Loading Now

ਨੌਕਰੀ ਕਰਦੇ ਅਧਿਆਪਕਾਂ ਦਾ ਭਲਕੇ ਹੋਣ ਵਾਲਾ ‘ਪੀ ਟੈੱਟ’ ਮੁਲਤਵੀ

ਨੌਕਰੀ ਕਰਦੇ ਅਧਿਆਪਕਾਂ ਦਾ ਭਲਕੇ ਹੋਣ ਵਾਲਾ ‘ਪੀ ਟੈੱਟ’ ਮੁਲਤਵੀ

ਮੋਹਾਲੀ, 18 ਅਪ੍ਰੈਲ – ਰਾਜ ਵਿੱਦਿਅਕ ਅਤੇ ਖੋਜ ਸਿਖ਼ਲਾਈ ਪਰਿਸ਼ਦ ਪੰਜਾਬ (ਐੱਸ ਸੀ ਈ ਆਰ ਟੀ) ਵੱਲੋਂ ਨੌਕਰੀ ਕਰ ਰਹੇ ਅਧਿਆਪਕਾਂ ਲਈ 19 ਅਪਰੈਲ ਨੂੰ ਕਰਾਈ ਜਾਣ ਵਾਲੀ ਪੀ ਟੈੱਟ ਫ਼ਾਰ ਇਨ ਸਰਵਿਸ ਟੀਚਰਜ਼ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਹੁਣ 26 ਅਪਰੈਲ ਨੂੰ ਹੋਵੇਗੀ। ਸਿਖ਼ਲਾਈ ਪਰਿਸ਼ਦ ਦੀ ਡਾਇਰੈਕਟਰ ਵਲੋਂ ਜਾਰੀ ਨਿਰਦੇਸ਼ਾਂ ਵਿਚ ਦਿੱਤੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਪੀ ਟੈੱਟ-1 ਅਤੇ ਪੀ ਟੈੱਟ-2 ਦੀ ਰਜਿਸਟ੍ਰੇਸ਼ਨ ਦੌਰਾਨ ਉਮੀਦਵਾਰਾਂ ਵਲੋਂ ਭਰੇ ਗਏ ਵੇਰਵਿਆਂ ਵਿਚ ਮੌਜੂਦਾ ਤਾਇਨਾਤੀ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਇਹ ਪ੍ਰੀਖਿਆ 19 ਅਪਰੈਲ ਦੀ ਥਾਂ 26 ਅਪਰੈਲ ਨੂੰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆਸਬੰਧੀ ਪਹਿਲਾਂ ਜਾਰੀ ਕੀਤੇ ਐਡਮਿਟ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਲਈ ਨਵੇਂ ਐਡਮਿਟ ਕਾਰਡ/ਰੋਲ ਨੰਬਰ ਡਾਊਨਲੋਡ ਕਰਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਚੈੱਕ ਕਰਨ ਲਈ ਕਿਹਾ ਗਿਆ ਹੈ।

ਡਾਇਰੈਕਟਰ ਅਨੁਸਾਰ ਰਜਿਸਟਰਡ ਹੋਏ ਉਮੀਦਵਾਰ ਆਪਣੇ ਦਸਤਾਵੇਜ਼ਾਂ ਵਿਚ ਸੋਧ ਵੀ ਕਰ ਸਕਦੇ ਹਨ। ਰਜਿਸਟਰਡ ਉਮੀਦਵਾਰਾਂ ਨੂੰ 18 ਅਪਰੈਲ ਬਾਅਦ ਦੁਪਹਿਰ ਤੋਂ 19 ਅਪਰੈਲ ਸ਼ਾਮ 5 ਵਜੇ ਤੱਕ ਪੋਰਟਲ ਉੱਤੇ ਆਪਣੀ ਸੋਧ ਕਰਨ ਦਾ ਮੌਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਧਿਆਪਕ ਜਥੇਬੰਦੀਆਂ ਵੱਲੋਂ 19 ਅਪਰੈਲ ਨੂੰ ਹੋਣ ਵਾਲੀ ਟੈੱਟ ਲਈ ਪੰਜਾਬ ਦੇ ਦੂਰ ਦੁਰੇਡੇ ਦੇ ਅਧਿਆਪਕਾਂ ਲਈ ਚੰਡੀਗੜ੍ਹ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਤਾਇਨਾਤੀ ਸਥਾਨਾਂ ਦੇ ਨੇੜਲੇ ਕੇਂਦਰਾਂ ਵਿਚ ਪ੍ਰੀਖਿਆ ਲੈਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਦੇਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ।

Share this content:

Post Comment