ਪੰਜਾਬ ਵਿੱਚ 1 ਮਈ ਤੋਂ ਬਾਅਦ ਨਹੀਂ ਲੱਗਣਗੇ ਬਿਜਲੀ ਦੇ ਕੱਟ: ਸੰਜੀਵ ਅਰੋੜਾ
ਚੰਡੀਗੜ੍ਹ, 27 ਅਪ੍ਰੈਲ – ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਬਾਰੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸਪੱਸ਼ਟ ਕੀਤਾ ਕਿ ਇਕ ਮਈ ਤੋਂ ਬਾਅਦ ਸੂਬੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ। ਇਸ ਗੱਲ ਦਾ ਪ੍ਰਗਟਾਵਾ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਣੇ ਦੇਸ਼ ਭਰ ਵਿੱਚ ਅਪਰੈਲ ਮਹੀਨੇ ਵਿੱਚ ਪੈ ਰਹੀ ਭਾਰੀ ਗਰਮੀ ਕਰਕੇ ਬਿਜਲੀ ਦੀ ਮੰਗ ਇੱਕਦਮ ਵੱਧ ਗਈ, ਜਿਸ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਕੱਟ ਲੱਗੇ ਹਨ। ਇਸ ਵਾਰ ਅਪਰੈਲ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਇਸੇ ਲਈ ਇੱਕ ਮਈ ਤੋਂ ਬਾਅਦ ਸੂਬੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗਣ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਕੰਟਰੋਲ ਕਰਨ ਲਈ ਸਨਅਤੀ ਖੇਤਰ ਨੂੰ ਰਾਤ ਸਮੇਂ ਖੁੱਲੇ ਬਾਜ਼ਾਰ ਵਿੱਚੋਂ ਬਿਜਲੀ ਖਰੀਦਣ ਦੀ ਛੋਟ ਦਿੱਤੀ ਗਈ। ਇਸ ਦੌਰਾਨ ਸਰਕਾਰ ਵੱਲੋਂ ਕੋਈ ਵੀ ਵਾਧੂ ਚਾਰਜ ਨਹੀਂ ਵਸੂਲਿਆ ਜਾਵੇਗਾ। ਅਰੋੜਾ ਨੇ ਕਿਹਾ ਕਿ ਪੰਜਾਬ ਦੇ ਸਨਅਤਕਾਰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਖੁੱਲੇ ਬਾਜ਼ਾਰ ਵਿੱਚੋਂ ਆਪਣੀ ਮਰਜ਼ੀ ਅਨੁਸਾਰ ਬਿਜਲੀ ਦੀ ਖਰੀਦ ਕਰ ਸਕਦੇ ਹਨ।
Share this content:



Post Comment