4161 ਅਧਿਆਪਕ ਯੂਨੀਅਨ ਵੱਲੋਂ ਧਰਨਾ
ਐਸ.ਏ.ਐਸ ਨਗਰ, 12 ਮਈ – 4161 ਮਾਸਟਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਅੱਜ ਇਥੇ ਫੇਜ਼ ਅੱਠ ਦੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਵਿੱਚ ਜ਼ਿਆਦਾ ਮਹਿਲਾ ਅਧਿਆਪਕਾਵਾਂ ਸ਼ਾਮਲ ਸਨ। ਉਨ੍ਹਾਂ ਸਿੱਖਿਆ ਵਿਭਾਗ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 4161 ਮਾਸਟਰ ਕਾਡਰ ਦੀ ਭਰਤੀ ਦੀ ਪ੍ਰੀਖਿਆ ਅਗਸਤ 2022 ਵਿੱਚ ਲਈ ਗਈ ਸੀ। ਇਸ ਦਾ ਨਤੀਜਾ ਦਸੰਬਰ 2022 ਨੂੰ ਜਨਤਕ ਕੀਤਾ ਗਿਆ ਸੀ ਅਤੇ ਜਨਵਰੀ 2023 ਵਿੱਚ ਚੁਣੇ ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ। ਉੱਤਰ ਕੁੰਜੀ ਵਿੱਚ ਕੁਝ ਤਰੁੱਟੀਆਂ ਹੋਣ ਕਾਰਨ ਇਹ ਮਸਲਾ ਹਾਈ ਕੋਰਟ ਵਿੱਚ ਚਲਾ ਗਿਆ ਅਤੇ ਅਦਾਲਤ ਦੇ ਆਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਸਾਂਝੀ ਕਮੇਟੀ ਬਣਾ ਕੇ ਤਰੁੱਟੀਆਂ ਵਿਚਾਰਨ ਦਾ ਆਦੇਸ਼ ਦਿੱਤਾ ਗਿਆ।
ਮਾਹਿਰਾਂ ਵੱਲੋਂ ਤਰੁੱਟੀਆਂ ਕੱਢ ਕੇ ਦੁਬਾਰਾ ਨਵੀਂ ਉੱਤਰ ਕੁੰਜੀ ਬਣਾਈ ਗਈ। ਅਦਾਲਤ ਦੇ ਹੁਕਮਾਂ ਅਨੁਸਾਰ ਸੋਧੀ ਉੱਤਰ ਕੁੰਜੀ ਅਨੁਸਾਰ ਦੁਬਾਰਾ ਦੂਜੀ ਚੋਣ ਸੂਚੀ ਬਣਾਈ ਗਈ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸੋਧੀ ਦੂਜੀ ਸੂਚੀ ਅਨੁਸਾਰ ਸਾਰੇ ਅਧਿਆਪਕਾਂ ਨੂੰ 8 ਮਈ 2023 ਨੂੰ ਜੁਆਇਨਿੰਗ ਲੈਟਰ ਦੇ ਕੇ 9 ਮਈ 2023 ਨੂੰ ਜੁਆਇਨ ਕਰਵਾ ਲਿਆ ਗਿਆ। ਇਹ ਅਧਿਆਪਕ ਤਿੰਨ ਸਾਲਾਂ ਤੋਂ ਆਪਣੀ ਡਿਊਟੀ ਨਿਭਾਅ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਹੁਣ ਤਿੰਨ ਸਾਲਾਂ ਬਾਅਦ 300 ਦੇ ਕਰੀਬ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਦੂਜੀ ਸੋਧੀ ਹੋਈ ਉੱਤਰ ਕੁੰਜੀ ਰੱਦ ਕਰ ਕੇ ਪਹਿਲੀ ਤਰੁੱਟੀਆਂ ਵਾਲੀ ਉੱਤਰ ਕੁੰਜੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿੱਖਿਆ ਮੰਤਰੀ ਤੋਂ ਸੇਵਾਵਾਂ ਖ਼ਤਮ ਨਾ ਕਰਨ ਦੀ ਮੰਗ ਕੀਤੀ।
Share this content:



Post Comment