ICC ਵੱਲੋਂ ‘ਕ੍ਰਿਕਟ ਕੈਨੇਡਾ’ ਦੀ ਮੈਂਬਰੀ ਮੁਅੱਤਲ
ਨਵੀਂ ਦਿੱਲੀ, 2 ਜੂਨ – ਕੌਮਾਂਤਰੀ ਕ੍ਰਿਕਟ ਕੌਂਸਲ (ICC) ਦੇ ਬੋਰਡ ਨੇ ਅਹਿਮਦਾਬਾਦ (ਭਾਰਤ) ਵਿੱਚ ਹੋਈ ਆਪਣੀ ਮੀਟਿੰਗ ਵਿੱਚ ‘ਕ੍ਰਿਕਟ ਕੈਨੇਡਾ’ ਦੀ ਮੈਂਬਰੀ ਨੂੰ ਨਿਯਮਾਂ ਨੂੰ ਗ਼ੈਰ-ਜ਼ਿੰਮੇਵਾਰੀ ਨਾਲ ਨਿਭਾਉਣ ਅਤੇ ਉਲੰਘਣਾਵਾਂ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਪਰ ਖਿਡਾਰੀਆਂ ਦੇ ਹੌਸਲੇ ਤੋੜਨ ਤੋਂ ਗੁਰੇਜ਼ ਕਰਦਿਆਂ, ਉਨ੍ਹਾਂ ਨੂੰ ਮਿੱਥੇ ਹੋਏ ਮੈਚਾਂ ਵਿੱਚ ਖੇਡਦੇ ਰਹਿਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਕ੍ਰਿਕਟ ਕੈਨੇਡਾ ਆਪਣੀਆਂ ਰਾਸ਼ਟਰੀ ਟੀਮਾਂ ਲਈ ਵਿੱਤੀ ਸਰੋਤਾਂ ਵਜੋਂ ਇੱਕ ਹੱਦ ਤੱਕ ਪਹੁੰਚ ਬਣਾਈ ਰੱਖੇਗੀ, ਜਿਸ ਦੀ ਨਿਗਰਾਨੀ ਦਾ ਅਧਿਕਾਰ ਆਈਸੀਸੀ ਕੋਲ ਰਹੇਗਾ ਅਤੇ ਉਹ ਕਿਸੇ ਵੀ ਮੌਕੇ ਜਾਂਚ ਕਰ ਸਕੇਗੀ। ਆਈਸੀਸੀ ਵੱਲੋਂ ਉਲੰਘਣਾਵਾਂ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ। ਬੋਰਡ ਵੱਲੋਂ ਇਹ ਫ਼ੈਸਲਾ ਕ੍ਰਿਕਟ ਕੈਨੇਡਾ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਸੁਣਾਇਆ ਗਿਆ ਹੈ।
ਆਈਸੀਸੀ ਨੇ ਬਹਾਲੀ ਲਈ ਕੋਈ ਸਮਾਂ-ਸੀਮਾ ਨਿਰਧਾਰਤ ਨਾ ਕਰਦਿਆਂ ਕ੍ਰਿਕਟ ਕੈਨੇਡਾ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਮੈਂਬਰੀ ਬਹਾਲੀ ਲਈ ਸ਼ਰਤਾਂ ਅਤੇ ਨਿਯਮਾਂ ਦੀ ਸੂਚੀ ਦਿੱਤੀ ਜਾਵੇਗੀ, ਜਿਸ ਨੂੰ ਪੂਰਾ ਕੀਤੇ ਜਾਣ ਦੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਅਤੇ ਠੀਕ ਸਮਝੇ ਜਾਣ ’ਤੇ ਮੈਂਬਰੀ ਬਹਾਲ ਕਰ ਦਿੱਤੀ ਜਾਵੇਗੀ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੁਅੱਤਲੀ ਸਮੇਂ ਕ੍ਰਿਕਟ ਕੈਨੇਡਾ ਨੂੰ ਉਨ੍ਹਾਂ ਅਧਿਕਾਰਾਂ ਤੋਂ ਵਾਂਝਾ ਰਹਿਣਾ ਪਵੇਗਾ, ਜੋ ਉਸ ਨੂੰ ਸਮੇਂ-ਸਮੇਂ ‘ਤੇ ਕੌਮਾਂਤਰੀ ਬੋਰਡ ਵੱਲੋਂ ਮਿਲੇ ਹੋਏ ਸਨ।
ਵਿਵਾਦਾਂ ਦੇ ਘੇਰੇ ਵਿੱਚ ਸੰਸਥਾ
ਜ਼ਿਕਰਯੋਗ ਹੈ ਕਿ ਕ੍ਰਿਕਟ ਕੈਨੇਡਾ ਕੁਝ ਮਹੀਨਿਆਂ ਤੋਂ ਭ੍ਰਿਸ਼ਟਾਚਾਰ ਸਮੇਤ ਕਈ ਵਿਵਾਦਾਂ ਵਿੱਚ ਘਿਰੀ ਹੋਈ ਸੀ। ਲਾਰੈਂਸ ਬਿਸ਼ਨੋਈ ਵੱਲੋਂ ਫਿਰੌਤੀ ਦੀ ਮੰਗ, ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਦੇ ਦੋਸ਼ਾਂ ਸਮੇਤ ਇੱਕ ਵਿਅਕਤੀ ਦੀ ਹੱਤਿਆ ਅਤੇ ਕੁਝ ਅਹੁਦੇਦਾਰਾਂ ’ਤੇ ਗੋਲੀਬਾਰੀ ਹੋਈ ਸੀ। ਇੱਥੋਂ ਦੇ ਮੁੱਖ ਮੀਡੀਆ ਅਦਾਰੇ ਵੱਲੋਂ ਇਸ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਗਈ। ਉਦੋਂ ਤੋਂ ਹੀ ਕੈਨੇਡਾ ਸਰਕਾਰ ਵੱਲੋਂ ਇਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਸਮਝਿਆ ਜਾ ਰਿਹਾ ਹੈ ਕਿ ਆਈਸੀਸੀ ਦੇ ਇਸ ਫ਼ੈਸਲੇ ਨਾਲ ਕੈਨੇਡਾ ਸਰਕਾਰ ਦੀ ਵੀ ਸਹਿਮਤੀ ਹੈ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕੁਝ ਸਾਲਾਂ ਤੋਂ ਦੇਸ਼ ਵਿੱਚ ਉਭਰ ਰਹੀ ਇਸ ਖੇਡ ਦੀ ਕਮਾਂਡ ਸਹੀ ਅਤੇ ਸੁਰੱਖਿਅਤ ਹੱਥਾਂ ਨੂੰ ਸੌਂਪੀ ਜਾ ਸਕੇ।
ਖਿਡਾਰੀਆਂ ਵਿੱਚ ਚਿੰਤਾ
ਮੁਅੱਤਲੀ ਦੀ ਖ਼ਬਰ ਮਿਲਣ ਤੋਂ ਬਾਅਦ ਕਈ ਕ੍ਰਿਕਟ ਖਿਡਾਰੀਆਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਹੋਣ ਲੱਗੇ ਹਨ ਕਿ ਉਨ੍ਹਾਂ ਵੱਲੋਂ ਆਪਣੀ ਖੇਡ ਨਾਲ ਆਲਮੀ ਪੱਧਰ ’ਤੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤੇ ਜਾਣ ਲਈ ਕੀਤੇ ਜਾ ਰਹੇ ਯਤਨ ਸਫ਼ਲ ਵੀ ਹੋਣਗੇ ਜਾਂ ਉਨ੍ਹਾਂ ਦੇ ਸੁਪਨੇ ਕਿਤੇ ਬੁਣੇ-ਬੁਣਾਏ ਹੀ ਰਹਿ ਜਾਣਗੇ? ਹੁਣ ਵੇਖਣਾ ਹੋਵੇਗਾ ਕਿ ਕ੍ਰਿਕਟ ਕੈਨੇਡਾ ਕਿੰਨੀ ਤੇਜ਼ੀ ਨਾਲ ਆਈਸੀਸੀ ਕੋਲ ਪਹੁੰਚ ਕਰਕੇ ਆਪਣੀ ਮੈਂਬਰੀ ਬਹਾਲ ਕਰਵਾਉਣ ਅਤੇ ਆਪਣੇ ਖਿਡਾਰੀਆਂ ਦੇ ਮਨੋਬਲ ਨੂੰ ਕਾਇਮ ਰੱਖਣ ਵਿੱਚ ਸਫ਼ਲ ਹੁੰਦਾ ਹੈ।
Share this content:



Post Comment