Loading Now

ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਬਹੁ ਭਾਸ਼ਾਈ ਸਾਹਿਤਕ ਸਮਾਗਮ “ਜੰਗ ਜਾਂ ਅਮਨ” ਦਾ ਆਯੋਜਨ

ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਬਹੁ ਭਾਸ਼ਾਈ ਸਾਹਿਤਕ ਸਮਾਗਮ “ਜੰਗ ਜਾਂ ਅਮਨ” ਦਾ ਆਯੋਜਨ

*ਉੱਘੇ ਚਿੰਤਕ, ਕਵੀ ਤੇ ਨਾਟਕਕਾਰ ਅਮਰਜੀਤ ਸਿੰਘ ਗਰੇਵਾਲ, ਇਤਾਲਵੀ ਕੌਂਸਲਰ ਮਾਸੀਮੋ ਬਿਲੈਈ, ਅਧਿਆਪਕ, ਅਨੁਵਾਦਕ ਤੇ ਆਲੋਚਕ ਸੁਰੀਤੀ ਰਘੂਨੰਦਨ ਤੇ ਵੱਖ ਵੱਖ ਕਵੀਆਂਨੇ ਲਿਆ ਭਾਗ

ਇਟਲੀ, 5 ਮਈ – ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪਿਛਲੇ ਦਿਨੀਂ ਬਹੁ ਭਾਸ਼ਾਈ ਆਨ ਲਾਈਨ ਸਾਹਿਤਕ ਸਮਾਗਮ ਜੰਗ ਜਾਂ ਅਮਨ ਵਿਸ਼ੇ ਨੂੰ ਲੈ ਕੇ ਕੀਤਾ ਗਿਆ। ਜਿਸ ਵਿੱਚ ਪੰਜਾਬੀ, ਹਿੰਦੀ ਤੇ ਇਟਾਲੀਅਨ ਭਾਸ਼ਾਵਾਂ ਦੇ ਵਿਦਵਾਨ, ਚਿੰਤਕ ਤੇ ਕਵੀ ਇੱਕ ਮੰਚ ਉੱਪਰ ਇਕੱਤਰ ਹੋਏ। ਸਮਾਗਮ ਦੇ ਆਰੰਭ ਵਿੱਚ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਅਤੇ ਇਤਾਲਵੀ ਭਾਸ਼ਾਵਾਂ ਵਿੱਚ ਸਭ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਅੱਜ ਸੰਸਾਰ ਦੇ ਵੱਖ ਵੱਖ ਖੇਤਰਾਂ ਵਿੱਚ ਜੰਗਾਂ ਯੁੱਧਾਂ ਦਾ ਪਸਾਰਾ ਹੈ। ਉਸ ਨਾਲ ਸਮੁੱਚੀ ਮਾਨਵਤਾ ਇੱਕ ਔਖੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਬੇਸ਼ੱਕ ਅਸੀਂ ਵੱਡੀਆਂ ਤਾਕਤਾਂ ਨੂੰ ਰੋਕਣ ਦੇ ਸਮਰੱਥ ਨਹੀਂ ਹਾਂ ਪਰ ਸ਼ਾਂਤੀਪੂਰਨ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਇਸਦੇ ਬਾਅਦ ਆਰਤੀ ਬਕਸ਼ੀ ਨੇ ਬਹੁਤ ਸੁਰੀਲੀ ਸੋਜ਼ ਭਰਪੂਰ ਆਵਾਜ਼ ਵਿੱਚ ਹਿੰਦੀ ਦੀ ਗਜ਼ਲ ਪੇਸ਼ ਕੀਤੀ। ਦਰਸ਼ਨ ਬੁਲੰਦਵੀ ਯੂਕੇ ਨੇ ਆਪਣੀ ਕਵਿਤਾ “ਸੰਧੂਰ ਤੇ ਜੰਗ” ਪੇਸ਼ ਕੀਤੀ। ਜਿਸ ਵਿੱਚ ਬੁਲੰਦਵੀ ਨੇ ਜੰਗ ਦੇ ਪੈਂਦੇ ਮਾੜੇ ਪ੍ਰਭਾਵ ਅਤੇ ਨਤੀਜਿਆਂ ਨੂੰ ਪੇਸ਼ ਕੀਤਾ। ਦਿਨੇਸ਼ ਭੋਪਾਲੀ ਨੇ ਆਪਣੀ ਗਜ਼ਲ ਨੂੰ ਨਿਵੇਕਲੇ ਅੰਦਾਜ਼ ਵਿੱਚ ਸਭ ਨਾਲ ਸਾਂਝਾ ਕੀਤਾ। ਇਸਦੇ ਉਪਰੰਤ ਇਤਾਲਵੀ ਕਵਿਤਰੀ ਕਲਾਊਦੀਆ ਬੈਲੀ ਨੇ ਆਪਣੀ ਕਵਿਤਾ ਪੇਸ਼ ਕੀਤੀ। ਜਿਸ ਵਿੱਚ ਬਹੁਤ ਗਹਿਰੇ ਭਾਵ ਪੇਸ਼ ਕਰਦਿਆਂ ਦਿਲ ਤੇ ਪਿਆਰ ਦੀ ਗੱਲ ਕੀਤੀ ।

ਇਸ ਤੋਂ ਬਾਅਦ ਪੰਜਾਬੀ ਸ਼ਾਇਰ ਅਮਜਦ ਆਰਫ਼ੀ ਜਰਮਨੀ ਨੇ ਆਪਣੀਆਂ ਕੁਝ ਗਜ਼ਲਾਂ ਦੇ ਸ਼ੇਅਰ ਪੇਸ਼ ਕੀਤੇ ਜਿਹਨਾਂ ਵਿੱਚ ਉਹ ਜੰਗ ਨੂੰ ਪਰ੍ਹਾਂ ਕਰਕੇ ਅਮਨ ਦੀ ਗੱਲ ਕਰਦਾ ਹੈ। ਪੰਜਾਬੀ ਮੂ਼ਲ ਦੀ ਕਵਿਤਰੀ ਜਸਮੀਨ ਕੌਰ ਨੇ ਇਤਾਲਵੀ ਭਾਸ਼ਾ ਵਿੱਚ ਆਪਣੀ ਕਵਿਤਾ ਪੇਸ਼ ਕਰਦਿਆਂ ਕਿਹਾ ਕਿ ਸੰਵਾਦ ਦਾ ਹੋਣਾ ਬਹੁਤ ਜਰੂਰੀ ਹੈ। ਇਸੇ ਦੌਰਾਨ ਜੱਸੀ ਢਿੱਲੋਂ ਯੂ ਐੱਸ ਏ ਵੀ ਆਪਣੀ ਰਚਨਾ ਸਾਂਝੀ ਕੀਤੀ ।ਇਸ ਸਮਾਗਮ ਵਿੱਚ ਸਰੋਤਿਆਂ ਦੇ ਤੌਰ ਤੇ ਆਤਮਜੀਤ ਕੌਰ , ਤਰਨ ਬੱਲ, ਜਤਿੰਦਰ ਕੌਰ ਅਤੇ ਸੰਦਰੀਨੋ ਮਾਰੀਓ ਵੀ ਸ਼ਾਮਿਲ ਰਹੇ। ਵਿਚਾਰ ਚਰਚਾ ਦੌਰਾਨ ਇਤਾਲਵੀ ਕੌਂਸਲਰ ਅਤੇ ਬਹੁ ਪੱਖੀ ਸ਼ਖਸ਼ੀਅਤ ਮਾਸੀਮੋ ਬਿਲੈਈ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਸ਼ਾਂਤੀ ਪੈਦਾ ਕਰਨ ਲਈ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜਿਸ ਲਈ ਸੰਵਾਦ ਸਭ ਤੋਂ ਵੱਡਾ ਹਥਿਆਰ ਹੈ। ਇਸ ਤਰਾਂ ਮੌਰੀਸ਼ਸ ਤੋਂ ਸ਼ਾਮਿਲ ਸੁਰੀਤੀ ਰਘੂਨੰਦਨ ਨੇ ਵੱਖ ਵੱਖ ਕਵੀਆਂ ਦੀ ਕਵਿਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਹਨਾਂ ਦੀ ਸਮੀਖਿਆ ਵੀ ਕੀਤੀ।

ਸੁਰੀਤੀ ਰਘੂਨੰਦਨ ਦਾ ਖਾਸ ਪੱਖ ਰਿਹਾ ਕਿ ਉਹ ਮੌਰੀਸ਼ਸ਼ ਵਿੱਚ ਲੰਮੇ ਸਮੇਂ ਤੋਂ ਰਹਿੰਦਿਆਂ ਵੀ ਭਾਰਤੀ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ ਅਤੇ ਪੰਜਾਬੀ ਵੀ ਬਹੁਤ ਸੋਹਣੀ ਬੋਲਦੀ ਹੈ। ਅੰਤ ਵਿੱਚ ਉੱਘੇ ਚਿੰਤਕ, ਕਵੀ ਅਤੇ ਨਾਟਕਕਾਰ ਅਮਰਜੀਤ ਸਿੰਘ ਗਰੇਵਾਲ ਨੇ ਸਮੁੱਚੇ ਸਮਾਗਮ ਦੇ ਪ੍ਰਬੰਧ ਲਈ ਸਭ ਦੀ ਸ਼ਲਾਘਾ ਕਰਦਿਆਂ ਜੰਗ ਅਤੇ ਅਮਨ ਬਾਰੇ ਗਹਿਰੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਲੰਮੀ ਤੇ ਅਰਥ ਭਰਭੂਰ ਕਵਿਤਾ ਅਮਨ ਪੇਸ਼ ਕੀਤੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰਕ ਮੰਚ ਉੱਪਰ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਵਿਚਾਰ ਹਮੇਸ਼ਾ ਦ੍ਰਿੜ ਇਰਾਦੇ ਨਾਲ ਪੇਸ਼ ਕਰਦੇ ਰਹਿਣਾ ਚਾਹੀਦਾ ਹੈ। ਗੁਰਪ੍ਰੀਤ ਕੌਰ ਗਾਇਦੂ ਗਰੀਸ ਵੀ ਇਸ ਸਮਾਗਮ ਦਾ ਹਿੱਸਾ ਬਣੇ। ਇਸ ਸਮਾਗਮ ਦਾ ਖਾਸ ਪੱਖ ਇਹ ਵੀ ਰਿਹਾ ਕਿ ਵੱਖ ਵੱਖ ਭਾਸ਼ਾਵਾਂ ਦੀਆਂ ਕਵਿਤਾਵਾਂ ਨੂੰ ਪ੍ਰੋ ਜਸਪਾਲ ਸਿੰਘ ਇਟਲੀ ਅਤੇ ਆਰਤੀ ਬਕਸ਼ੀ ਅਨੁਵਾਦ ਕਰਕੇ ਸਭ ਨਾਲ ਸਾਂਝਾ ਕਰਦੇ ਰਹੇ। ਦਲਜਿੰਦਰ ਸਿੰਘ ਰਹਿਲ ਬਹੁਤ ਖੂਬਸੂਰਤੀ ਨਾਲ ਪੰਜਾਬੀ, ਹਿੰਦੀ ਤੇ ਇਤਾਲਵੀ ਕਵੀਆਂ ਅਤੇ ਬੁਲਾਰਿਆਂ ਨੂੰ ਪੇਸ਼ ਕਰਦੇ ਰਹੇ। ਇਸ ਨਿਵੇਕਲੀ ਕਿਸਮ ਦੇ ਬਹੁ ਭਾਸ਼ਾਈ ਸਮਾਗਮ ਨਾਲ ਇੱਕ ਨਵੀਂ ਪਿਰਤ ਪਈ ਹੈ ਜੋ ਇਪਲਾ ਵੱਲੋਂ ਲਗਾਤਾਰ ਜਾਰੀ ਰਹੇਗੀ।

Share this content:

Post Comment