ਗੁਰੂ ਹਰਿਗੋਬਿੰਦ ਨਗਰ ਵਿਖੇ ਸੜਕਾਂ ਕਿਨਾਰੇ ਨਜਾਇਜ਼ ਕਬਜ਼ੇ ਹਟਾਉਣ ‘ਤੇ ਸ਼ਹਿਰੀਆਂ ਨੇ ਕੀਤੀ ਪ੍ਰਸ਼ਾਸ਼ਨ ਦੀ ਸ਼ਲਾਘਾ

ਫਗਵਾੜਾ, 4 ਜੁਲਾਈ ( ਏ.ਡੀ.ਪੀ. ਨਿਊਜ਼) ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਭੀੜ-ਭਾੜ ਵਾਲੀਆਂ ਸੜਕਾਂ ਦੇ ਕੰਢਿਆਂ ‘ਤੇ ਚਲਾਈ ਗਈ ਸਫ਼ਾਈ ਮੁਹਿੰਮ ਦੇ ਤਹਿਤ ਅੱਜ ਗੁਰੂ ਹਰਿਗੋਬਿੰਦ ਨਗਰ ਚੌਪਾਟੀ ਦੇ ਲਾਗੇ ਸੜਕਾਂ ‘ਤੇ ਲਗਾਈਆਂ ਰੇੜ੍ਹੀਆਂ -ਫੜ੍ਹੀਆਂ ਆਦਿ ਨੂੰ ਮਿਊਂਸੀਪਲ ਕਾਰਪਰੇਸ਼ਨ ਕਰਮਚਾਰੀਆਂ ਨੇ ਹਟਾਕੇ ਇਲਾਕਾ ਨਿਵਾਸੀਆਂ ਦੀ ਬਹੁਤ ਪੁਰਾਣੀ ਮੰਗ ਨੂੰ ਸਵੀਕਾਰ ਕੀਤਾ ਹੈ ਅਤੇ ਇਸ ਇਲਾਕੇ ਵਿੱਚੋਂ ਭੀੜ-ਭਾੜ ਪੈਦਾ ਕਰ ਰਹੀਆਂ ਇਹਨਾ ਅਸਥਾਈ ਰੇੜ੍ਹੀਆਂ ਅਤੇ ਹੋਰ ਮਲਬੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਨਗਰ ਨਿਗਮ ਦੀ ਕਮਿਸ਼ਨਰ ਡਾ: ਅਕਸ਼ਿਤਾ ਗੁਪਤਾ, ਮੇਅਰ ਅਤੇ ਹਲਕਾ ਇੰਚਾਰਜ ਹਰਜੀ ਮਾਨ ਵੱਲੋਂ ਪੂਰੇ ਸ਼ਹਿਰ ਦੀ ਸਫਾਈ ਲਈ ਚਲਾਈ ਜਾ ਰਹੀ ਮੁਹਿੰਮ ਦੀ ਪੁਰਜ਼ੋਰ ਸ਼ਲਾਘਾ ਹੋ ਰਹੀ ਹੈ। ਕਮਿਸ਼ਨਰ ਡਾ: ਗੁਪਤਾ ਦੇ ਆਦੇਸ਼ਾਂ ‘ਤੇ ਸਫਾਈ ਕਰਮਚਾਰੀ ਜਿਥੇ ਗਿੱਲੇ-ਸੁੱਕੇ ਕੂੜੇ ਦਾ ਪ੍ਰਬੰਧਨ ਕਰ ਰਹੇ ਹਨ, ਉਥੇ ਸ਼ਹਿਰ ਦੇ ਵੱਡੇ ਡੰਪਾਂ ਤੋਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਵੀ ਕੂੜਾ ਚੁੱਕਣ ਦਾ ਪ੍ਰਬੰਧ ਕਰ ਰਹੇ ਹਨ।
ਨਵੇਂ ਬਣੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵੱਲੋਂ ਫਗਵਾੜਾ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਦਾ ਜੋ ਬੀੜਾ ਚੁੱਕਿਆ , ਉਸ ਤਹਿਤ ਅੱਜ ਕਾਰਪੋਰੇਸ਼ਨ ਦੀ ਟੀਮ ਨੇ ਸਾਲਾਂ ਤੋਂ ਗੁਰੂ ਹਰਗੋਬਿੰਦ ਨਗਰ ਦੀ ਮੇਨ ਸੜਕ ਤੇ ਖੜੀਆਂ ਨਜਾਇਜ ਰੇਹੜੀਆਂ ਤੇ ਖੋਖੇ ਚੁਕਵਾਏ।

ਗੁਰੂ ਹਰਿਗੋਬਿੰਦ ਨਗਰ ਦੇ ਇਲਾਕਾ ਨਿਵਾਸੀਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਅਸ਼ੋਕ ਡਿਲੈਕਸ, ਮਨੋਜ ਮਿੱਢਾ ਆਦਿ ਨੇ ਮੇਅਰ, ਕਾਰਪੋਰੇਸ਼ਨ ਦੀ ਕਮਿਸ਼ਨਰ ਅਤੇ ਨੌਜਵਾਨ ਕਾਰਜਸ਼ੀਲ ਨੇਤਾ ਹਰਜੀ ਮਾਨ ਵੱਲੋਂ ਸ਼ਹਿਰ ਨੂੰ ਹਰਿਆ ਭਰਿਆ, ਪਲਾਸਟਿਕ ਲਿਫਾਫਾ ਰਹਿਤ ਬਣਾਉਣ, ਪਾਰਕਾਂ ਦੀ ਸੇਵਾ ਸੰਭਾਲ ਕਰਨ ਦੀ ਮੁਹਿੰਮ ਚਲਾਉਣ ਅਤੇ ਸ਼ਹਿਰ ਦੀਆਂ ਭੀੜ-ਭਾੜ ਵਾਲੀਆਂ ਥਾਵਾਂ ਦੀ ਸਫ਼ਾਈ ਕਰਨ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ।
ਉਹਨਾਂ ਹਲਕਾ ਇੰਚਾਰਜ ਹਰਜੀ ਮਾਨ, ਕਮਿਸ਼ਨਰ ਕਾਰਪੋਰੇਸ਼ਨ ਡਾ: ਅਕਿਸ਼ਤਾ ਗੁਪਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਾਫੀ ਵੱਡੇ ਹਸਪਤਾਲ ਇਸ ਏਰੀਏ ਵਿੱਚ ਹਨ। ਆਮ ਰਾਹਗੀਰਾਂ ਦੇ ਨਾਲ -ਨਾਲ ਐਂਬੂਲੈਂਸ ਦੀਆਂ ਗੱਡੀਆਂ ਵੀ ਇਹਨਾਂ ਨਜਾਇਜ਼ ਸੜਕ ਦੇ ਕਬਜ਼ਿਆਂ ਕਾਰਨ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ, ਜਿਸ ਕਾਰਨ ਮਰੀਜ਼ਾਂ ਨੂੰ ਤੇ ਆਮ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ ਤੇ ਹੁਣ ਕਾਫ਼ੀ ਸਾਲਾਂ ਬਾਅਦ ਨਿਜਾਤ ਮਿਲੀ ਹੈ।
ਉਹਨਾ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇ ਅਤੇ ਗਲੀ, ਮੁਹੱਲਿਆਂ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਸੰਭਾਲਣ ਦਾ ਪ੍ਰਬੰਧ ਵੀ ਕੀਤਾ ਜਾਵੇ।
Share this content:



Post Comment