‘ਆਪ’ ਸਰਕਾਰ ਔਰਤਾਂ ਨੂੰ 51 ਹਜ਼ਾਰ ਰੁਪਏ ਬਕਾਇਆ ਦੇਵੇ : ਢਿੱਲੋਂ
ਚੰਡੀਗੜ੍ਹ, 4 ਜੁਲਾਈ – ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਦਾ 51 ਮਹੀਨਿਆਂ ਦਾ ਪ੍ਰਤੀ ਔਰਤ 51 ਹਜ਼ਾਰ ਰੁਪਏ ਦਾ ਬਕਾਇਆ ਤੁਰੰਤ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 21 ਨਵੰਬਰ 2021 ਨੂੰ ਮੋਗਾ ਵਿੱਚ ਦਿੱਤੀ ਚੋਣ ਗਾਰੰਟੀ ਅਨੁਸਾਰ ਇਹ ਰਕਮ ਬਣਦੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਗਾਰੰਟੀ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਲਈ ਸੀ, ਜਿਸ ਦੇ ਦਾਇਰੇ ਵਿੱਚ ਸੂਬੇ ਦੀਆਂ 1.25 ਕਰੋੜ ਤੋਂ ਵੱਧ ਔਰਤਾਂ ਆਉਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਸਿਰਫ 36 ਲੱਖ ਮਹਿਲਾਵਾਂ ਨੂੰ ਹੀ ਇਹ ਰਾਸ਼ੀ ਦਿੱਤੀ ਗਈ ਹੈ, ਜਦਕਿ 89 ਲੱਖ ਤੋਂ ਵੱਧ ਔਰਤਾਂ ਇਸ ਲਾਭ ਤੋਂ ਵਾਂਝੀਆਂ ਹਨ।
ਅਕਾਲੀ ਦਲ ਦੇ ਲੀਗਲ ਵਿੰਗ ਦਾ ਜਨਰਲ ਸਕੱਤਰ ਭਾਜਪਾ ’ਚ ਸ਼ਾਮਲ
ਭਾਜਪਾ ਦੇ ਮੁੱਖ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਜਨਰਲ ਸਕੱਤਰ ਐਡਵੋਕੇਟ ਰਾਜੇਸ਼ ਰਾਣਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਰਾਜੇਸ਼ ਰਾਣਾ ਵਰਗੇ ਕਾਨੂੰਨੀ ਮਾਹਿਰ ਆਗੂ ਦੇ ਆਉਣ ਨਾਲ ਭਾਜਪਾ ਨੂੰ ਸੂਬੇ ਵਿੱਚ ਵੱਡੀ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ, ਲੀਗਲ ਸੈੱਲ ਦੇ ਮੁਖੀ ਐੱਨ ਕੇ ਵਰਮਾ, ਸੁਸ਼ੀਲ ਰਾਣਾ, ਰਾਜੀਵ ਸ਼ਰਮਾ ਅਤੇ ਸੰਜੂ ਰਾਣਾ ਵੀ ਮੌਜੂਦ ਸਨ।
Share this content:



Post Comment