ਹਾਈਕੋਰਟ ਨੇ ਪ੍ਰੀਖਿਆ ਕੰਟਰੋਲਰ ਦੀ ਬਦਲੀ ‘ਤੇ ਲਾਈ ਰੋਕ
ਪਟਿਆਲਾ, 21 ਮਈ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਸੁਣਵਾਈ ਦੌਰਾਨ ਅਨੁਭਵ ਵਾਲੀਆ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਬਦਲੀ ਦੇ ਹੁਕਮਾਂ ‘ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਹਾਰਾਜਾ ਭੂਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਮਰੇ ਦੀ ਸੀਸੀਟੀਵੀ ਫੁਟੇਜ ਅਤੇ ਆਡੀਓ ਰਿਕਾਰਡਿੰਗ ਨੂੰ ਸੁਰੱਖਿਅਤ ਰੱਖਣ ਦੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ। ਪਟੀਸ਼ਨਕਰਤਾ ਅਨੁਭਵ ਵਾਲੀਆ, ਜੋ ਕਿ ਯੂਨੀਵਰਸਿਟੀ ਵਿੱਚ ਪ੍ਰੀਖਿਆ ਕੰਟਰੋਲਰ ਦੇ ਅਹੁਦੇ ‘ਤੇ ਤਾਇਨਾਤ ਸਨ, ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ 5 ਮਈ 2026 ਨੂੰ ਵਾਈਸ ਚਾਂਸਲਰ ਵੱਲੋਂ ਜਾਰੀ ਕੀਤੇ ਗਏ ਉਨ੍ਹਾਂ ਦੀ ਬਦਲੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਬਦਲੀ ਤਹਿਤ ਉਨ੍ਹਾਂ ਨੂੰ ਗੁਰੂ ਨਾਨਕ ਸਰਕਾਰੀ ਕਾਲਜ, ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਸੀ।
ਅਦਾਲਤ ਵਿੱਚ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸਰਾਜੀਵ ਆਤਮਾ ਰਾਮ ਨਾਲ ਸਹਾਇਕ ਐਡਵੋਕੇਟ ਬ੍ਰਿਜੇਸ਼ ਖੋਸਲਾ ਨੇ ਦਲੀਲ ਦਿੱਤੀ ਕਿ ਇਹ ਬਦਲੀ ਨਿਯਮਾਂ ਦੇ ਉਲਟ ਅਤੇ ਕੈਡਰ ਤੋਂ ਬਾਹਰ ਕੀਤੀ ਗਈ ਹੈ ਪਟੀਸ਼ਨਕਰਤਾ ਨੂੰ ਜਿਸ ਕਾਲਜ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਉੱਥੋਂ ਦੇ ਕਾਰਜਕਾਰੀ ਪ੍ਰਿੰਸੀਪਲ ਦਾ ਰੈਂਕ ਅਤੇ ਤਨਖਾਹ ਪਟੀਸ਼ਨਕਰਤਾ ਨਾਲੋਂ ਕਾਫ਼ੀ ਘੱਟ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਨਮਿਤ ਕੁਮਾਰ ਨੇ ਹੇਠ ਲਿਖੇ ਹੁਕਮ ਜਾਰੀ ਕਰਦਿਆਂ ਅਨੁਭਵ ਵਾਲੀਆ ਦੀ ਬਦਲੀ ਦੇ ਹੁਕਮਾਂ ਦੇ ਅਮਲ ‘ਤੇ ਅਗਲੀ ਸੁਣਵਾਈ ਤੱਕ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ।ਅਦਾਲਤ ਨੇ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਵਾਈਸ ਚਾਂਸਲਰ ਦੇ ਕਮਰੇ ਦੀ 22 ਅਪ੍ਰੈਲ 2026 ਅਤੇ 4 ਮਈ 2026 ਦੀ ਸੀਸੀਟੀਵੀ ਫੁਟੇਜ ਅਤੇ ਆਡੀਓ ਰਿਕਾਰਡਿੰਗ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ। ਪੰਜਾਬ ਸਰਕਾਰ ਵੱਲੋਂ ਡੀ.ਏ.ਜੀ. ਸ਼੍ਰੀ ਸਵਪਨ ਸ਼ੋਰੇ ਨੇ ਨੋਟਿਸ ਸਵੀਕਾਰ ਕਰਦਿਆਂ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ। ਬਾਕੀ ਜਵਾਬਦੇਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਪਟੀਸ਼ਨਕਰਤਾ ਵੱਲੋਂ ਇਸ ਮਾਮਲੇ ਵਿੱਚ ਫਰਵਰੀ 2026 ਨੂੰ ਜਾਰੀ ਹੋਏ ਉਸ ਨੋਟੀਫਿਕੇਸ਼ਨ ਨੂੰ ਵੀ ਚੁਣੌਤੀ ਦਿੱਤੀ ਗਈ ਹੈ, ਜਿਸ ਤਹਿਤ ਪੁਸ਼ਪਿੰਦਰ ਸਿੰਘ ਗਿੱਲ ਨੂੰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ।
Share this content:



Post Comment