Loading Now

ਬੁੱਧ ਬਾਣ/ਚੰਡੀਗੜ੍ਹ ਕੋਠੀ ਪਾ ਦੇ ਵੇ ਪਿੰਡਾਂ ਵਿੱਚ ਉਡਦੀ ਧੂੜ ਵੇ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਚੰਡੀਗੜ੍ਹ ਕੋਠੀ ਪਾ ਦੇ ਵੇ ਪਿੰਡਾਂ ਵਿੱਚ ਉਡਦੀ ਧੂੜ ਵੇ/ਬੁੱਧ ਸਿੰਘ ਨੀਲੋਂ

ਪੰਜਾਬੀ ਮਨ ਦੀਆਂ ਭਾਵਨਾਵਾਂ ਨੂੰ ਪੜ੍ਹਨਾ ਤੇ ਸਮਝਣਾ ਸੌਖਾ ਨਹੀਂ। ਜਿਹੜੇ ਲੋਕ ਮਨ ਨੂੰ ਪੜ੍ਹਨਾ ਤੇ ਵਰਤਣਾ ਜਾਣਦੇ ਹਨ, ਉਹ ਆਮ ਬੰਦੇ ਨਹੀਂ ਹੁੰਦੇ, ਉਹਨਾਂ ਕੋਲ ਸ਼ਬਦਾਂ ਦਾ ਜਾਦੂ ਹੁੰਦਾ ਹੈ। ਉਹ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਉਂਗਲਾਂ ਤੇ ਨਚਾਉਣਾ ਜਾਣਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸੁਣੋਂ ਸਭ ਕੁੱਝ ਕਰੋ ਆਪਣੇ ਮਨ ਨੂੰ ਜੋ ਚੰਗਾ ਲੱਗਦਾ ਹੈ। ਸਮਾਜ ਵਿੱਚ ਮੁਫ਼ਤ ਦੀਆਂ ਸਲਾਹਾਂ ਦੇਣ ਵਾਲਿਆਂ ਦੀ ਭੀੜ ਹੁੰਦੀ ਹੈ। ਪਰ ਭੀੜ ਪੈਣ ਤੇ ਕੋਈ ਸਲਾਹ ਦੇਣ ਵਾਲਾ ਨਹੀਂ ਖੜ੍ਹਦਾ। ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਖ਼ਤਰੇ ਤੋਂ ਬਚਣ ਲਈ ਜਾਗਰੂਕ ਕਰਨ ਵਾਲੇ ਉਹ ਹਨ, ਜੀਹਨਾਂ ਦੇ ਘਰਾਂ ਵਿੱਚ ਪੰਜਾਬੀ ਬੋਲਣ ਤੋਂ ਗ਼ੁਰੇਜ਼ ਕੀਤਾ ਜਾਂਦਾ ਹੈ। ਉਹ ਮਿਕਸ ਸਬਜ਼ੀ ਵਰਗੀ ਬੋਲੀ ਬੋਲਦੇ ਹਨ। ਉਹਨਾਂ ਦੇ ਬੱਚੇ ਕੌਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ, ਉਹ ਨੌਕਰੀਆਂ ਸਰਕਾਰੀ ਚਾਹੁੰਦੇ ਹਨ। ਹੈ ਨਾ ਉਲਟੀ ਗੰਗਾ ਪਹੇਵੇ ਵੱਲ ਨੂੰ।

ਪਿਛਲੇ ਸਮਿਆਂ ਤੋਂ ਪੰਜਾਬ ਦੇ ਪਿੰਡਾਂ ਤੋਂ ਲੋਕ ਸ਼ਹਿਰਾਂ ਤੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਕੇ ਜਾਂ ਰਹੇ ਹਨ। ਪਿੰਡਾਂ ਵਿੱਚ ਉਹ ਲੋਕ ਵਸਦੇ ਹਨ ਜੀਹਨਾਂ ਕੋਲ ਸ਼ਹਿਰਾਂ ਵਿੱਚ ਰਹਿਣ ਲਈ ਆਰਥਿਕ ਸਾਧਨ ਨਹੀਂ। ਉਹਨਾਂ ਵਾਸਤੇ ਪਿੰਡ ਤੋਂ ਬਾਹਰ ਰਹਿਣਾ ਔਖਾ ਹੈ। ਮਿਡਲ ਕਲਾਸ ਤੇ ਸਰਕਾਰੀ ਨੌਕਰੀ ਪੇਸ਼ੇ ਨਾਲ ਜੁੜੇ ਕਰਮਚਾਰੀ ਤੇ ਅਧਿਕਾਰੀ ਤਾਂ ਪਿੰਡ ਰਹਿਣਾ ਪਸੰਦ ਨਹੀਂ ਕਰਦੇ।
ਪਹਿਲਾਂ ਸਿਆਣੇ ਆਖਦੇ ਸਨ, ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ, ਖਾਈਏ ਕਣਕ ਭਾਵੇਂ ਹੋਵੇ ਜ਼ਹਿਰ।

ਹੁਣ ਤਾਂ ਹਰ ਕੋਈ ਜ਼ਹਿਰ ਖਾ ਰਿਹਾ ਹੈ, ਉਹ ਭਾਵੇਂ ਪਿੰਡ ਵਿੱਚ ਵਸਦਾ ਹੈ ਜਾਂ ਸ਼ਹਿਰ ਵਿੱਚ। ਵੀਹ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਫਸਲਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਦਾ ਅਸਰ ਆਉਣਾ ਸ਼ੁਰੂ ਹੋ ਗਿਆ ਹੈ। ਹੁਣ ਤਾਂ ਸਪਰੇਅ ਤੇ ਟੀਕੇ ਤੋਂ ਬਗ਼ੈਰ ਕੋਈ ਫ਼ਸਲ ਨਹੀਂ ਹੁੰਦੀ। ਖਾਣ ਪੀਣ ਵਾਲੀਆਂ ਸਬਜ਼ੀਆਂ ਤੇ ਫਲਾਂ ਦਾ ਉਤਪਾਦਨ ਇਹਨਾਂ ਦਵਾਈਆਂ ਨਾਲ ਹੁੰਦਾ ਹੈ। ਕੁਦਰਤੀ ਖੇਤੀ ਦਾ ਰੁਝਾਨ ਖ਼ਤਮ ਹੋ ਗਿਆ ਹੈ।

ਪਹਿਲਾਂ ਕੇਂਦਰ ਸਰਕਾਰ ਨੇ ਜ਼ਮੀਨਾਂ ਉੱਪਰ ਕਬਜ਼ਾ ਕਰਨ ਲਈ ਖੇਤੀਬਾੜੀ ਦੇ ਤਿੰਨ ਕਾਨੂੰਨ ਲਿਆਂਦੇ। ਜਦੋਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਦਾ ਪਤਾ ਲੱਗਿਆ ਤਾਂ ਉਹਨਾਂ ਪਹਿਲਾਂ ਨੁੱਕੜ ਮੀਟਿੰਗਾਂ ਕੀਤੀਆਂ ਤੇ ਫੇਰ ਦਿੱਲੀ ਨੂੰ ਰਵਾਨਾ ਹੋ ਗਏ। ਹਰਿਆਣਾ ਦੀ ਸਰਹੱਦ ਤੇ ਉਹਨਾਂ ਦਾ ਹਰਿਆਣਾ ਪੁਲਿਸ ਨੇ ਚੰਗਾ ਸਵਾਗਤ ਕਰਦਿਆਂ ਇਹਨਾਂ ਨੂੰ ਹਰਿਆਣਾ ਵਿੱਚ ਵੜਨ ਤੋਂ ਰੋਕਿਆ। ਉਧਰ ਹਰਿਆਣਾ ਦੇ ਕਿਸਾਨਾਂ ਨੇ ਆ ਕੇ ਇਹਨਾਂ ਦਾ ਰਸਤਾ ਸਾਫ਼ ਕੀਤਾ। ਕਿਸਾਨ ਜਥੇਬੰਦੀਆਂ ਦਿੱਲੀ ਪੁਜ ਗਈਆਂ। ਸਵਾ ਸਾਲ ਕਿਸਾਨ ਜਥੇਬੰਦੀਆਂ ਦਾ ਮੋਰਚਾ ਚੱਲਿਆ। ਸਾਢੇ ਸੱਤ ਸੌ ਕਿਸਾਨ ਸ਼ਹੀਦ ਹੋਏ। ਉਥੇ ਕਿਸਾਨ ਜਥੇਬੰਦੀਆਂ ਨੇ ਨਾਅਰਾ ਇਹ ਲਗਾਇਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪਰ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਤਾਂ ਕੀ ਕਰਨੀ ਸੀ, ਕਿਸੇ ਨੇ ਗੱਲ ਨਹੀਂ ਕੀਤੀ। ਉਧਰ ਕੇਂਦਰ ਸਰਕਾਰ ਨੇ ਮਜ਼ਦੂਰ ਬਿੱਲ ਪਾਸ ਕਰਕੇ ਮਜ਼ਦੂਰਾਂ ਦੀ ਮੰਜੀ ਠੋਕ ਦਿੱਤੀ। ਉਦੋਂ ਦੀ ਅੱਕੀ ਹੋਈ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪੰਜੀ ਦਾ ਭੌਣ ਦਿਖਾਉਣ ਦਾ ਫੈਸਲਾ ਕਰ ਲਿਆ। ਹੁਣ ਉਹ ਗਾਹੇ ਵਗਾਹੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਬਹਾਨਾ ਲੱਭਦੀ ਹੈ।

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦੀ ਨੀਤੀ ਲਿਆਂਦੀ। ਉਹਨਾਂ ਦਾ ਮਕਸਦ ਵੀ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਮੁਜਾਰੇ ਬਣਾਉਣਾ ਸੀ। ਪੰਜਾਬ ਦੇ ਲੋਕਾਂ ਨੇ ਜੱਥੇਬੰਦਕ ਹੋ ਕੇ ਇਸ ਦਾ ਵਿਰੋਧ ਕੀਤਾ। ਪੰਜਾਬ ਸਰਕਾਰ ਨੂੰ ਇਹ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਜਦੋਂ ਤੋਂ ਵੀਹ ਸੌ ਵੀਹ ਚੜ੍ਹਿਆ ਹੈ, ਉਦੋਂ ਤੋਂ ਦੁਨੀਆਂ ਬਦਲ ਗਈ ਹੈ। ਲੋਕਾਂ ਦਾ ਜੀਵਨ ਪੱਧਰ ਬਦਲ ਗਿਆ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਤੇ ਵਿਦੇਸ਼ਾਂ ਨੂੰ ਦੌੜਨ ਲੱਗੇ। ਹੁਣ ਸ਼ਹਿਰਾਂ ਤੇ ਕਸਬਿਆਂ ਦੇ ਆਲੇ ਦੁਆਲੇ ਨਵੀਆਂ ਕਲੋਨੀਆਂ ਬਣ ਗਈਆਂ ਹਨ। ਸ਼ਹਿਰ ਪਿੰਡਾਂ ਵੱਲ ਨੂੰ ਤੁਰ ਪਏ ਹਨ।
ਪੰਜਾਬ ਦੇ ਲੋਕਾਂ ਦੀਆਂ ਘੱਟ ਰਹੀ ਗਿਣਤੀ ਤੇ ਜ਼ਮੀਨ ਨੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਆਉਂਣ ਵਾਸਤੇ ਰਾਹ ਪੱਧਰਾ ਕਰ ਦਿੱਤਾ। ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਗੈਰ ਪੰਜਾਬੀਆਂ ਦਾ ਬੋਲਬਾਲਾ ਵਧਣਾ ਸ਼ੁਰੂ ਹੋ ਗਿਆ। ਹੁਣ ਪੰਜਾਬ ਦੇ ਮੂਲ ਨਿਵਾਸੀ ਘੱਟ ਗਿਣਤੀ ਵਿੱਚ ਪੁੱਜ ਗਏ ਹਨ। ਦੋ ਪ੍ਰਤੀਸ਼ਤ ਪੰਜਾਬੀ ਹੁਣ ਡੇਢ ਪ੍ਰਤੀਸ਼ਤ ਰਹਿ ਗਏ ਹਨ। ਬਹੁਗਿਣਤੀ ਵਿਦੇਸ਼ ਵਿੱਚ ਵਸਦੇ ਹਨ। ਪੰਜਾਬ ਦੇ ਲੋਕਾਂ ਦੀ ਘੱਟ ਰਹੀ ਆਬਾਦੀ ਵੀ ਮੂਲ ਕਾਰਨ ਬਣੀ ਹੈ। ਪੰਜਾਬ ਪਿਛਲੇ ਪੰਜ ਦਹਾਕਿਆਂ ਤੋਂ ਸਰਕਾਰੀ ਤੇ ਗੈਰਸਰਕਾਰੀ ਤਸ਼ੱਦਦ ਝੱਲ ਰਿਹਾ ਹੈ। ਅੱਸੀਵਿਆਂ ਤੋਂ ਬਾਅਦ ਪੰਜਾਬ ਗੜਬੜੀ ਵਾਲਾ ਸੂਬਾ ਬਣਿਆ ਹੋਇਆ ਹੈ।

ਪੰਜਾਬ ਦੇ ਮੌਕਾਪ੍ਰਸਤ ਰਾਜਨੀਤੀ ਆਗੂਆਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਉਜਾੜਨ ਵਾਸਤੇ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ ਸੱਭਿਆਚਾਰ ਨੂੰ ਬਦਲਣ ਲਈ ਬਾਹਰੀ ਸ਼ਕਤੀਆਂ ਨੇ ਘੱਟ ਪੰਜਾਬ ਦੇ ਲੋਕਾਂ ਨੇ ਵਧੇਰੇ ਯੋਗਦਾਨ ਪਾਇਆ ਤੇ ਪਾ ਰਹੇ ਹਨ। ਪੰਜਾਬ ਦੇ ਲੋਕਾਂ ਦਾ ਸੁਭਾਅ ਪਾਣੀਆਂ ਦੇ ਹੜ੍ਹ ਵਰਗਾ ਹੈ। ਇਹ ਜਦੋਂ ਤੁਰਦੇ ਹਨ ਤਾਂ ਹੜ੍ਹ ਬਣ ਜਾਂਦੇ ਹਨ। ਹੁਣ ਹਾਲਾਤ ਦਿਨੋਂ ਦਿਨ ਬਦਲ ਗਏ ਹਨ। ਪੰਜਾਬ ਦੇ ਹੱਕਾਂ ਉਪਰ ਡਾਕਾ ਮਾਰਿਆ ਗਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਨਾਲ ਰਲ਼ ਕੇ ਪੰਜਾਬ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ। ਇਸ ਸਮੇਂ ਪੰਜਾਬ ਹਰ ਖੇਤਰ ਵਿਚੋਂ ਪਛੜ ਗਿਆ ਹੈ। ਸਿਹਤ, ਸਿੱਖਿਆ, ਆਰਥਿਕ ਮੰਦਹਾਲੀ ਕਾਰਨ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ। ਚੰਡੀਗੜ੍ਹ ਤੇ ਮੁਹਾਲੀ ਵਰਗੇ ਸ਼ਹਿਰਾਂ ਦੁਆਲੇ ਅਸਮਾਨ ਛੂੰਹਦੀਆਂ ਇਮਾਰਤਾਂ ਬਣ ਗਈਆਂ ਹਨ। ਇਹੋ ਹਾਲ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਬਣਿਆ ਹੋਇਆ ਹੈ। ਬਹੁਗਿਣਤੀ ਪੰਜਾਬ ਦੇ ਲੋਕ ਚੰਡੀਗੜ੍ਹ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਵਸਦੇ ਹਨ। ਉਹਨਾਂ ਨੇ ਪਿੰਡ ਛੱਡ ਦਿੱਤਾ ਹੈ। ਉਹ ਹੁਣ ਪਿੰਡ ਇਉਂ ਗੇੜੀ ਲਾਉਣ ਜਾਂਦੇ ਹਨ ਜਿਵੇਂ ਉਹ ਪਹਿਲਾਂ ਚੰਡੀਗੜ੍ਹ ਤੇ ਸ਼ਿਮਲੇ ਜਾਂਦੇ ਸਨ। ਪਿੰਡ ਉਜੜ ਗਏ ਹਨ, ਪੰਜਾਬ ਦੇ ਪਿੰਡਾਂ ਵਿਚੋਂ ਪੰਜਾਬ ਦੀ ਆਤਮਾ ਗ਼ਾਇਬ ਹੋ ਗਈ ਹੈ, ਹੁਣ ਉਹਨਾਂ ਪਿੰਡਾਂ ਵਿੱਚ ਗ਼ੈਰ ਪੰਜਾਬੀ ਵਸਦੇ ਹਨ। ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਗੈਰ ਪੰਜਾਬੀਆਂ ਤੇ ਆਰਥਿਕ ਤੌਰ ਕੰਮਜ਼ੋਰ ਭਾਈਚਾਰੇ ਦੇ ਬੱਚੇ ਉਹਨਾਂ ਵਿੱਚ ਪੜ੍ਹਦੇ ਹਨ। ਬਹੁਗਿਣਤੀ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਬੱਚੇ ਕੌਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ। ਉਹਨਾਂ ਦਾ ਜੀਵਨ ਪੱਧਰ ਬਦਲ ਗਿਆ ਹੈ। ਖਾਣ ਪੀਣ ਬਦਲਣ ਨਾਲ ਉਹਨਾਂ ਨੂੰ ਵੱਖ ਵੱਖ ਬੀਮਾਰੀਆਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸ਼ਹਿਰਾਂ ਵਿੱਚ ਵੱਡੇ ਵੱਡੇ ਨਿੱਜੀ ਹਸਪਤਾਲ, ਸਿੱਖਿਆ ਸੰਸਥਾਵਾਂ ਤੇ ਮਲਟੀਕਲਚਰਲ ਬਜ਼ਾਰ ਬਣ ਗਏ ਹਨ। ਚਕਾਚੌਂਧ ਕਰਨ ਲਈ ਨਵੇਂ ਨਵੇਂ ਡੀ ਮਾਰਟ ਬਣ ਗਏ ਹਨ, ਜੀਹਨਾਂ ਨੇ ਛੋਟੇ ਦੁਕਾਨਦਾਰਾਂ ਦਾ ਭੋਗ ਪਾ ਦਿੱਤਾ ਹੈ।

ਚੰਡੀਗੜ੍ਹ ਤੇ ਹੋਰ ਵੱਡੇ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਉਜੜ ਰਿਹਾ ਹੈ। ਪਿੰਡ ਖਤਮ ਹੋ ਗਏ ਹਨ, ਉਹਨਾਂ ਨੇ ਪੰਜਾਬੀ ਸਾਹਿਤ ਦੇ ਡਾਕਟਰ, ਵਿਦਵਾ  ਅਤੇ ਲੇਖਕਾਂ ਵਾਂਗ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ, ਪਿੰਡ ਬਚਾਓ, ਪੰਜਾਬ ਬਚਾਓ। ਪੰਜਾਬੀ ਦੇ ਗੁਣ ਗਾਓ। ਹੈਂ ਨਾ ਕਮਾਲ ਦੀ ਗੱਲ। ਨਾ ਕੋਈ ਵਲ ਨਾ ਛਲ। ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਸੇ ਸੱਭਿਅਤਾ ਨੂੰ ਕੋਈ ਵਿਦੇਸ਼ੀ ਤਾਕਤਾਂ ਖ਼ਤਮ ਨਹੀਂ ਕਰ ਸਕਦੀਆਂ ਜਦੋਂ ਤੱਕ ਖ਼ੁਦ ਲੋਕ ਉਹਨਾਂ ਦਾ ਸਾਥ ਨਹੀਂ ਦੇਂਦੇ। ਪੰਜਾਬ ਦੇ ਸੱਭਿਆਚਾਰ ਨੂੰ ਖਰਾਬ ਕਰਨ ਲਈ ਖੁਦ ਪੰਜਾਬ ਦੇ ਲੋਕ ਜ਼ੁੰਮੇਵਾਰ ਹਨ। ਇਸ ਸੱਚ ਨੂੰ ਮੰਨੇਗਾ ਕੌਣ? ਕਿਉਂਕਿ ਲੋਕਾਂ ਦੀ ਕਹਿਣੀ ਤੇ ਕਥਨੀ ਵਿੱਚ ਫ਼ਰਕ ਆ ਗਿਆ ਹੈ। ਲੋਕ ਜ਼ੁਬਾਨ ਦੇ ਕੱਚੇ ਤੇ ਮਕਾਨ ਪੱਕੇ ਬਣਾਉਣ ਦੇ ਸ਼ੌਕੀਨ ਬਣ ਗਏ ਹਨ। ਸੱਚ ਖੰਭ ਲਾ ਕੇ ਉੱਡ ਗਿਆ ਹੈ, ਹੁਣ ਝੂਠ ਤੇ ਜੂਠ ਦਾ ਧੰਦਾ ਚਲਦਾ ਹੈ। ਧਰਮ ਤੇ ਕਰਮ ਲੋਕਾਂ ਨੂੰ ਭੁੱਲ ਗਿਆ ਹੈ। ਹੁਣ ਪੰਜਾਬ ਨੂੰ ਕੌਣ ਬਚਾਵੇ? ਜਦੋਂ ਇਸ ਨੂੰ ਉਜਾੜਨ ਵਾਲੇ ਹੀ ਖ਼ੁਦ ਪੰਜਾਬ ਦੇ ਲੋਕ ਹਨ। ਜੀਹਨੇ ਉਦੋਂ ਤੱਕ ਕੋਈ ਮੁਹਿੰਮ ਨਹੀਂ ਸ਼ੁਰੂ ਕੀਤੀ ਜਦੋਂ ਤੱਕ ਜ਼ਬਰ ਜ਼ੁਲਮ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚ ਗਿਆ। ਪੰਜਾਬ ਦੀ ਹੁਣ ਰਗ ਰਗ ਟੱਸ ਟੱਸ ਕਰਦੀ ਹੈ। ਪੰਜਾਬ ਦੇ ਲੋਕਾਂ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ।

ਇਸ ਵਿੱਚ ਕੋਈ ਡੁੱਬਦਾ ਹੈ ਕੋਈ ਤਰਦਾ ਹੈ। ਉਹਨਾਂ ਦੀ ਸਰਪ੍ਰਸਤੀ ਸਰਕਾਰੀ ਅਧਿਕਾਰੀਆਂ ਵਲੋਂ ਕੀਤੀ ਜਾਂਦੀ ਹੈ। ਪੰਜਾਬ ਨੂੰ ਉਜਾੜਨ ਲਈ ਧਾੜਵੀਆਂ ਨੇ ਨਹੀਂ ਪੰਜਾਬ ਦੇ ਲੋਕਾਂ ਨੇ ਆਪਣੇ ਪੈਰ ਕੁਹਾੜਾ ਮਾਰਿਆ ਹੈ। ਹੁਣ ਜਦੋਂ ਲੋਕਾਂ ਦਾ ਸਾਹ ਘੁਟਣ ਲੱਗਿਆ ਹੈ ਤਾਂ ਉਹਨਾਂ ਨੂੰ ਸੁਰਤ ਆਈ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਹੀ ਖ਼ਤਮ ਕਰ ਦਿੱਤਾ ਹੈ। ਪੰਜਾਬ ਦੀ ਇਸ ਸਮੇਂ ਜਿਹੜੀ ਦੁਰਦਸ਼ਾ ਹੋ ਰਹੀ ਹੈ, ਇਸ ਦੇ ਜ਼ੁੰਮੇਵਾਰ ਖੁਦ ਪੰਜਾਬ ਦੇ ਲੋਕ ਹਨ। ਉਹ ਕਿਸੇ ਵੀ ਰੁਤਬੇ ਤੇ ਹੋਣ ਜਾਂ ਫਿਰ ਸਿਆਸੀ ਪਾਰਟੀਆਂ ਦੇ ਆਗੂ ਹੋਣ। ਸਭ ਜ਼ੁੰਮੇਵਾਰ ਹਨ। ਹੁਣ ਇਸ ਜੁੰਮੇਵਾਰੀ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਕੋਈ ਤਿਆਰ ਨਹੀਂ ਹੈ।ਹੁਣ ਤਾਂ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ । ਹੁਣ ਪਛਤਾਇਆ ਕੀ ਹੋਵੇਗਾ। ਜਦੋਂ ਪਛਤਾਉਣਾ ਚਾਹੀਦਾ ਸੀ ਉਦੋਂ ਚੁੱਪ ਕਰ ਕੇ ਬੈਠੇ ਰਹੇ। ਹੁਣ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣ ਗਏ ਹਨ। ਜਿਹੜੇ ਦੋਵੇਂ ਹੱਥ ਲੱਡੂ ਛਕਦੇ ਹਨ। ਕੀ ਬਣੇਗਾ ਇਹਨਾਂ ਮੌਕਾਪ੍ਰਸਤ ਪੰਜਾਬੀਆਂ ਦਾ ਜਿਹੜੇ ਹਰ ਤਰ੍ਹਾਂ ਮਸਲੇ ਵਿਚੋਂ ਬਾਣੀਏਂ ਵਾਂਗ ਮੁਨਾਫ਼ਾ ਕਮਾਉਣ ਦੀ ਲਾਲਸਾ ਰੱਖਦੇ ਹਨ।
ਕੀ ਬਣੇਗਾ ਪੰਜਾਬ ਸਿਆਂ ਤੇਰਾ?

Budh-singh-nelon-244x300 ਬੁੱਧ ਬਾਣ/ਚੰਡੀਗੜ੍ਹ ਕੋਠੀ ਪਾ ਦੇ ਵੇ ਪਿੰਡਾਂ ਵਿੱਚ ਉਡਦੀ ਧੂੜ ਵੇ/ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ
9464370823

Share this content:

Post Comment