ ਵਰਗੇ ਨਾਵਲਾਂ ਦੇ ਰਚਨਕਾਰ ਜਰਨੈਲ ਸਿੰਘ ਸੇਖਾ ਦੇ ਨਾਂ ‘ਤੇ ਦਿੱਤਾ ਜਾਂਦਾ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ ਪੰਜਾਬੀ ਦੇ ਚਰਚਿਤ ਨੌਜਵਾਨ ਕਹਾਣੀਕਾਰ ਅਲਫ਼ਾਜ਼ ਨੂੰ ਪ੍ਰਦਾਨ ਕੀਤਾ ਗਿਆ। ਪੰਜਾਬੀ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਕਹਾਣੀਕਾਰ ਅਲਫ਼ਾਜ਼ ਬਾਰੇ ਸਨਮਾਨ ਪੱਤਰ ਪੇਸ਼ ਕਰਦਿਆਂ ਕਿਹਾ ਕਿ ਆਪਣੀ ਪਹਿਲੀ ਹੀ ਪੁਸਤਕ “ਛਲਾਵਿਆਂ ਦੀ ਰੁੱਤ” ਰਾਹੀਂ ਅਲਫ਼ਾਜ਼ ਨੇ ਪੰਜਾਬੀ ਕਹਾਣੀ ਵਿੱਚ ਆਪਣਾ ਜਿ਼ਕਰਯੋਗ ਸਥਾਨ ਬਣਾਇਆ ਹੈ। ਅਲਫ਼ਾਜ਼ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਸੰਖੇਪ ਪਰ ਭਾਵਪੂਰਤ ਗੱਲਾਂ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਬੁੱਟਰ ਵੱਲੋਂ ਨਵੇਂ ਸ਼ਾਇਰਾਂ ਨੂੰ ਸੰਬੋਧਿਨ ਹੁੰਦਿਆਂ ਬੜੀਆਂ ਸਾਰਥਿਕ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਕਵਿਤਾ ਲਿਖਣਾ ਸਾਧਨਾ ਹੈ ਜਿਸ ਲਈ ਸਹਿਜਤਾ ਤੇ ਲਗਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇਸ ਵਿੱਚ ਕਾਹਲ ਦੀ ਗੁੰਜਾਇਸ਼ ਨਹੀਂ ਹੁੰਦੀ। ਨਾਮਵਰ ਲੇਖ਼ਕ ਕੇ ਐਲ ਗਰਗ ਨੇ ਮਹਿੰਦਰ ਸਾਥੀ ਮੰਚ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਦੀ ਭਰਪੂਰ ਸ਼ਾਲਾਘਾ ਕੀਤੀ ਤੇ ਕਿਹਾ ਕਿ ਮੰਚ ਵੱਲੋਂ ਮਹਿੰਦਰ ਸਾਥੀ ਨੂੰ ਲਗਾਤਾਰ ਯਾਦ ਕੀਤਾ ਜਾਂਦਾ ਹੈ ਜਿਸ ਸਦਕਾ ਉਸਦੀ ਸ਼ਾਇਰੀ ਦੀ ਇੱਕ ਵਾਰ ਫੇਰ ਭਰਪੂਰ ਚਰਚਾ ਹੋਣੀ ਸ਼ੁਰੂ ਹੋਈ ਹੈ।
ਆਲੋਚਕ ਡਾ ਸੁਰਜੀਤ ਬਰਾੜ ਨੇ ਮਹਿੰਦਰ ਸਾਥੀ ਦੀ ਕਾਵਿ ਚੇਤਨਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਪ੍ਰਧਾਨਗੀ ਮੰਡਚ ‘ਚ ਬਿਰਾਜਮਾਨ ਉੱਘੇ ਨੌਜਵਾਨ ਚਿੰਤਕ ਸੁਖਜਿੰਦਰ ਫਿਰੋਜ਼ਪੁਰ ਨੇ ਇਨਕਲਾਬੀ ਸ਼ਾਇਰਾਂ ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਮਹਿੰਦਰ ਸਾਥੀ ਦੇ ਹਵਾਲੇ ਨਾਲ਼ ਅਜੌਕੇ ਸਮੇਂ ਵਿੱਚ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਵਰਤਮਾਨ ‘ਤੇ ਪਿਆ ਪੇਪਰਵੇਟ ਅਤੇ ਗੁਲਮੋਹਰ ਦੀ ਛਾਵੇਂ ਵਰਗੀਆਂ ਚਰਚਿਤ ਪੁਸਤਕਾਂ ਦੇ ਰਚੇਤਾ ਵਾਹਿਦ ਨੇ ਆਪਣੀ ਸਾ਼ਇਰੀ ਰਾਹੀਂ ਮਾਹੌਲ ਸਿਰਜ ਦਿੱਤਾ। ਗੁਰਮੀਤ ਕੜਿਆਲਵੀ ਨੇ ਮੰਚ ਦੀ ਪ੍ਰਾਪਤੀਆਂ ਦੀ ਚਰਚਾ ਕੀਤੀ। ਮੀਤ ਪ੍ਰਧਾਨ ਧਾਮੀ ਗਿੱਲ ਨੇ ਸਾਥੀ ਬਾਰੇ ਨਜ਼ਮ ਪੇਸ਼ ਕੀਤੀ। ਇਸ ਮੌਕੇ ਗੁਰਪ੍ਰੀਤ ਧਰਮਕੋਟ ਦੀ ਸੰਚਾਲਨਾ ਅਧੀਨ ਹੋਏ ਰਾਸ਼ਟਰੀ ਯੁਵਾ ਕਵੀ ਦਰਬਾਰ ਵਿੱਚ ਬਟਾਲਾ ਤੋਂ ਆਏ ਸ਼ਾਇਰ ਸੁਰਿੰਦਰ ਸਿੰਘ ਬਟਾਲਾ, ਅਤੇ ਕੇਵਲ ਕ੍ਰਾਂਤੀ ਨੇ ਆਪਣੀਆਂ ਤਰੰਨਮ ਭਰਪੂਰ ਗ਼ਜ਼ਲਾਂ ਨਾਲ਼ ਸਮਾਗਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਰਾਜਬੀਰ ਮੱਤਾ, ਗਗਨਦੀਪ ਸਿਂੰਘ ਦੀਪ, ਮਨਦੀਪ ਕੌਰ ਰਤਨ, ਰਣਧੀਰ, ਵੈਤਰਨੀ ਪੁਸਤਕ ਦੇ ਲੇਖਕ ਨੌਜਵਾਨ ਕਵੀ ਸੁਰਖ਼ਾਬ, ਹਰਮਨ ਸੂਫ਼ੀ, ਜਸਵੰਤ ਕੜਿਆਲ ਨੇ ਵੀ ਭਾਵਪੂਰਤ ਸਾਇਰੀ ਪੇਸ਼ ਕੀਤੀ। ਹਰਪ੍ਰੀਤ ਮੋਗਾ ਨੇ ਮਹਿੰਦਰ ਸਾਥੀ ਦੀ ਗ਼ਜ਼ਲ ਨਾਲ਼ ਮਾਹੌਲ ਨੂੰ ਪੂਰੀ ਤਰਾਂ ਕਾਵਿਕ ਬਣਾ ਦਿੱਤਾ। ਦਰਸ਼ਨ ਸੰਘਾ, ਪਿਆਰਾ ਸਿੰਘ ਚਾਹਲ ਦੀਆਂ ਤਰੰਨਮ ਭਰਪੂਰ ਰਚਨਾਵਾਂ ਨੇ ਵੀ ਭਰਪੂਰ ਪਿਆਰ ਲਿਆ।
ਇਸ ਮੌਕੇ ਜਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ ਅਜੀਤਪਾਲ ਸਿੰਘ ਜਟਾਣਾ, ਜਿਲ਼ਾ ਭਾਸ਼ਾ ਅਫਸਰ ਫਰੀਦਕੋਟ ਮਨਜੀਤ ਪੁਰੀ, ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ,ਮੰਚ ਦੇ ਸੀਨੀਅਰ ਆਗੂ ਗੁਰਦੀਪ ਲੋਪੋਂ, ਫਿਲਮ ਅਦਾਕਾਰ ਤੀਰਥ ਚੜਿਕ, ਨਾਮਵਰ ਅਦਾਕਾਰ ਸੁਖਦੇਵ ਲੱਧੜ, ਸੋਨੀ ਮੋਗਾ, ਸਰਬਜੀਤ ਕੌਰ ਮਾਹਲਾ, ਸਿਮਰਜੀਤ ਕੌਰ ਸਿੰਮੀ, ਅਮਨਦੀਪ ਕੌਰ ਡਗਰੂ, ਪ੍ਰਵੀਨ ਕੌਰ, ਪਰਮਿੰਦਰ ਕੌਰ, ਹਰਜੀਤ ਕੌਰ ਗਿੱਲ, ਕਰਮਜੀਤ ਕੌਰ ਲੰਢੇਕੇ, ਅਮਨਪ੍ਰੀਤ ਕੌਰ, ਡਾ ਸਰਬਜੀਤ ਕੌਰ ਬਰਾੜ, ਮਨਦੀਪ ਕੌਰ ਨਸੀਰੇਵਾਲਾ, ਸਿਮਰਜੀਤ ਕੌਰ ਗਿੱਲ, ਬਬਲੀ ਮੋਗਾ, ਹਰਚੰਦ ਭਿੰਡਰ, ਕੈਪਟਨ ਜਸਵੰਤ ਪੰਡੋਰੀ, ਸੁਖਦੇਵ ਭੱਟੀ ਫਿਰੋਜਪੁਰ, ਕਹਾਣੀਕਾਰ ਜਸਬੀਰ ਕਲਸਸੀ, ਗਿਆਨ ਸਿੰਘ ਰਿਟਾ ਡੀ ਪੀ ਆਰ ਓ, ਗੋਲੂ ਕਾਲੇਕੇ, ਜਸਵਿੰਦਰ ਗਾਲੋਟੀ, ਸੁੱਖਰਾਜ ਜ਼ੀਰਾ, ਨਾਟਕਕਾਰ ਮੋਹੀ ਅਮਰਜੀਤ, ਦਿਲਬਾਗ ਸਿੰਘ ਬੁੱਕਣਵਾਲਾ, ਸਪਨਦੀਪ ਸ਼ਰਮਾ, ਸਵਰਨ ਦਾਸ ਤਲਵੰਡੀ, ਡਾ ਪਵਨ ਕੁਮਾਰ, ਪ੍ਰਤਾਪ ਹੀਰਾ , ਹਰਚਰਨ ਚੋਹਲਾ, ਖੇਤਪਾਲ ਦੀਪ, ਗੁਰਮੀਤ ਸਿੰਘ ਹਮੀਰਗੜ,ਗੁਰਮੀਤ ਸਿੰਘ ਪੱਤਰਕਾਰ ਅਤੇ ਸੁਖਮੰਦਰ ਕੌਰ ਮੋਗਾ ਸਮੇਤ ਬਹੁਤ ਸਾਰੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
Share this content:



Post Comment