26 ਸਾਲਾਂ ਬਾਅਦ CBI ਦੇ ਜੁਆਇੰਟ ਡਾਇਰੈਕਟਰ ਅਤੇ ਸਾਬਕਾ ACP ਨੂੰ ਹੋਈ ਕੈਦ ਦੀ ਸਜ਼ਾ, ਜਾਣੋ ਪੂਰਾ ਮਾਮਲਾ?
ਨਵੀਂ ਦਿੱਲੀ, 29 ਅਪ੍ਰੈਲ – ਦਿੱਲੀ ਦੀ ਇੱਕ ਅਦਾਲਤ ਨੇ 26 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਕੇਂਦਰੀ ਜਾਂਚ ਬਿਊਰੋ (CBI) ਦੇ ਮੌਜੂਦਾ ਜੁਆਇੰਟ ਡਾਇਰੈਕਟਰ ਰਮਨੀਸ਼ ਗੀਰ ਅਤੇ ਦਿੱਲੀ ਪੁਲਿਸ ਦੇ ਸੇਵਾਮੁਕਤ ਏ.ਸੀ.ਪੀ. (ACP) ਵਿਵੇਕ ਪਾਂਡੇ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 19 ਅਕਤੂਬਰ 2000 ਦਾ ਹੈ, ਜਦੋਂ ਇਨ੍ਹਾਂ ਅਧਿਕਾਰੀਆਂ ਨੇ ਭਾਰਤੀ ਮਾਲ ਸੇਵਾ (IRS) ਦੇ ਅਧਿਕਾਰੀ ਅਸ਼ੋਕ ਕੁਮਾਰ ਅਗਰਵਾਲ ਦੇ ਘਰ ਇੱਕ ਵਿਵਾਦਤ ਛਾਪੇਮਾਰੀ ਕੀਤੀ ਸੀ। ਸ਼ਿਕਾਇਤ ਅਨੁਸਾਰ, ਸੀਬੀਆਈ ਅਤੇ ਦਿੱਲੀ ਪੁਲਿਸ ਦੇ ਅਧਿਕਾਰੀ ਬਿਨਾਂ ਕਿਸੇ ਕਾਨੂੰਨੀ ਅਧਾਰ ਦੇ ਜ਼ਬਰਦਸਤੀ ਅਗਰਵਾਲ ਦੇ ਘਰ ਵਿੱਚ ਦਾਖਲ ਹੋਏ ਸਨ।
ਦੋਸ਼ ਲਾਇਆ ਗਿਆ ਸੀ ਕਿ ਅਧਿਕਾਰੀਆਂ ਨੇ ਗੇਟਕੀਪਰ ਨਾਲ ਕੁੱਟਮਾਰ ਕੀਤੀ, ਪਰਿਵਾਰਕ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਅਗਰਵਾਲ ਨੂੰ ਉਨ੍ਹਾਂ ਦੇ ਬੈੱਡਰੂਮ ਵਿੱਚੋਂ ਜ਼ਬਰਦਸਤੀ ਘਸੀਟ ਕੇ ਬਾਹਰ ਕੱਢਿਆ, ਜਿਸ ਨਾਲ ਉਨ੍ਹਾਂ ਨੂੰ ਸੱਟਾਂ ਲੱਗੀਆਂ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼ਸ਼ਾਂਕ ਨੰਦਨ ਭੱਟ ਨੇ 18 ਅਪ੍ਰੈਲ ਨੂੰ ਦੋਵਾਂ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਪਾਇਆ ਕਿ, ਘਰ ਵਿੱਚ ਦਾਖਲ ਹੋਣ ਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ ਅਤੇ ਇਹ ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ ਸੀ। ਅਗਰਵਾਲ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਸਨ, ਇਸ ਲਈ ਅਜਿਹੀ ਛਾਪੇਮਾਰੀ ਦਾ ਕੋਈ ਠੋਸ ਕਾਰਨ ਨਹੀਂ ਸੀ। ਘਟਨਾ ਦੇ ਸਮੇਂ ਰਮਨੀਸ਼ ਗੀਰ ਡੀ.ਐਸ.ਪੀ. (DSP) ਸਨ, ਜੋ ਹੁਣ CBI ਵਿੱਚ ਜੁਆਇੰਟ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਵਿਵੇਕ ਪਾਂਡੇ ਉਸ ਸਮੇਂ CBI ਵਿੱਚ ਇੰਸਪੈਕਟਰ ਸਨ ਅਤੇ ACP ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਅਦਾਲਤ ਨੇ ਸਜ਼ਾ ਸੁਣਾਉਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਤਾਂ ਜੋ ਉਹ ਇਸ ਫੈਸਲੇ ਨੂੰ ਉੱਚੀ ਅਦਾਲਤ ਵਿੱਚ ਚੁਣੌਤੀ ਦੇ ਸਕਣ।
Share this content:


Post Comment