ਅਦਾਕਾਰ ਆਮਿਰ ਖ਼ਾਨ ਨੇ 61 ਦੀ ਉਮਰ ‘ਚ ਕਰਵਾਇਆ ਤੀਜਾ ਵਿਆਹ
ਨਵੀਂ ਦਿੱਲੀ, 6 ਜੁਲਾਈ – ਬੌਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਆਪਣੀ ਲੰਮੇ ਸਮੇਂ ਦੀ ਸਾਥਣ ਗੌਰੀ ਸਪਰੈਟ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਅਦਾਕਾਰ ਦੀ ਸਥਾਨਕ ਰਿਹਾਇਸ਼ ’ਤੇ ਸਾਦੇ ਢੰਗ ਨਾਲ ਵਿਆਹ ਸਮਾਗਮ ਕੀਤਾ ਗਿਆ। ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਅਤੇ ਫਿਲਮੀ ਦੁਨੀਆ ਦੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ। ਭਾਰੀ ਮੀਂਹ ਦੇ ਬਾਵਜੂਦ ਵਿਆਹ ਦੀਆਂ ਰਸਮਾਂ ਤੈਅ ਪ੍ਰੋਗਰਾਮ ਅਨੁਸਾਰ ਮੁਕੰਮਲ ਹੋਈਆਂ। ਮਹਿਮਾਨਾਂ ਵਿੱਚ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ, ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ, ਕ੍ਰਿਕਟਰ ਇਰਫ਼ਾਨ ਪਠਾਨ, ਸਨਅਤਕਾਰ ਮੁਕੇਸ਼ ਅੰਬਾਨੀ, ਸਿਆਸਤਦਾਨ ਰਾਜ ਠਾਕਰੇ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਸ਼ਾਮਲ ਸਨ।
ਅਦਾਕਾਰ ਦੀ ਟੀਮ ਵੱਲੋਂ ਸਾਂਝੀ ਕੀਤੀ ਤਸਵੀਰ ਵਿੱਚ ਆਮਿਰ ਅਤੇ ਗੌਰੀ ਵਿਆਹ ਦੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਗੌਰੀ ਦਾ ਪੁੱਤਰ ਨਵੇਂ ਜੋੜੇ ਵਿਚਾਲੇ ਅਤੇ ਆਮਿਰ ਦਾ ਪੁੱਤਰ ਆਜ਼ਾਦ ਨਾਲ ਬੈਠਾ ਦਿਖਾਈ ਦੇ ਰਿਹਾ ਹੈ। ਆਮਿਰ ਦਾ ਇਹ ਤੀਜਾ ਵਿਆਹ ਹੈ। ਪਹਿਲਾਂ ਉਸ ਦਾ ਪਹਿਲਾ ਵਿਆਹ 1986 ਵਿੱਚ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਹੋਇਆ ਸੀ, ਜੋ 2002 ਤੱਕ ਚੱਲਿਆ। ਉਨ੍ਹਾਂ ਦੇ ਦੋ ਬੱਚੇ ਜੁਨੈਦ ਅਤੇ ਇਰਾ ਖ਼ਾਨ ਹਨ। ਇਸ ਤੋਂ ਬਾਅਦ 2005 ਵਿੱਚ ਉਸ ਨੇ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ। ਸਾਲ 2021 ਵਿੱਚ ਦੋਵੇਂ ਵੱਖ ਹੋ ਗਏ ਸਨ, ਪਰ ਉਹ ਆਪਣੇ ਪੁੱਤਰ ਆਜ਼ਾਦ ਦਾ ਪਾਲਣ-ਪੋਸ਼ਣ ਮਿਲ ਕੇ ਕਰ ਰਹੇ ਹਨ। ਆਮਿਰ ਨੇ 2025 ’ਚ ਆਪਣੇ 60ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ।
Share this content:



Post Comment