ਜਲੰਧਰ ਦੇ ਮਸ਼ਹੂਰ ਸੀ.ਏ. ਦੇ ਘਰ ਤੇ ਦਫ਼ਤਰ ਵਿੱਚ ਈ.ਡੀ ਨੇ ਕੀਤੀ ਛਾਪੇਮਾਰੀ
ਜਲੰਧਰ, 9 ਜੂਨ – ਜਲੰਧਰ ਦੇ ਨਿਊ ਜਵਾਹਰ ਨਗਰ ਇਲਾਕੇ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹਲਚਲ ਮਚ ਗਈ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਇੱਕ ਚਾਰਟਰਡ ਅਕਾਊਂਟੈਂਟ ਦੇ ਨਿਵਾਸ ‘ਤੇ ਪਹੁੰਚੀ। ਟੀਮ ਵੱਲੋਂ ਘਰ ਅੰਦਰ ਦਸਤਾਵੇਜ਼ਾਂ ਅਤੇ ਹੋਰ ਰਿਕਾਰਡਾਂ ਦੀ ਜਾਂਚ ਕੀਤੀ ਗਈ, ਜਿਸ ਕਾਰਨ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਸੂਤਰਾਂ ਮੁਤਾਬਕ ਇਹ ਕਾਰਵਾਈ ਸਿਰਫ਼ ਜਲੰਧਰ ਤੱਕ ਸੀਮਿਤ ਨਹੀਂ ਸੀ, ਸਗੋਂ ਪੰਜਾਬ ਦੇ ਹੋਰ ਕਈ ਸਥਾਨਾਂ ‘ਤੇ ਵੀ ਈਡੀ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਜਾਂਚ ਦੇ ਅਸਲ ਕਾਰਨਾਂ ਅਤੇ ਇਸ ਨਾਲ ਜੁੜੇ ਵਿਅਕਤੀਆਂ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਖ਼ਾਸ ਗੱਲ ਇਹ ਰਹੀ ਕਿ ਪੂਰੀ ਕਾਰਵਾਈ ਨੂੰ ਬਹੁਤ ਹੀ ਗੁਪਤ ਢੰਗ ਨਾਲ ਅੰਜਾਮ ਦਿੱਤਾ ਗਿਆ। ਸਥਾਨਕ ਲੋਕਾਂ ਨੂੰ ਵੀ ਛਾਪੇਮਾਰੀ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਜਾਂਚ ਟੀਮ ਮੌਕੇ ‘ਤੇ ਪਹੁੰਚ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਕਾਰੋਬਾਰੀ ਵਰਗ ਵਿੱਚ ਵੀ ਕਾਫ਼ੀ ਚਰਚਾ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਈਡੀ ਦੀ ਟੀਮ ਨੇ ਜਲੰਧਰ ਦੇ ਕੁਝ ਸਿਆਸੀ ਆਗੂਆਂ ਨਾਲ ਸਬੰਧਤ ਥਾਵਾਂ ‘ਤੇ ਵੀ ਦਸਤਕ ਦਿੱਤੀ। ਹਾਲਾਂਕਿ ਇਸ ਸਬੰਧੀ ਵੀ ਕਿਸੇ ਸਰਕਾਰੀ ਏਜੰਸੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਈਡੀ ਪੰਜਾਬ ਵਿੱਚ ਕਈ ਹਾਈ-ਪ੍ਰੋਫਾਈਲ ਮਾਮਲਿਆਂ ਨੂੰ ਲੈ ਕੇ ਕਾਰਵਾਈ ਕਰ ਚੁੱਕੀ ਹੈ।
Share this content:


Post Comment