ਹੱਸਦੀ ਫਿਰੇ, ਨਾਲੇ ਦੱਸਦੀ ਫਿਰੇ
ਮੰਡੀ, 8 ਜੁਲਾਈ – ਕੰਗਨਾ ਰਣੌਤ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦੀ ਫੇਰੀ ਦੌਰਾਨ ਕੀਤੀਆਂ ਟਿੱਪਣੀਆਂ ਲਈ ਨੁਕਤਾਚੀਨੀ ਹੋਣ ਲੱਗੀ ਹੈ। ਉਹ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਹੈ। ਆਪਣੇ ਸੰਸਦੀ ਹਲਕੇ ਵਿੱਚ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦੇ ਮੁਆਇਨੇ ਮਗਰੋਂ ਕੰਗਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜ਼ਾਕ ਵਿੱਚ ਕਿਹਾ ਕਿ ਉਸ ਕੋਲ ਆਫਤ ਰਾਹਤ ਪ੍ਰਦਾਨ ਕਰਨ ਲਈ ਕੋਈ ਅਧਿਕਾਰਤ ਕੈਬਨਿਟ ਰੈਂਕ ਜਾਂ ਫੰਡ ਨਹੀਂ ਹਨ। ਉਸ ਨੇ ਹੱਸਦੇ ਹੋਏ ਕਿਹਾ, ‘‘ਭਾਵੇਂ ਇਹ ਆਫਤ ਰਾਹਤ ਹੋਵੇ ਜਾਂ ਆਫਤ ਖੁਦ, ਮੇਰੇ ਕੋਲ ਕੋਈ ਅਧਿਕਾਰਤ ਕੈਬਨਿਟ ਰੈਂਕ ਨਹੀਂ ਹੈ। ਮੇਰੇ ਦੋ ਭਰਾ ਹਨ ਜੋ ਹਮੇਸ਼ਾ ਮੇਰੇ ਨਾਲ ਹਨ। ਇਹੀ ਮੇਰੀ ਕੈਬਨਿਟ ਹਨ।’’ ਉਸ ਨੇ ਅੱਗੇ ਕਿਹਾ ਕਿ ਸੰਸਦ ਮੈਂਬਰਾਂ ਦੀ ਭੂਮਿਕਾ ਸੀਮਤ ਹੁੰਦੀ ਹੈ ਤੇ ਉਨ੍ਹਾਂ ਇਸੇ ਦਾਇਰੇ ’ਚ ਰਹਿ ਕੇ ਕੰਮ ਕਰਨਾ ਹੁੰਦਾ ਹੈ। ਹਾਲਾਂਕਿ ਉਸ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪ੍ਰਭਾਵਤ ਲੋਕਾਂ ਤੱਕ ਮਦਦ ਪੁੱਜਦੀ ਕਰੇਗੀ।
ਉਸ ਨੇ ਆਪਣੀ ਪਾਰਟੀ (ਭਾਜਪਾ) ਦੇ ਨੇਤਾਵਾਂ ਅਤੇ ਸਰਕਾਰੀ ਟੀਮਾਂ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਬਾਰੇ ਦੱਸਿਆ। ਉਧਰ, ਕਾਂਗਰਸ ਨੇ ਕੰਗਨਾ ਰਣੌਤ ਦੀਆਂ ਉਪਰੋਕਤ ਟਿੱਪਣੀਆਂ ਦੀ ਇਕ ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਨ੍ਹਾਂ (ਟਿੱਪਣੀਆਂ) ਨੂੰ ‘ਅਸੰਵੇਦਨਸ਼ੀਲ’ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਮੰਡੀ ਦੇ ਲੋਕ ਬੱਦਲ ਫਟਣ ਦੀ ਆਫਤ ਮਗਰੋਂ ਜਦੋਂ ਦੁੱਖ-ਤਕਲੀਫਾਂ ਝੱਲ ਰਹੇ ਹਨ ਤਾਂ ਅਧਿਕਾਰਤ ਤਾਕਤ ਦੀ ਘਾਟ ਬਾਰੇ ਮਖੌਲ ਕਰਨਾ ਗੈਰਵਾਜਬ ਹੈ। ਕਾਂਗਰਸ ਤਰਜਮਾਨ ਸੁਪਿ੍ਰਆ ਸ੍ਰੀਨੇਤ ਨੇ ਭਾਜਪਾ ਸੰਸਦ ਮੈਂਬਰ ਦੀ ਜੰਮ ਕੇ ਨੁਕਤਾਚੀਨੀ ਕੀਤੀ ਹੈ।
Share this content:



Post Comment