Loading Now

ਮੇਰੇ ਪਹਿਲੇ ਦਸਤਖ਼ਤ

ਮੇਰੇ ਪਹਿਲੇ ਦਸਤਖ਼ਤ

ਨਰਮਾ ਬੈਲਟ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਖੇਤਾਂ ’ਚ ਨਰਮੇ ਤੇ ਕਪਾਹ ਦੀ ਭਰਪੂਰ ਫ਼ਸਲ ਹੁੰਦੀ ਸੀ। ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਸਾਲ ਭਰ ਚੁੱਲ੍ਹਾ ਤਪਾਉਣ ਲਈ ਬਾਲਣ ਵਜੋਂ ਨਰਮੇ-ਕਪਾਹ ਦੀਆਂ ਛਟੀਆਂ ਆਮ ਹੀ ਮਿਲ ਜਾਂਦੀਆਂ ਸਨ। ਉਦੋਂ ਘਰਾਂ ਦੇ ਨੇੜੇ ਗਲੀਆਂ ਤੇ ਵਾੜਿਆਂ ਵਿੱਚ ਛਟੀਆਂ ਦੇ ਢੇਰ (ਪਚਾਸੇ) ਲੱਗੇ ਆਮ ਦਿਖਾਈ ਦਿੰਦੇ। ਪਾਥੀਆਂ ਦੇ ਗੁਹਾਰਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਹੁੰਦਾ। ਹਰ ਘਰ ਵਿੱਚ ਪਸ਼ੂ ਪਾਲੇ ਜਾਣ ਕਰਕੇ ਸੁਆਣੀਆਂ ਪਾਥੀਆਂ ਪੱਥਦੀਆਂ ਅਤੇ ਚੁੱਲ੍ਹੇ ਦੇ ਬਾਲਣ ਦਾ ਇੰਤਜ਼ਾਮ ਕਰਦੀਆਂ। ਪਿੰਡ ਵੜਦਿਆਂ ਹੀ ਦੂਰੋਂ ਪਾਥੀਆਂ ਦੇ ਵਾੜੇ ਅਤੇ ਗੁਹਾਰੇ ਨਜ਼ਰ ਆਉਣ ਲੱਗਦੇ ਸਨ। ਇਸੇ ਕਰਕੇ ਇਹ ਕਹਾਵਤ ਵੀ ਆਮ ਮਸ਼ਹੂਰ ਸੀ ‘ਪਿੰਡ ਦਾ ਤਾਂ ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ।’ ਉਸ ਸਮੇਂ ਨਾ ਤਾਂ ਗੈਸ ਖ਼ਤਮ ਹੋਣ ਦਾ ਕੋਈ ਝੰਜਟ ਸੀ ਨਾ ਸਿਲੰਡਰ ਭਰਾਉਣ ਦੀ ਦੌੜ-ਭੱਜ ਅਤੇ ਨਾ ਹੀ ਰੇਟ ਵਧਣ ਦੀ ਸਿਰਦਰਦੀ। ਆਲਮੀ ਪੱਧਰ ’ਤੇ ਛਿੜੀ ਕਿਸੇ ਜੰਗ ਕਾਰਨ ਘਰਾਂ ਦੇ ਚੁੱਲ੍ਹੇ ਠੰਢੇ ਹੋਣ ਦਾ ਕੋਈ ਸੰਕਟ ਜਾਂ ਡਰ ਨਹੀਂ ਸੀ ਹੁੰਦਾ।

ਘਰਾਂ ਦੀਆਂ ਔਰਤਾਂ ਰਸੋਈ ਦਾ ਸਾਰਾ ਕੰਮ ਦੇਸੀ ਬਾਲਣ ਨਾਲ ਚੁੱਲ੍ਹੇ ’ਤੇ ਹੀ ਨਿਬੇੜਦੀਆਂ ਸਨ। ਮਿੱਟੀ ਦੇ ਤੇਲ ਵਾਲੇ ਸਟੋਵ ਤਾਂ ਕਿਸੇ ਇੱਕਾ-ਦੁੱਕਾ ਘਰ ਵਿੱਚ ਹੀ ਹੁੰਦੇ ਸਨ। ਪਿੰਡਾਂ ਵਿੱਚ ਉਦੋਂ 24 ਘੰਟੇ ਬਿਜਲੀ ਸਪਲਾਈ ਨਾ ਹੋਣ ਕਰਕੇ, ਖ਼ਾਸ ਕਰਕੇ ਗਰਮੀ ਦੀਆਂ ਰਾਤਾਂ ਨੂੰ ਕਈ-ਕਈ ਘੰਟੇ ਬੱਤੀ ਗੁੱਲ ਹੋਣਾ ਆਮ ਵਰਤਾਰਾ ਸੀ। ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਕੱਚ ਦੇ ਅਧੀਏ ਦੇ ਢੱਕਣ ’ਚ ਸੁਰਾਖ ਕਰਕੇ ਅਤੇ ਸੂਤੀ ਕੱਪੜੇ ਦੀ ਬੱਤੀ ਵੱਟ ਕੇ ਦੇਸੀ ਦੀਵਾ ਬਣਾਇਆ ਜਾਂਦਾ ਸੀ। ਇਸ ਦੀਵੇ ਨੂੰ ਜਗਾਉਣ ਅਤੇ ਸਟੋਵ ਲਈ ਮਿੱਟੀ ਦੇ ਤੇਲ (ਕੈਰੋਸੀਨ) ਦੀ ਲੋੜ ਪੈਂਦੀ, ਜੋ ਪਿੰਡ ਦੇ ਸਰਕਾਰੀ ਡੀਪੂ ਤੋਂ ਸਸਤਾ ਤੇ ਆਸਾਨੀ ਨਾਲ ਮਿਲ ਜਾਂਦਾ ਸੀ। ਸਾਡੇ ਪਿੰਡ ਦਾ ਸਰਕਾਰੀ ਡੀਪੂ ਪਿੰਡ ਦੇ ਹੀ ਸੇਠ ਕੌਰ ਚੰਦ ਕੋਲ ਹੁੰਦਾ ਸੀ। ਉਹ ਬਹੁਤ ਹੀ ਨਿੱਘੇ ਸੁਭਾਅ ਦੇ ਸਿਆਣੇ ਇਨਸਾਨ ਸਨ ਅਤੇ ਅੱਗੇ ਉਨ੍ਹਾਂ ਦੇ ਬੱਚੇ ਵੀ ਬੇਹੱਦ ਸਾਊ ਤੇ ਸਲੀਕੇ ਵਾਲੇ ਸਨ। ਮੈਂ ਉਦੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ’ਚ ਪੜ੍ਹਦਾ ਸੀ।

ਉਨ੍ਹਾਂ ਦਿਨਾਂ ਵਿੱਚ ਮੈਂ ਨਵੇਂ-ਨਵੇਂ ਦਸਤਖ਼ਤ ਕਰਨੇ ਅਤੇ ਸਾਈਕਲ ਅੱਧੀ ਕੈਂਚੀ ਚਲਾਉਣਾ ਸਿੱਖਿਆ ਹੀ ਸੀ। ਮੇਰਾ ਮਨ ਦਸਤਖ਼ਤ ਕਰਨ ਅਤੇ ਅੱਧੀ ਕੈਂਚੀ ’ਤੇ ਸਾਈਕਲ ਭਜਾਉਣ ਲਈ ਹਮੇਸ਼ਾ ਕਾਹਲਾ ਰਹਿੰਦਾ ਤੇ ਇਹ ਕਰਨ ਲਈ ਮੈਂ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ। ਜਦੋਂ ਵੀ ਕਿਤੇ ਮੌਕਾ ਮਿਲਦਾ, ਮੈਨੂੰ ਦਸਤਖ਼ਤ ਕਰਨ ਦਾ ਇੰਨਾ ਚਾਅ ਹੁੰਦਾ ਜਿਵੇਂ ਕਿਸੇ ਗਜ਼ਟਿਡ ਅਫ਼ਸਰ ਨੂੰ ਪਹਿਲੀ ਵਾਰ ਹਰਾ ਪੈੱਨ ਚਲਾਉਣ ਦਾ ਮਾਣ ਮਿਲਿਆ ਹੋਵੇ।ਇਸੇ ਚਾਅ ਕਰਕੇ ਡੀਪੂ ਤੋਂ ਮਿੱਟੀ ਦਾ ਤੇਲ ਜਾਂ ਖੰਡ ਲਿਆਉਣ ਦੀ ਡਿਊਟੀ ਹਮੇਸ਼ਾ ਮੇਰੀ ਲਾਈ ਜਾਂਦੀ। ਮੈਂ ਵੀ ਦਸਤਖ਼ਤਾਂ ਦੇ ਚਾਅ ਵਿੱਚ ਬੋਰੀ ਦਾ ਝੋਲਾ ਸਾਈਕਲ ਦੇ ਹੈਂਡਲ ’ਤੇ ਟੰਗ ਕੇ ਅੱਧੀ ਕੈਂਚੀ ’ਤੇ ਪੈਡਲ ਮਾਰਦਾ ਹੋਇਆ ਇਹ ਡਿਊਟੀ ਪੂਰੇ ਫ਼ਖ਼ਰ ਨਾਲ ਨਿਭਾਉਂਦਾ। ਡੀਪੂ ਪਹੁੰਚਦਿਆਂ ਹੀ ਜਦੋਂ ਮੈਂ ਲੋੜੀਂਦੇ ਸਾਮਾਨ ਦਾ ਵੇਰਵਾ ਦਰਜ ਕਰਵਾਉਂਦਾ ਤਾਂ ਸੇਠ ਜੀ ਪੈਸੇ ਫੜਦੇ ਹੋਏ ਹਲਕੇ ਪੀਲੇ ਪੰਨਿਆਂ ਵਾਲਾ ਰਜਿਸਟਰ ਮੇਰੇ ਵੱਲ ਵਧਾ ਦਿੰਦੇ। ਉਸ ਰਜਿਸਟਰ ’ਤੇ ਦਸਤਖ਼ਤ ਤਾਂ ਗਿਣਤੀ ਦੇ ਦੋ-ਚਾਰ ਹੀ ਹੁੰਦੇ, ਬਾਕੀ ਸਾਰਾ ਸਫ਼ਾ ਟੇਢੇ-ਮੇਢੇ, ਹਲਕੇ ਤੇ ਭਾਰੇ ਅੰਗੂਠਿਆਂ ਦੇ ਨਿਸ਼ਾਨਾਂ ਨਾਲ ਭਰਿਆ ਹੁੰਦਾ ਸੀ। ਮੈਂ ਬੜੀ ਖ਼ੁਸ਼ੀ ਨਾਲ ਰਜਿਸਟਰ ’ਤੇ ਪੰਜਾਬੀ ਵਿੱਚ ਆਪਣੇ ਦਸਤਖ਼ਤ ਕਰਦਾ। ਉਸ ਵੇਲੇ ਮੈਨੂੰ ਅੰਦਰੋਂ ਐਨੀ ਖ਼ੁਸ਼ੀ ਤੇ ਤਸੱਲੀ ਮਿਲਦੀ ਜਿਵੇਂ ਮੈਂ ਸਰਕਾਰੀ ਰਜਿਸਟਰ ’ਤੇ ਸਾਈਨ ਕਰਕੇ ਕੋਈ ਬਹੁਤ ਵੱਡਾ ਮਾਅਰਕਾ ਮਾਰ ਲਿਆ ਹੋਵੇ। ਉਦੋਂ ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਾ ਰਹਿੰਦੀ ਅਤੇ ਮੈਂ ਚਾਅ ਨਾਲ ਫੁੱਲਿਆ ਹੋਇਆ ਤੇਲ ਦੀ ਬੋਤਲ ਤੇ ਖੰਡ ਚੁੱਕ ਕੇ ਘਰ ਨੂੰ ਮੁੜ ਆਉਂਦਾ।

Share this content:

Post Comment