ਵਿਸ਼ਵ ਆਬਾਦੀ ਦਿਵਸ ਅਤੇ ਸਾਡੀ ਦਸ਼ਾ/ਜਸਵਿੰਦਰ ਸਿੰਘ ਰੁਪਾਲ
ਹਰ ਸਾਲ 11 ਜੁਲਾਈ ਦਾ ਦਿਨ ਆਬਾਦੀ ਦੇ ਮਸਲਿਆਂ ਤੇ ਸੋਚਣ ਅਤੇ ਵਿਚਾਰਨ ਲਈ ਵਿਸ਼ਵ ਆਬਾਦੀ ਦਿਵਸ ਵਜੋਂ ਜਾਣਿਆ ਅਤੇ ਮਨਾਇਆ ਜਾਂਦਾ ਹੈ । ਯੂ.ਐਨ. ਓ. ਦੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ( ਯੂ. ਐਨ. ਡੀ. ਪੀ.) ਦੀ ਗਵਰਨਿੰਗ ਕੌਂਸਲ ਨੇ 1989 ਵਿਚ ਇਹ ਦਿਨ ਸਥਾਪਿਤ ਕੀਤਾ ਸੀ ਜਿਹੜਾ ਕਿ 11 ਜੁਲਾਈ 1987 ਵਿਚ ਵਿਸ਼ਵ ਆਬਾਦੀ ਦੇ 5 ਬਿਲੀਅਨ ਹੋਣ ਤੇ ਚਿੰਤਾ ਵਜੋਂ ਸੀ। ਅੱਜ ਇਹ ਆਬਾਦੀ 8.1 ਬਿਲੀਅਨ ਹੋ ਚੁੱਕੀ ਹੈ ਅਤੇ ਕੁਦਰਤੀ ਸੰਕਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕੇ ਹਨ। ਦਸੰਬਰ 1990 ਦੇ ਮਤੇ ਅਨੁਸਾਰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਵਿਸ਼ਵ ਆਬਾਦੀ ਦੇ ਵਾਤਾਵਰਣ ਅਤੇ ਵਿਕਾਸ ਦੇ ਮਸਲਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਇਸ ਦਿਨ ਨੂੰ ਲਗਾਤਾਰ ਮਨਾਏ ਜਾਣ ਦਾ ਫ਼ੈਸਲਾ ਕੀਤਾ ਸੀ। ਪਹਿਲੀ ਵਾਰ 11 ਜੁਲਾਈ 1990 ਨੂੰ 90 ਤੋਂ ਵਧੇਰੇ ਦੇਸ਼ਾਂ ਨੇ ਇਸ ਦਿਨ ਨੂੰ ਮਾਣਤਾ ਦਿੱਤੀ ਸੀ। ਯੂ. ਐਨ. ਓ.ਹਰ ਸਾਲ ਇਸ ਦਿਨ ਲਈ ਇੱਕ ਵਿਸ਼ਾ- ਥੀਮ ਦਿੰਦਾ ਹੈ, ਉਸ ਸਾਲ ਦੇ ਸਾਰੇ ਪ੍ਰੋਗਰਾਮ ਉਸ ਵਿਸ਼ੇ ਨੂੰ ਆਧਾਰ ਬਣਾ ਕੇ ਹੀ ਕੀਤੇ ਜਾਂਦੇ ਹਨ।
ਵਿਸ਼ਵ ਆਬਾਦੀ ਦਿਵਸ 2025 ਦਾ ਥੀਮ :- ਇਸ ਸਾਲ ਦਾ ਇਸ ਦਿਨ ਲਈ ਯੂ ਐਨ ਓ ਵਲੋਂ ਦਿੱਤਾ ਗਿਆ ਥੀਮ ਹੈ। –
” ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰ ਬਣਾਉਣ ਲਈ ਸਸ਼ਕਤ ਬਣਾਉਣਾ “
(Empowering Youth to Build The Families They Want)
ਘਟ ਰਹੀਆਂ ਵਿਸ਼ਵਵਿਆਪੀ ਪ੍ਰਜਣਨ ਦਰਾਂ ਨਾਲ ” ਜਨਸੰਖਿਆ ਦੇ ਪਤਨ” ਬਾਰੇ ਚਿਤਾਵਨੀਆਂ ਮਿਲ ਰਹੀਆਂ ਹਨ। ਪਰ ਸੰਯੁਕਤ ਰਾਸ਼ਟਰ ਆਬਾਦੀ ਫੰਡ(UNFPA) ਦੀ ਵਿਸ਼ਵ ਆਬਾਦੀ ਦੀ ਸਥਿਤੀ ਰਿਪੋਰਟ ਦਰਸਾਉਂਦੀ ਹੈ ਕਿ ਅਸਲ ਮੁੱਦਾ ਪ੍ਰਜਣਨ ਏਜੰਸੀ ਦੀ ਘਾਟ ਹੈ। ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ ,ਉਹ ਬੱਚੇ ਪੈਦਾ ਕਰਨ ਤੋਂ ਅਸਮਰੱਥ ਹਨ ਜੋ ਉਹ ਚਾਹੁੰਦੇ ਹਨ।
ਵਿਸ਼ਵ ਆਬਾਦੀ ਦਿਵਸ 2025 ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ। ਨੌਜਵਾਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪੀੜ੍ਹੀ ਤੇ ਕੇਂਦਰਿਤ ਕਰਦਾ ਹੈ। ਥੀਮ ” ਨੌਜਵਾਨਾਂ ਨੂੰ ਇੱਕ ਨਿਰਪੱਖ ਅਤੇ ਉਮੀਦ ਵਾਲੀ ਦੁਨੀਆਂ ਵਿਚ ਉਹ ਪਰਿਵਾਰ ਬਣਾਉਣ ਲਈ ਸਸ਼ਕਤ ਬਣਾਉਣਾ” ਇਹ ਯਕੀਨੀ ਬਣਾਉਣ ਦੀ ਮੰਗ ਕਰਦਾ ਹੈ ਕਿ ਨੌਜਵਾਨਾਂ ਕੋਲ ਆਪਣੇ ਭਵਿੱਖ ਨੂੰ ਆਕਾਰ ਦੇਣ ਲਈ ਅਧਿਕਾਰ, ਸਾਧਨ ਅਤੇ ਮੌਕੇ ਹੋਣ ।
ਨੌਜਵਾਨ ਪਹਿਲਾਂ ਹੀ ਤਬਦੀਲੀ ਲਿਆ ਰਹੇ ਹਨ ਪਰ ਆਰਥਿਕ ਅਸੁਰੱਖਿਆ, ਲਿੰਗ ਅਸਮਾਨਤਾ, ਸੀਮਤ ਸਿਹਤ ਸੰਭਾਲ, ਅਤੇ ਸਿੱਖਿਆ, ਜਲਵਾਯੂ ਵਿਘਨ ਅਤੇ ਟਕਰਾਅ ਵਰਗੀਆਂ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ । 14 ਦੇਸ਼ਾਂ ਦੇ 14000 ਤੋਂ ਵੱਧ ਲੋਕਾਂ ਦੇ UNFPA YouGov ਸਰਵੇਖਣ ਵਿੱਚ ਦੇਖਿਆ ਗਿਆ ਕਿ ਲੋਕ ਹੋਰ ਬੱਚੇ ਪੈਦਾ ਕਰਨਾ ਚਾਹੁੰਦੇ ਸਨ, ਪਰ ਸਮਾਜਿਕ, ਆਰਥਿਕ ਜਾਂ ਸਿਹਤ ਰੁਕਾਵਟਾਂ ਕਰਕੇ ਰੁਕੇ ਰਹੇ।
ਵਿਸ਼ਵਵਿਆਪੀ ਆਬਾਦੀ ਦੇ ਰੁਝਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਨੇਤਾਵਾਂ ਨੂੰ ਨੌਜਵਾਨਾਂ ਦੀਆਂ ਜ਼ਰੂਰਤਾਂ ਅਤੇ ਆਵਾਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹਨਾਂ ਨੂੰ ਸੇਵਾਵਾਂ ਨਾਲੋਂ ਉਮੀਦ, ਸਥਿਰਤਾ ਅਤੇ ਭਵਿੱਖ ਲਈ ਯੋਜਨਾਬੰਦੀ ਦੀ ਵਧੇਰੇ ਲੋੜ ਹੈ । ਜਿਵੇਂ ਕਿ ਇਕ ਨੌਜਵਾਨ ਨੇ ਅਨਫਪਾ ਨੂੰ ਦੱਸਿਆ ” ਨੌਜਵਾਨ ਸਿਰਫ ਆਪਣੇ ਭਵਿੱਖ ਦੇ ਬੱਚਿਆਂ ਬੇਰਿ ਹੀ ਨਹੀਂ ਸੌਚ ਰਹੇ। ਉਹ ਉਸ ਦੁਨੀਆਂ ਬਾਰੇ ਸੋਚ ਰਹੇ ਹਨ ਜੋ ਉਹਨਾਂ ਬੱਚਿਆਂ ਨੂੰ ਵਿਰਾਸਤ ਵਿਚ ਮਿਲੇਗੀ। ” ਉਹਨਾਂ ਦੇ ਅਧਿਕਾਰਾਂ ਦਾ ਸਮਰਥਨ ਕਰਨਾ ਟਿਕਾਊ ਵਿਕਾਸ, ਸ਼ਾਂਤੀ ਅਤੇ ਮਨੁੱਖੀ ਸਨਮਾਨ ਦੀ ਕੁੰਜੀ ਹੈ।”
ਐਂਨਟੋਨੀਓ ਗੁਟਰਿਸ ਦੇ ਸ਼ਬਦ ਹਨ–
“ਆਓ ਅਸੀਂ ਆਪਣੇ ਨੌਜਵਾਨਾਂ ਨਾਲ ਖੜ੍ਹੇ ਹੋਈਏ ਤਾਂ ਕਿ ਉਹ ਅਜਿਹਾ ਭਵਿੱਖ ਬਣਾ ਸਕਣ ਜਿਥੇ ਵਿਸ਼ਵ ਦਾ ਹਰ ਵਿਅਕਤੀ ਆਪਣੀ ਕਿਸਮਤ ਏਦਾਂ ਘੜ ਸਕੇ ਜਿਹੜੀ ਕਿ ਉੱਤਮ ,ਸ਼ਾਂਤੀਪੂਰਨ ਅਤੇ ਇੱਕ ਵਧੀਆ ਆਸ ਨਾਲ ਭਰੀ ਹੋਈ ਹੋਵੇ। “
– ਯੂ ਐਨ ਸਕੱਤਰ ਜਨਰਲ ਐਂਨਟੋਨੀਓ ਗੁਟਰਿਸ ਭਵਿੱਖ ਪ੍ਰਤੀ ਡਰ :- ਭਵਿੱਖ ਪ੍ਰਤੀ ਡਰ ਜਿਵੇਂ ਜਲਵਾਯੂ ਪਰਿਵਰਤਨ , ਵਾਤਾਵਰਣ ਵਿਗਾੜ, ਜੰਗਾਂ ਅਤੇ ਮਹਾਂਮਾਰੀ ਆਦਿ ਜਣਨ ਸੰਬੰਧੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਹੇਠ ਦਿੱਤੇ ਅੰਕੜੇ ਵਿਚਾਰਨਯੋਗ ਹਨ —
* ਲੱਗਭੱਗ 5 ਵਿਚੋਂ ਇੱਕ ਦਾ ਕਹਿਣਾ ਹੈ ਕਿ ਇਹਨਾਂ ਚਿੰਤਾਵਾਂ ਨੇ ਉਹਨਾਂ ਨੂੰ ਇੱਛਾ ਤੋਂ ਘੱਟ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ। ਆਰਥਿਕ ਕਾਰਜ ਜਿਸ ਵਿਚ ਰਿਹਾਇਸ਼, ਬੱਚਿਆਂ ਦੀ ਦੇਖਭਾਲ ਦੀਆਂ ਲਾਗਤਾਂ ਅਤੇ ਨੌਕਰੀ ਦੀ ਅਸੁਰੱਖਿਆ ਸ਼ਾਮਲ ਹੈ, ਪਰਿਵਾਰ ਦੇ ਆਕਾਰ ਤੇ ਮੁੱਖ ਸੀਮਾਵਾਂ ਹਨ।
* 39% ਨੇ ਵਿੱਤੀ ਮੁੱਦਿਆਂ ਦੀ ਰਿਪੋਰਟ ਕੀਤੀ ਹੈ ਜੋ ਉਹਨਾਂ ਦੀ ਲੋੜੀਂਦੀ ਗਿਣਤੀ ਵਿਚ ਬੱਚੇ ਪੈਦਾ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਬੱਚੇ ਪੈਦਾ ਕਰਨ ਦੀ ਵਿਸ਼ਵਵਿਆਪੀ ਔਸਤ ਉਮਰ ਵੀ ਵਧੀ ਹੈ ਅਤੇ ਹੁਣ ਇਹ 28 ਸਾਲ ਹੈ।
* ਪ੍ਰਜਣਨ ਉਮਰ ਦੇ ਲੱਗਭੱਗ 20% ਬਾਲਗ ਉਮੀਦ ਕਰਦੇ ਹਨ ਕਿ ਉਹ ਆਪਣੇ ਲੋੜੀਂਦੇ ਬੱਚੇ ਪੈਦਾ ਨਹੀਂ ਕਰ ਸਕਣਗੇ।
* 18% ਨੇ ਗਰਭ ਨਿਰੋਧ ਜਾਂ ਪ੍ਰਜਣਨ ਸੰਬੰਧਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਦੀ ਰਿਪੋਰਟ ਕੀਤੀ ਹੈ।
ਕਿਸੇ ਵੀ ਦਿਨ ਦਾ ਨਿਸ਼ਚਿਤ ਕੀਤੇ ਜਾਣਾ ਉਸ ਮਸਲੇ ਤੇ ਧਿਆਨ ਕੇਂਦਰਿਤ ਕਰਨ ਲਈ ਹੁੰਦਾ ਹੈ। ਹੁਣ ਆਪਾਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ । ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਸੰਸਾਰ ਵਿੱਚ ਆਬਾਦੀ ਪੱਖੋਂ ਭਾਰਤ ਦਾ ਦੂਸਰਾ ਸਥਾਨ ਹੈ। ਚੀਨ ਬੇਸ਼ੱਕ ਸੰਸਾਰ ਵਿਚ ਪਹਿਲੇ ਨੰਬਰ ਤੇ ਹੈ, ਪਰ ਜੇ ਅਸੀਂ ਖੇਤਰਫਲ ਦੇਖੀਏ ਅਤੇ ਜਨ-ਸੰਖਿਆ ਘਣਤਾ ਪੱਖ ਤੋਂ ਦੇਖੀਏ, ਤਾਂ ਭਾਰਤ ਦੀ 485 ਪ੍ਰਤੀ ਵਰਗਮੀਟਰ,, ਚੀਨ ਦੀ 149 ਪ੍ਰਤੀ ਵਰਗਮੀਟਰ ਤੋਂ ਕਿਤੇ ਉੱਪਰ ਹੈ। ਸੰਸਾਰ ਪੱਖ ਤੋਂ ਜਨ ਸੰਖਿਆ ਘਣਤਾ ਮੁਤਾਬਕ ਵੀ ਕੁੱਲ 195 ਦੇਸ਼ਾਂ ਵਿਚੋਂ ਸਾਡਾ ਨੰਬਰ 31ਵਾਂ ਹੈ, ਜੋ ਕਿ ਬਹੁਤ ਚੰਗਾ ਨਹੀਂ ਹੈ। ਘੱਟ ਥਾਂ ਤੇ ਵੱਧ ਵਿਅਕਤੀਆਂ ਦੇ ਰਹਿਣ ਕਾਰਨ ਸਮੱਸਿਆਵਾਂ ਦਾ ਨਿਤ ਦਿਨ ਵਧਦੇ ਜਾਣਾ ਆਮ ਗੱਲ ਹੀ ਹੈ। ਹਲਕੀ ਜਿਹੀ ਝਾਤ ਪਿਛਲੇ ਵਰ੍ਹਿਆਂ ਦੀ ਜਨ-ਸੰਖਿਆ ਤੇ ਮਾਰਨੀ ਗਲਤ ਨਹੀਂ ਹੋਏਗੀ। ਅਜਾਦੀ ਤੋਂ ਬਾਅਦ 1951 ਵਿਚ ਇਸ ਦੀ ਜਨ ਸੰਖਿਆ 361 ਮਿਲੀਅਨ ਸੀ, 1961 ਵਿਚ 439 ਮਿਲੀਅਨ, 1971 ਵਿੱਚ 548 ਮਿਲੀਅਨ, 1981 ਵਿੱਚ 683 ਮਿਲੀਅਨ, 1991 ਵਿਚ 846 ਮਿਲੀਅਨ, 2001 ਵਿਚ 1.028 ਬਿਲੀਅਨ, 2011 ਵਿਚ 1.210 ਬਿਲੀਅਨ, 2021 ਵਿਚ 1.402 ਬਿਲੀਅਨ ਅਤੇ ਹੁਣ ਜੁਲਾਈ 2024 ਵਿਚ ਇਹ 1.442 ਬਿਲੀਅਨ ਹੈ। ਜੇਕਰ ਵਾਧਾ ਦਰ ਵੱਲ ਨਿਗ੍ਹਾ ਮਾਰੀਏ ਤਾਂ ਜਿਥੇ ਇਹ 1950-60 ਸਮੇ 2% ਤੋਂ ਵੀ ਵੱਧ ਰਿਹਾ ਹੈ, ਤਸੱਲੀ ਦੀ ਗੱਲ ਹੈ ਕਿ ਆਖਰੀ ਦਹਾਕੇ ਵਿਚ ਇਹ 1% ਤੋਂ ਵੀ ਘੱਟ ਹੈ। ਪ੍ਰਜਣਨ ਦਰ ਪਹਿਲਾਂ 2.1 ਬੱਚੇ ਪ੍ਰਤੀ ਔਰਤ ਸੀ, ਉਹ ਹੁਣ ਘਟ ਕੇ 1.9 ਬੱਚੇ ਪ੍ਰਤੀ ਔਰਤ ਹੋ ਗਈ ਹੈ।
ਭਾਰਤ ਤੇ ਕੇਂਦਰਿਤ ਹੁੰਦਿਆਂ :-
ਹਰ ਦੇਸ਼ ਦੇ ਲੋਕਾਂ ਨੇ ਆਪਣੀ ਸੀਮਿਤ ਹੱਦ ਦੇ ਅੰਦਰ ਰਹਿਣਾ ਹੁੰਦਾ ਹੈ ਅਤੇ ਉਸੇ ਦੇਸ਼ ਵਿਚ ਮਿਲਦੇ ਸੀਮਿਤ ਸਾਧਨਾਂ ਤੋੰ ਹੀ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਭਾਰਤ ਦੀ ਅਬਾਦੀ 1.4 ਬਿਲੀਅਨ ਤੋਂ ਵੀ ਵੱਧ ਹੈ।ਕੁਦਰਤੀ ਹੈ ਕਿ ਜੇ ਸਾਡੇ ਕੋਲ ਸਾਧਨ ਘੱਟ ਹੋਣਗੇ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਵੱਧ ਹੋਣਗੇ ਤਾਂ ਦੇਸ਼ ਨੂੰ ਬੇਅੰਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਦੇਸ਼ ਦੀਆਂ ਉਹ ਮੁੱਖ ਸਮੱਸਿਆਵਾਂ ਜਿਨ੍ਹਾਂ ਦਾ ਮੁੱਢਲਾ ਕਾਰਨ ਅਸੀਂ ਆਬਾਦੀ ਨੂੰ ਮੰਨ ਸਕਦੇ ਹਾਂ, ਇਹ ਹਨ-
* ਸਾਧਨਾਂ ਦੀ ਘਾਟ :- ਵੱਧ ਆਬਾਦੀ ਨਾਲ ਸਾਡੇ ਕੁਦਰਤੀ ਖਜ਼ਾਨਿਆਂ ਤੇ ਜਿਆਦਾ ਬੋਝ ਪੈਂਦਾ ਹੈ। ਪਾਣੀ, ਰਹਿਣਯੋਗ ਅਤੇ ਖੇਤੀਯੋਗ ਜ਼ਮੀਨ ਅਤੇ ਊਰਜਾ ਉਹ ਮੁੱਖ ਸਾਧਨ ਹਨ, ਜਿਨ੍ਹਾਂ ਦੀ ਘਾਟ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਵੀ ਖਤਰੇ ਵਿਚ ਪੈ ਜਾਂਦੀਆਂ ਹਨ। ਜਮੀਨ ਨੇ ਤਾਂ ਹਰ ਰੋਜ ਘਟਣਾ ਹੀ ਹੈ, ਨਵੇਂ ਲੋਕਾਂ ਲਈ ਰਹਿਣ ਨੂੰ ਮਕਾਨ ਵੀ ਚਾਹੀਦੇ ਹਨ, ਸਕੂਲ, ਹਸਪਤਾਲ, ਸੜਕਾਂ, ਦਫਤਰ, ਆਦਿ ਦੀ ਉਸਾਰੀ ਨਾਲ ਵਧੇਰੇ ਜਮੀਨ ਦੀ ਵਰਤੋਂ ਹੋਏਗੀ, ਜਿਸ ਨਾਲ ਖੇਤੀ ਯੋਗ ਜਮੀਨ ਹੋਰ ਘਟੇਗੀ। ਇਸੇ ਤਰਾਂ ਪਾਣੀ ਅਤੇ ਊਰਜਾ ਦੀ ਵਧੇਰੇ ਖਪਤ ਦੀ ਲੋੜ, ਸਾਡੀਆਂ ਸਮੀਕਰਣਾਂ ਨੂੰ ਹਿਲਾ ਕੇ ਰੱਖ ਦੇਵੇਗੀ।
* ਬੁਨਿਆਦੀ ਸਹੂਲਤਾਂ ਦੀ ਘਾਟ :- ਖਾਸ ਕਰਕੇ ਸ਼ਹਿਰੀ ਆਬਾਦੀ ਇਸ ਸਮੇ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਦਬਾਅ ਹੇਠ ਆ ਰਹੀ ਹੈ। ਸ਼ਹਿਰਾਂ ਵਿਚ ਵਧੇਰੇ ਮਕਾਨ, ਵਧੇਰੇ ਆਵਾਜਾਈ ਅਤੇ ਸਾਫ ਸਫਾਈ ਰੱਖ ਸਕਣਾ ਔਖਾ ਹੋ ਰਿਹਾ ਹੈ।
* ਬੇਰੁਜਗਾਰੀ ਦੀ ਸਮੱਸਿਆ :– ਇਹ ਸਾਡੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ । ਕੰਮ ਕਰਨ ਵਾਲੇ ਮਜ਼ਦੂਰਾਂ ਵਿਚ ਹੋਇਆ ਵੱਡਾ ਵਾਧਾ ਬੇਰੁਜਗਾਰੀ, ਅਤੇ ਅਲਪ-ਰੁਜਗਾਰੀ ਦਾ ਕਾਰਨ ਬਣਦਾ ਹੈ। ਸਰਕਾਰ ਸਭ ਨੂੰ ਰੁਜ਼ਗਾਰ ਦੇਣ ਤੋਂ ਅਸਮਰੱਥ ਜਾਪਦੀ ਹੈ ਅਤੇ ਨਿੱਜੀ ਅਦਾਰੇ ਕਿਸੇ ਕਿਸਮ ਦੀ ਸੁਰੱਖਿਆ ਲਈ ਵਚਨਬੱਧ ਨਹੀਂ ਹੈ।
* ਸਿਹਤ ਅਤੇ ਸਿੱਖਿਆ :- ਕਿਸੇ ਵੀ ਦੇਸ਼ ਦੇ ਵਿਕਾਸ ਦਾ ਆਧਾਰ ਉਸ ਦੇਸ਼ ਦੇ ਨਾਗਰਿਕਾਂ ਦੀ ਚੰਗੀ ਸਿਹਤ ਅਤੇ ਪੜ੍ਹੇ ਲਿਖੇ ਹੋਣਾ ਹੁੰਦਾ ਹੈ। ਪਰ ਭਾਰਤ ਵੱਲ ਨਜ਼ਰ ਮਾਰੀਏ ਤਾਂ ਇਹਨਾਂ ਦੋਹਾਂ ਦੀ ਹਾਲਤ ਤਰਸਯੋਗ ਹੈ। ਇੱਕ ਪਲ ਲਈ ਗੁਣਵੱਤਾ ਨੂੰ ਪਰ੍ਹੇ ਵੀ ਕਰ ਕੇ ਸੋਚੀਏ, ਤਾਂ ਗਿਣਾਤਮਕ ਪੱਖ ਤੋਂ ਵੀ ਹਰ ਨਾਗਰਿਕ ਨੂੰ ਵਧੀਆ ਸਿਹਤ ਅਤੇ ਸਿੱਖਿਅਤ ਹੋਣ ਦਾ ਮੌਕਾ ਨਹੀਂ ਮਿਲ ਰਿਹਾ। ਸਰਕਾਰਾਂ ਦੇ ਕੀਤੇ ਜਾ ਰਹੇ ਯਤਨ ਊਠ ਦੇ ਮੂੰਹ ਵਿਚ ਜੀਰੇ ਵਾਲੀ ਗੱਲ ਲੱਗਦੀ ਹੈ। ਸਿਹਤ ਦੀ ਕੋਈ ਗਾਰੰਟੀ ਨਹੀਂ, ਕੋਈ ਬੀਮਾ ਕਰਾਉਣਾ ਜਰੂਰੀ ਨਹੀਂ, ਗੰਭੀਰ ਬਿਮਾਰੀਆਂ ਦੇ ਇਲਾਜ ਕਰਵਾਉਣਾ ਅਤੇ ਅਪਰੇਸ਼ਨ ਕਰਵਾਉਣਾ ਆਦਿ ਗਰੀਬ ਅਤੇ ਮੱਧ ਵਰਗ ਦੀ ਪਹੁੰਚ ਤੋਂ ਬਹੁਤ ਦੂਰ ਹਨ। ਆਬਾਦੀ ਦੇ ਅਨੁਪਾਤ ਵਿਚ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਬਹੁਤ ਹੀ ਘੱਟ ਹਨ। ਇਹੀ ਹਾਲ ਸਿੱਖਿਆ ਦਾ ਵੀ ਹੈ। ਉੱਚ ਸਿੱਖਿਆ ਤਾਂ ਦੇਸ਼ ਦੀ ਬਹੁਤ ਘੱਟ ਗਿਣਤੀ ਹੀ ਲੈ ਰਹੀ ਹੈ। ਜੇ ਗੁਣਵੱਤਾ ਵੱਲ ਆਈਏ ਤਾਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ ਹੈ। ਸਿੱਖਿਆ ਕਿੱਤਾਮੁਖੀ ਨਹੀਂ ਹੈ ਅਤੇ ਆਪਣਾ ਕੰਮ ਕਰਨ ਵੱਲ ਨਹੀਂ ਪ੍ਰੇਰਦੀ।
* ਗਰੀਬੀ :– ਵੱਧ ਆਬਾਦੀ ਅਤੇ ਘੱਟ ਰੁਜ਼ਗਾਰ ਤੋਂ ਗਰੀਬੀ ਪੈਦਾ ਹੁੰਦੀ ਹੈ। ਸਾਡੀ ਸਰਕਾਰ ਜਿਹੜੀ ਵੀ ਆਵੇ, ਉਸਦਾ ਵਧੇਰੇ ਜੋਰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਵੱਲ ਜਾਂਦਾ ਹੈ। ਲੋਕਾਂ ਨੂੰ ਵਧੇਰੇ ਕੰਮ ਦੇ ਮੌਕੇ ਦੇਣ ਅਤੇ ਮਜ਼ਦੂਰੀ ਦਰ ਵਿਚ ਸੁਧਾਰ ਲਿਆਉਣ ਵੱਲ ਨਹੀਂ। ਗਰੀਬ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਹੈ। ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਵਿਚਰ ਰਹੇ ਹਨ ਜਿਹਨਾਂ ਕੋਲ ਜਿੰਦਗੀ ਜਿਊਣ ਲਈ ਲੋੜੀਂਦੀ ਆਂ ਮੁਢਲੀਆਂ ਅਤੇ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ।
*ਵਾਤਾਵਰਣ ਪ੍ਰਦੂਸ਼ਣ :- ਵਧੇਰੇ ਆਬਾਦੀ ਨੇ ਵਧੇਰੇ ਵਸਤੂਆਂ ਅਤੇ ਊਰਜਾ ਦੀ ਖਪਤ ਕਰਨੀ ਹੈ। ਜਿਸ ਕਾਰਨ ਸਾਡੇ ਵਾਤਾਵਰਣ ਦਾ ਸੰਤੁਲਨ ਵਿਗੜ ਚੁੱਕਿਆ ਹੈ। ਹਵਾ ਪ੍ਰਦੂਸ਼ਣ ਅਤੇ ਪਾਣੀ ਦੇ ਪ੍ਰਦੂਸ਼ਣ ਨੇ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਅਤੇ ਇਹ ਲਗਾਤਾਰ ਜਾਰੀ ਹੈ।
*ਸਮਾਜਿਕ ਅਤੇ ਰਾਜਨੀਤਿਕ ਬੇਚੈਨੀ :- ਵੱਧ ਆਬਾਦੀ ਬਹੁਤ ਸਾਰੇ ਸਮਾਜਿਕ ਅਤੇ ਰਾਜਨੀਤਿਕ ਵਿਵਾਦਪੂਰਨ ਮਸਲਿਆਂ ਨੂੰ ਜਨਮ ਦਿੰਦੀ ਹੈ। ਵੱਡੇ ਆਕਾਰ ਦੀ ਵਿਵਿਧ ਜਨ ਸੰਖਿਆ ਨੂੰ ਇਕ ਸੂਤ ਵਿਚ ਪਰੋ ਰੱਖਣਾ ਆਸਾਨ ਨਹੀਂ ਹੁੰਦਾ। ਸਮਾਜਿਕ ਬੇਇਨਸਾਫੀਆਂ ਅਤੇ ਵਿਤਕਰੇ, ਸਾਧਨਾਂ ਦੀ ਵੰਡ, ਅਤੇ ਰਾਜਨੀਤਿਕ ਪ੍ਰਤੀਨਿਧਤਾ ਨੂੰ ਲੈ ਕੇ ਬਹੁਤ ਵੱਡੇ ਵਿਵਾਦ ,ਤਕਰਾਰ ਅਤੇ ਝਗੜੇ ਪੈਦਾ ਹੁੰਦੇ ਹਨ ਜਿਸ ਨਾਲ ਦੇਸ਼ ਵਿਚ ਸਮਾਜਿਕ ਅਤੇ ਰਾਜਨੀਤਿਕ ਅਸ਼ਾਂਤੀ ਫੈਲਦੀ ਹੈ।
ਇਹਨਾਂ ਸਾਰੇ ਮਸਲਿਆਂ ਨੂੰ ਹੱਲ ਕਰਨਾ ਅਤੇ ਵਧੀਆ ਅਤੇ ਸ਼ੁੱਧ ਵਾਤਾਵਰਣ ਨਾਲ ਆਰਥਿਕ ਤਰੱਕੀ ,ਸਮਾਜਿਕ ਅਤੇ ਰਾਜਨੀਤਿਕ ਸਥਿਰਤਾ ਬਣਾਈ ਰੱਖਣੀ ਇੱਕ ਵੱਡੀ ਚੁਣੌਤੀ ਬਣ ਕੇ ਸਾਡੇ ਸਾਹਮਣੇ ਖੜ੍ਹੀ ਹੈ। ਜੇ ਕਰਨ ਦੀ ਸੋਚੀਏ, ਅਸੰਭਵ ਕੁਝ ਵੀ ਨਹੀਂ ਹੁੰਦਾ, ਸਰਕਾਰਾਂ ਅਤੇ ਦੇਸ਼ ਦੇ ਆਮ ਨਾਗਰਿਕ ਮਿਲ ਕੇ ਬੈਠਣ, ਵਧੀਆ ਨੀਤੀਆਂ ਬਣਾਉਣ ਅਤੇ ਲੋਕ ਨਿੱਜੀ ਸਵਾਰਥਾਂ ਨੂੰ ਭੁੱਲ ਕੇ ਸਾਂਝੇ ਮਸਲਿਆਂ ਨੂੰ ਪਹਿਲ ਦੇਣ, ਸਰਕਾਰਾਂ ਵਿਕਾਸ ਪ੍ਰਾਜੈਕਟ ਵੱਲ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਚੰਗਾ ਸ਼ੁੱਧ ਵਾਤਾਵਰਣ ਦੇਣ ਦਾ ਨਿਸ਼ਚਾ ਕਰ ਲਵੇ, ਤਾਂ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।
ਕੁਝ ਸੁਝਾਅ ਜੋ ਇਸ ਸਮੱਸਿਆ ਨੂੰ ਦੂਰ ਕਰਕੇ ਦੇਸ਼ ਦੇ ਵਿਕਾਸ ਵਿਚ ਸਹਾਈ ਹੋ ਸਕਦੇ ਹਨ, ਹੇਠ ਲਿਖ ਰਹੇ ਹਾਂ —
* ਸਰਕਾਰ ਇੱਕ ਜਾਂ ਵੱਧ ਤੋਂ ਵੱਧ ਦੋ ਬੱਚਿਆਂ ਦਾ ਨਿਯਮ ਪੂਰੀ ਸਖਤੀ ਨਾਲ ਲਾਗੂ ਕਰੇ। ਕਿਸੇ ਧਰਮ, ਜਾਤ ,ਵਰਗ ਦੀ ਪਰਵਾਹ ਕੀਤੇ ਬਿਨਾਂ। ਵੱਧ ਬੱਚੇ ਹੋਣ ਦੀ ਸੂਰਤ ਵਿਚ ਵੱਡੀ ਮਾਤਰਾ ਵਿੱਚ ਜੁਰਮਾਨਾ ਲਗਾਇਆ ਜਾਵੇ। ਚੀਨ ਨੇ ਇਹ ਫਾਰਮੂਲਾ ਵਰਤ ਕੇ ਆਪਣੀ ਆਬਾਦੀ ਤੇ ਨਿਯੰਤਰਣ ਕੀਤਾ ਹੈ, ਅਸੀਂ ਕਿਉਂ ਨਹੀਂ ਕਰ ਸਕਦੇ। ਲੋਕਾਂ ਨੂੰ ਪਿਆਰ ਨਾਲ ਸਮਝਾ ਕੇ ਇਸ ਕੰਮ ਲਈ ਮਨਾਇਆ ਜਾ ਸਕਦਾ ਹੈ।
* ਸਾਧਨਾਂ ਦੀ ਠੀਕ ਵਰਤੋਂ, ਪਰਿਵਾਰ ਨਿਯੋਜਨ, ਖੁਦ ਵਸੀਲੇ ਬਣਾਉਣ ਅਤੇ ਮਿਲ ਕੇ ਰਹਿਣ ਦੀ ਵਧੇਰੇ ਸਿੱਖਿਆ ਅਤੇ ਜਾਗ੍ਰਤੀ ਦੀ ਲੋੜ ਹੈ।
* ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਸੰਕਟ-ਕਾਲੀਨ ਸਥਿਤੀ ਵਾਂਗ ਕੰਮ ਕੀਤਾ ਜਾਵੇ। ਪੱਛਮੀ ਮੁਲਕਾਂ ਵਿਚ ਆਪਣੇ ਘਰਾਂ ਵਿਚ ਦਰਖਤ ਲਗਾਉਣੇ, ਘਾਹ ਲਗਾਉਣਾ, ਉਸਨੂੰ ਸਾਫ ਕਰਨਾ ਆਦਿ ਸਭ ਜਰੂਰੀ ਹੈ। ਨਾ ਕੀਤੇ ਜਾਣ ਦੀ ਸੂਰਤ ਵਿਚ ਭਾਰੀ ਜੁਰਮਾਨੇ ਹਨ। ਭਾਰਤ ਵਿਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ ? ਜੇ ਇੱਕ ਦਰਖਤ ਕਿਤੇ ਕੱਟਣਾ ਪੈ ਵੀ ਜਾਵੇ, ਉਸ ਇੱਕ ਮਗਰ ਦਸ ਨਵੇਂ ਦਰਖਤ ਲਗਾਉਣੇ ਜਰੂਰੀ ਹੋਣ।
* ਮਕਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ ਮੰਜਲੇ ਮਕਾਨ ਬਣਾਉਣੇ ਜਰੂਰੀ ਕੀਤੇ ਜਾਣ। ਨਵੀ ਥਾਂ ਤੇ ਹਰ ਉਸਾਰੀ ਲਈ ਸਰਕਾਰ ਤੋੰ ਮਨਜ਼ੂਰੀ ਲੈਣੀ ਜਰੂਰੀ ਕਰ ਦਿਤੀ ਜਾਵੇ। ਸਰਕਾਰ ਇਹ ਯਕੀਨੀ ਬਣਾਵੇ ਕਿ ਖੇਤੀਯੋਗ ਜਮੀਨ ਨੂੰ ਇਸ ਲਈ ਨਾ ਵਰਤਿਆ ਜਾਵੇ।
* ਪਰਿਵਾਰਾਂ ਨੂੰ ਇੱਕਠੇ ਰੱਖਣ ਲਈ ਸਰਕਾਰ, ਸਮਾਜ, ਸਵੈ ਸੇਵੀ ਸੰਸਥਾਵਾਂ ਅਤੇ ਧਾਰਮਿਕ ਅਦਾਰੇ ਸਾਂਝੇ ਯਤਨ ਕਰਨ ਅਤੇ ਇਹ ਗੱਲ ਲੋਕਾਂ ਨੂੰ ਪੱਕੀ ਕਰਵਾਉਣ ਕਿ ਜਲਦੀ ਕੀਤੇ ਬੱਚੇ ਵੱਖਰਾ ਰਹਿਣਾ ਨਾ ਚਾਹੁਣ। ਸੰਯੁਕਤ ਪਰਿਵਾਰ ਤਾਂ ਸ਼ਾਇਦ ਦੁਬਾਰਾ ਲਿਆਉਣੇ ਵਧੇਰੇ ਔਖੇ ਹੋਣ, ਇੱਕ ਵਿਅਕਤੀ ਦਾ ਟੱਬਰ ਹੀ ਇੱਕਠਾ ਰੱਖਿਆ ਜਾ ਸਕੇ, ਉਹ ਵੀ ਕਾਫੀ ਹੋਏਗਾ। ਇੱਕਲੇ ਨੌਜਵਾਨ ਆਪਣੇ ਮਾਪਿਆਂ ਤੋਂ ਵੀ ਅੱਲਗ ਹੋ ਕੇ ਰਹਿੰਦੇ ਵੇਖੇ ਗਏ ਹਨ।
* ਬਾਕੀ ਮੁੱਖ ਮੁੱਦੇ ਸਿੱਖਿਆ ਅਤੇ ਸਿਹਤ ਠੀਕ ਹੋਣਗੇ । ਇਹਨਾਂ ਬਾਰੇ ਵਧੇਰੇ ਜਾਗ੍ਰਤੀ ਹੋਏਗੀ ਅਤੇ ਵਧੇਰੇ ਗੁਣਵੱਤਾ ਹੋਏਗੀ, ਤਾਂ ਲੋਕ ਆਪ ਹੀ ਬਹੁਤ ਸਮੱਸਿਆਵਾਂ ਸੁਲਝਾਉਣ ਦੇ ਯੋਗ ਹੋ ਜਾਣਗੇ।
* ਖੇਤੀਬਾੜੀ ਨੂੰ ਇੱਕ ਉਦਯੋਗ ਦੀ ਤਰਾਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ।
* ਸਰਕਾਰਾਂ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਮਾਏਦਾਰ ਜਮਾਤ ਦਾ ਇੱਕੋ ਇੱਕ ਮਨੋਰਥ ਲਾਭ ਕਮਾਉਣਾ ਹੁੰਦਾ ਹੈ। ਉਸ ਨੂੰ ਉਦਯੋਗ ਰਾਹੀਂ ਦੂਸ਼ਿਤ ਹੋ ਰਹੇ ਵਾਤਾਵਰਣ ਨਾਲ, ਵਿਗੜ ਰਹੀ ਲੋਕਾਂ ਦੀ ਸਿਹਤ ਨਾਲ ਅਤੇ ਲੋਕਾਂ ਦੇ ਕਿਰਦਾਰ ਵਿਚ ਆ ਰਹੀ ਗਿਰਾਵਟ ਦੀ ਕੋਈ ਚਿੰਤਾ ਨਹੀਂ ਹੁੰਦੀ। ਪਰ ਇੱਕ ਕਲਿਆਣਕਾਰੀ ਰਾਜ ਹਮੇਸ਼ਾ ਲੋਕਾਂ ਦੀ ਬਿਹਤਰੀ ਦਾ ਇੱਛਕ ਹੁੰਦਾ ਹੈ। ਜੇ ਸਾਡੇ ਰਾਜਨੀਤਿਕ ਨੇਤਾ ਆਪਣੀਆਂ ਕੁਰਸੀਆਂ, ਚੌਧਰਾਂ, ਮਾਇਆ ,ਸਵਾਰਥ ਵਰਗੀਆਂ ਭਾਵਨਾਵਾਂ ਤੋਂ ਉੱਚਾ ਉੱਠ ਕੇ ਦੇਸ਼ ਦੀ ਜਨਤਾ ਬਾਰੇ ਧੁਰ ਹਿਰਦੇ ਤੋਂ ਇਮਾਨਦਾਰੀ ਨਾਲ ਕੁਝ ਕਰਨਾ ਚਾਹੁਣਗੇ, ਤਾਂ ਪਾਰਟੀ ਜਿਹੜੀ ਮਰਜੀ ਹੋਵ, ਲੋਕ ਉਸ ਸਰਕਾਰ ਦਾ ਸਾਥ ਜਰੂਰ ਦੇਣਗੇ ਅਤੇ ਮਿਲ ਜੁਲ ਕੇ ਸਿਰ ਤੇ ਕੂਕਦੇ ਸੰਕਟ ਦਾ ਇਲਾਜ ਕਰ ਸਕਣਗੇ। ਅਸੀਂ ਹਮੇਸ਼ਾ ਚੰਗੇ ਦੀ ਹੀ ਆਸ ਰੱਖਦੇ ਹਾਂ। ਇਹਨਾਂ ਕਾਲੇ ਨ੍ਹੇਰਿਆਂ ਤੋਂ ਬਾਅਦ ਇੱਕ ਚਾਨਣ ਨੇ ਜਰੂਰ ਆਉਣਾ ਹੈ। ਆਓ, ਪੱਕਾ ਕਰੀਏ ਕਿ ਆਪਾਂ ਆਪਣਾ ਬਣਦਾ ਯੋਗਦਾਨ ਜਰੂਰ ਪਾਉਂਦੇ ਰਹੀਏ।

ਜਸਵਿੰਦਰ ਸਿੰਘ ਰੁਪਾਲ
Share this content:



Post Comment