Loading Now

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ

ਭਾਰਤੀ ਚੋਣ ਕਮਿਸ਼ਨ ਦੇ ਤੀਜੇ ਗੇੜ ਦੇ ਪ੍ਰੋਗਰਾਮ ਤਹਿਤ ਪੰਜਾਬ ’ਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸੂਬੇ ਵਿੱਚ 24,453 ਬੀ ਐੱਲ ਓਜ਼ ਨੇ ਘਰ-ਘਰ ਜਾ ਕੇ ਫਾਰਮ ਵੰਡਣੇ ਸ਼ੁਰੂ ਕਰ ਦਿੱਤੇ ਹਨ। ਅੱਜ ਪਹਿਲੇ ਦਿਨ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਆਪਣੇ ਪਰਿਵਾਰ ਸਮੇਤ ਆਪਣਾ ਗਣਨਾ ਫਾਰਮ ਭਰਿਆ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਣਨਾ ਫਾਰਮ ਵੰਡਣ ਅਤੇ ਭਰਨ ਵਿੱਚ ਸਹਾਇਤਾ ਕਰਨ ਲਈ ਆਪਣੇ ਘਰਾਂ ਦਾ ਦੌਰਾ ਕਰਨ ਵਾਲੇ ਬੀ ਐੱਲ ਓਜ਼ ਨਾਲ ਸਹਿਯੋਗ ਕਰਨ।

ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਅੱਜ ਤੋਂ ਸ਼ੁਰੂ ਹੋ ਕੇ 24 ਜੁਲਾਈ ਤੱਕ ਜਾਰੀ ਰਹੇਗਾ, ਜਿਸ ਤਹਿਤ ਪੰਜਾਬ ਭਰ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਤੋਂ ਬਾਅਦ 3 ਅਗਸਤ ਨੂੰ ਵੋਟਰ ਸੂਚੀਆਂ ਦਾ ਡਰਾਫਟ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ ਪਹਿਲੀ ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਨਾਗਰਿਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਜੋ ਦਰੁਸਤ ਤੇ ਸੋਧੀਆਂ ਵੋਟਰ ਸੂਚੀਆਂ ਯਕੀਨੀ ਬਣ ਸਕਣ।

Share this content:

Post Comment