ਜਮਹੂਰੀ ਅਧਿਕਾਰ ਸਭਾ ਨੇ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜਾ ਕੀਤਾ
*ਫਰਵਰੀ ਮਹੀਨੇ ਜਿਉਂਦ ਪਿੰਡ ਵਿਖ਼ੇ ਹੋਏ ਪੁਲਸ ਤਸ਼ੱਦਦ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਅਦਾਲਤੀ ਜਾਂਚ ਦੀ ਮੰਗ ਰੱਖੀ
ਬਠਿੰਡਾ, 26 ਜੂਨ – ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਨੇ ਫਰਵਰੀ ਮਹੀਨੇ ਬਠਿੰਡਾ ਜ਼ਿਲ੍ਹੇ ਦੇ ਜਿਉਂਦ ਪਿੰਡ ਵਿੱਚ ਹੋਏ ਪੁਲਿਸ ਤਸ਼ੱਦਦ ਦੀ ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਸਾਰੇ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਚਿੰਨਤ ਕਰਨ ਲਈ ਵਿਆਪਕ ਜਾਂਚ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਚ ਕਰਾਉਣ ਦੀ ਮੰਗ ਰੱਖੀ ਹੈ l ਸਭਾ ਨੇ ਪੁਲਿਸ ਵੱਲੋਂ ਪਿੰਡ ਦੇ ਧੁਰ ਅੰਦਰ ਜਾ ਕੇ ਸ਼ਾਂਤਮਈ ਸੰਘਰਸ਼ਸੀਲ ਕਿਸਾਨਾਂ ਉੱਪਰ ਕੀਤੇ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਜਾਂਚ ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਰਿਲੀਜ਼ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ18 ਫਰਵਰੀ 2026 ਨੂੰ ਜੇਲ ਵਿੱਚ ਇੱਕ ਸਾਲ ਤੋਂ ਬੰਦ ਆਪਣੇ ਦੋ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਲੈ ਕੇ ਬਠਿੰਡਾ ਜ਼ਿਲਾ ਪ੍ਰਸ਼ਾਸਨ ਅੱਗੇ ਧਰਨਾ ਲਾਉਣ ਦੀ ਵਿਉਂਤ ਕਰਦੇ ਸ਼ਾਂਤਮਈ ਕਿਸਾਨਾਂ ਉੱਤੇ ਐਸਐਸ ਪੀ ਬਠਿੰਡਾ ਦੀ ਅਗਵਾਈ ਵਿੱਚ ਆਈ ਪੁਲਿਸ ਨਫਰੀ ਨੇ ਬਿਨਾਂ ਕੋਈ ਅਗਾਊ ਵਾਰਨਿੰਗ ਦਿੱਤਿਆਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਰੋੜੇ ਮਾਰੇ ਜਿਸ ਕਾਰਨ ਇੱਕ ਨੌਜਵਾਨ ਪ੍ਰਨੀਤ ਸਿੰਘ ਦਾ ਹੱਥ ਫਟ ਗਿਆ ਅਤੇ ਕੁੱਟਮਾਰ ਕਰਕੇ ਇੱਕ ਹੋਰ ਨੌਜਵਾਨ ਦੀ ਲੱਤ ਤੋੜ ਦਿੱਤੀ l
ਅੱਥਰੂ ਗੈਸ ਨੇ ਭਾਰੀ ਮਾਤਰਾ ਚ ਜਾਨ-ਮਾਲ ਦਾ ਨੁਕਸਾਨ ਕੀਤਾ ਤੇ ਵੱਖ ਵੱਖ ਥਾਣਿਆਂ ਵਿੱਚ 400 ਦੇ ਕਰੀਬ ਅਣਪਛਾਤੇ ਵਿਅਕਤੀਆਂ ਉੱਪਰ ਪਰਚੇ ਦਰਜ ਕੀਤੇ ਗਏ l ਸਭਾ ਜਾਂਚ ਕਮੇਟੀ ਨੇ ਜਿੱਥੇ ਪਿੰਡ ਵਿੱਚ ਜਾ ਕੇ ਸਾਰੇ ਸਬੰਧਤ ਵਿਅਕਤੀਆਂ ਦੇ ਬਿਆਨ ਲਏ ਅਤੇ ਪੁਲਿਸ ਦਾ ਪੱਖ ਜਾਨਣ ਲਈ ਟੀਮ ਐਸ ਐਸ ਪੀ ਦਫਤਰ ਵੀ ਗਈ l ਪੁਲਿਸ ਅਨੁਸਾਰ ਜਿਉਂਦ ਦਾ ਮਸਲਾ ਅਸਲ ਵਿੱਚ ਜਮੀਨ ਦਾ ਮਸਲਾ ਹੈ l ਸਭਾ ਨੇ ਜਮੀਨੀ ਮਸਲੇ ਸਬੰਧੀ ਮੁਹਈਆ ਕਨੂੰਨੀ ਰਿਕਾਰਡ ਦੀ ਛਾਨਬੀਨ ਵੀ ਕੀਤੀ l ਸਭਾ ਦਾ ਮਤ ਬਣਿਆ ਹੈ ਕਿ ਆਪਣੇ ਸੰਘਰਸ਼ੀ ਦੋ ਸਾਥੀਆਂ ਨੂੰ ਰਿਹਾ ਕਰਾਉਣ ਲਈ ਵਿਉਂਤੇ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਲਈ ਸ਼ਾਂਤਮਈ ਢੰਗ ਨਾਲ ਇਕੱਤਰ ਹੋਣਾ ਕਿਸਾਨਾਂ ਦਾ ਜਮਹੂਰੀ ਹੱਕ ਹੈ,ਜਿਸ ਨੂੰ ਪੁਲਸ ਨੇ ਉਲੰਘਿਆ ਹੈ l ਕਿਸਾਨਾਂ ਨੂੰ ਸਬਕ ਸਿਖਾਉਣ ਲਈ ਗਿਣਮਿਥ ਕੇ ਭਾਰੀ ਪੁਲਸ ਨਫ਼ਰੀ ਨਾਲ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕੀਤਾ l ਜਖਮੀ ਹੋਏ ਨੌਜਵਾਨਾਂ ਬਾਰੇ ਪੁਲਿਸ ਦਾ ਬਿਰਤਾਂਤ ਝੂਠਾ ਹੈ। ਮਰਦ ਪੁਲਿਸ ਨੇ ਘਰਾਂ ਅੰਦਰ ਬੈਠੇ ਮਜ਼ਦੂਰਾਂ ਦੇ ਘਰਾਂ ਅੰਦਰੀ ਦੀ ਛੱਤਾਂ ਤੇ ਚੜ ਕੇ ਡਾਂਗਾਂ ਤੇ ਵਿਸ਼ੇਸ਼ ਕਿਸਮ ਦੀ ਜਹਿਰੀਲੀ ਅੱਥਰੂ ਗੈਸ ਛੱਡੇ ਕੇ ਭਾਰੀ ਨੁਕਸਾਨ ਕੀਤਾ ਅਤੇ ਔਰਤਾਂ ਨੂੰ ਭੱਦੀਆਂ ਗਾਲਾਂ ਦਿੱਤੀਆਂ l ਮਜ਼ਦੂਰਾਂ ਦੇ ਮਾਲ ਡੰਗਰ ਦਾ ਵੀ ਭਾਰੀ ਨੁਕਸਾਨ ਹੋਇਆ l
ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਮੌਜੂਦਾ ਕਾਰਪੋਰੇਟ ਨੀਤੀਆਂ ਤਹਿਤ ਲੋਕਾਂ ਦੇ ਜਿਉਣ ਦੇ ਵਸੀਲੇ ਤੇ ਕਿਰਤ ਕਮਾਈ ਨੂੰ ਹੜੱਪਨ ਚ ਅੜਿੱਕਾ ਬਣਦੇ ਹੋਣ ਕਰਕੇ ਹਾਕਮਾਂ ਨੂੰ ਚੁਭਦੇ ਹਨ l ਰਿਪੋਰਟ ਦੇ ਅੰਤ ਵਿੱਚ ਸਭਾ ਨੇ ਮੰਗ ਕੀਤੀ ਹੈ ਕਿ ਜਿਸ ਚਰਨਜੀਤ ਸਿੰਘ ਦੀ ਲੱਤ ਤੋੜੀ ਗਈ ਹੈ ਤੇ ਪ੍ਰਨੀਤ ਸਿੰਘ ਦਾ ਅਥਰੂ ਗੈਸ ਦੇ ਗੋਲੇ ਨਾਲ ਹੱਥ ਪਾਟਿਆ ਉਹਨਾਂ ਤੇ ਹੋਰ ਕਿਸਾਨਾਂ ਦੇ ਬਿਆਨਾਂ ਤੇ ਅਧਾਰਤ ਕਾਰਵਾਈ ਕਰਦਿਆਂ ਐਸਐਸਪੀ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਲੋਕਾਂ ਨੂੰ ਦਿੱਤਾ ਜਾਵੇ l ਗਿਣਮਿਥ ਕੇ ਕਿਸਾਨਾਂ ਤੇ ਜਬਰ ਕਰਨ ਦੀ ਵਿਉਂਤ ਬਣਾਉਣ ਵਾਲਿਆਂ ਨੂੰ ਚਿੰਨਤ ਕਰਨ ਲਈ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜੁਡੀਸ਼ਅਲ ਜਾਂਚ ਕਰਵਾਈ ਜਾਵੇ l ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਪੁਲਿਸ ਕਾਰਵਾਈਆਂ ਬੰਦ ਕੀਤੀਆਂ l ਹਲਵਾਹਕ ਕਿਸਾਨਾਂ ਦੇ ਜਮੀਨ ਮਾਲਕੀ ਦੇ ਸਿਆਸੀ ਤੇ ਸਮਾਜਿਕ ਹੱਕ ਨੂੰ ਕਾਨੂੰਨੀ ਤੌਰ ਤੇ ਪ੍ਰਵਾਨ ਕੀਤਾ ਜਾਵੇ। ਜਮੀਨ ਮਾਲਕੀ ਦੇਣ ਦੇ ਰਸਤੇ ਚ ਅੜਿੱਕਾ ਬਣਦੇ ਕਨੂੰਨਾਂ ਤੇ ਅਦਾਲਤੀ ਫੈਸਲਿਆਂ ਨੂੰ ਦੂਰ ਕਰਨ ਲਈ ਬਣਦੇ ਵਿਧਾਨਿਕ,ਕਾਨੂੰਨੀ ਤੇ ਪ੍ਰਸਾਸਕੀ ਕਦਮ ਚੁੱਕੇ ਜਾਣ l ਕਿਸਾਨਾਂ ਨਾਲ ਗੱਲਬਾਤ ਕਰਕੇ ਜਮਹੂਰੀ ਢੰਗ ਨਾਲ ਮਸਲੇ ਦਾ ਹੱਲ ਕੀਤਾ ਜਾਵੇ l ਜਾਂਚ ਕਮੇਟੀ ਮੈਂਬਰਾਂ ਵਿੱਚ ਪ੍ਰਧਾਨ ਪ੍ਰਿੰ ਬੱਗਾ ਸਿੰਘ ਐਡਵੋਕੇਟ ਸੁਦੀਪ ਸਿੰਘ,ਪ੍ਰਿੰ.ਰਣਜੀਤ ਸਿੰਘ,ਮਾਸਟਰ ਅਵਤਾਰ ਸਿੰਘ ਡਾ.ਅਜੀਤਪਾਲ ਸਿੰਘ, ਸੰਤੋਖ ਮੱਲਣ,ਪ੍ਰਿਤਪਾਲ ਸਿੰਘ ਪੁਸ਼ਪ ਲਤਾ,ਸੁਖਦੇਵ ਪਾਂਧੀ, ਮਨੋਹਰ ਦਾਸ,ਸਕਾਲਰ ਅਸ਼ਵਨੀ ਆਜ਼ਾਦ,ਸਿਕੰਦਰ ਧਾਲੀਵਾਲ,ਮੰਦਰ ਜੱਸੀ,ਐਡਵੋਕੇਟ ਬਿਸ਼ਨਦੀਪ ਕੌਰ,ਸੁਰਮਖ ਸੇਲਵਰਾ ਤੇ ਬੰਤ ਸਿੰਘ ਭੂੰਦੜ ਸ਼ਾਮਿਲ ਹਨ l
Share this content:



Post Comment