Loading Now

ਲੈਫਟੀਨੈਂਟ ਜਨਰਲ ਸੁਬਰਾਮਨੀ CDS ਅਤੇ ਸਵਾਮੀਨਾਥਨ ਨੇਵੀ ਚੀਫ਼ ਨਿਯੁਕਤ

ਲੈਫਟੀਨੈਂਟ ਜਨਰਲ ਸੁਬਰਾਮਨੀ CDS ਅਤੇ ਸਵਾਮੀਨਾਥਨ ਨੇਵੀ ਚੀਫ਼ ਨਿਯੁਕਤ

ਨਵੀਂ ਦਿੱਲੀ, 9 ਮਈ – ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਨੀ (ਸੇਵਾਮੁਕਤ) ਨੂੰ ਅਗਲਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਨਿਯੁਕਤ ਕੀਤਾ ਗਿਆ ਹੈ। ਉਹ ਜਨਰਲ ਅਨਿਲ ਚੌਹਾਨ ਦੀ ਜਗ੍ਹਾ ਲੈਣਗੇ ਜੋ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਨਾਲ ਹੀ ਸਰਕਾਰ ਨੇ ਮੌਜੂਦਾ ਪੱਛਮੀ ਨੇਵੀ ਕਮਾਂਡਰ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਜਗ੍ਹਾ ਲੈਣਗੇ ਜੋ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਦੋਵੇਂ ਨਿਯੁਕਤੀਆਂ ਸ਼ਨਿਚਰਵਾਰ ਸਵੇਰੇ ਐਲਾਨੀਆਂ ਗਈਆਂ।

ਸੀਡੀਐੱਸ ਦੀ ਨਿਯੁਕਤੀ ਬਾਰੇ ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਜਨਰਲ ਸੁਬਰਾਮਨੀ “ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।” ਮੌਜੂਦਾ ਨਿਯਮਾਂ ਅਨੁਸਾਰ ਸੀਡੀਐਸ 65 ਸਾਲ ਦੀ ਉਮਰ ਤੱਕ ਸੇਵਾ ਨਿਭਾਉਂਦਾ ਹੈ। ਨਾਲ ਹੀ ਸਰਕਾਰ ਲੈਫਟੀਨੈਂਟ ਜਨਰਲ ਰੈਂਕ ‘ਤੇ ਸੇਵਾ ਨਿਭਾ ਚੁੱਕੇ ਸੇਵਾਮੁਕਤ ਅਧਿਕਾਰੀਆਂ ਨੂੰ ਸੀਡੀਐੱਸ ਵਜੋਂ ਨਿਯੁਕਤ ਕਰ ਸਕਦੀ ਹੈ। ਲੈਫਟੀਨੈਂਟ ਜਨਰਲ ਸੁਬਰਾਮਨੀ ਨੇ ਅਤੀਤ ਵਿੱਚ ਸੈਂਟਰਲ ਆਰਮੀ ਦੀ ਕਮਾਂਡ ਸੰਭਾਲੀ ਹੈ—ਜਿਸ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਲਾਈਨ ਆਫ਼ ਐਕਚੁਅਲ ਕੰਟਰੋਲ (LAC) ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਸੀਡੀਐੱਸ ਵਜੋਂ ਨਿਯੁਕਤ ਹੋਣ ਤੋਂ ਬਾਅਦ,ਉਹ ਸੈਨਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਨੀ ਇਸ ਵੇਲੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਵਿੱਚ ਮਿਲਟਰੀ ਸਲਾਹਕਾਰ ਹਨ ਅਤੇ ਪਿਛਲੇ ਸਾਲ 1 ਸਤੰਬਰ ਨੂੰ ਉਨ੍ਹਾਂ ਨੇ ਚਾਰਜ ਸੰਭਾਲਿਆ ਸੀ। ਲੈਫਟੀਨੈਂਟ ਜਨਰਲ ਸੁਬਰਾਮਨੀ 14 ਦਸੰਬਰ 1985 ਨੂੰ ਗੜ੍ਹਵਾਲ ਰਾਈਫਲਜ਼ ਦੀ 8ਵੀਂ ਬਟਾਲੀਅਨ ਵਿੱਚ ਕਮਿਸ਼ਨਡ ਹੋਏ ਸਨ। 

Share this content:

Post Comment