Loading Now

ਹੰਗਰੀ ਦਾ ਸਬਕ

ਹੰਗਰੀ ਦਾ ਸਬਕ

ਹੰਗਰੀ ਦੀਆਂ ਚੋਣਾਂ ਵਿੱਚ ਪਿਛਲੇ ਦਿਨੀਂ ਹੋਏ ਸੱਤਾ ਪਰਿਵਰਤਨ ਨੂੰ ਸਿਰਫ ਉੱਥੋਂ ਦੇ ਪ੍ਰਧਾਨ ਮੰਤਰੀ ਵਿਕਟਰ ਬੋਰਨ ਦੀ ਹਾਰ ਦੇ ਰੂਪ ਵਿੱਚ ਸਵੀਕਾਰ ਕਰਨਾ ਨਾਸਮਝੀ ਹੋਵੇਗੀ। ਖਾਸ ਗੱਲ ਇਹ ਹੈ ਕਿ ਜਿਵੇਂ ਬੋਰਨ ਨੇ ਹੰਗਰੀ ਵਿੱਚ ਸਿਆਸਤ ਕੀਤੀ, ਉਸੇ ਮਾਡਲ ਦੀ ਵਰਤੋਂ ਭਾਰਤ ਵਿੱਚ ਭਾਜਪਾ ਸਰਕਾਰ ਪਿਛਲੇ 12 ਸਾਲਾਂ ਤੋਂ ਕਰ ਰਹੀ ਹੈ। ਬੋਰਨ ਨੇ ਆਪਣੇ ਸ਼ਾਸਨ ਵਿੱਚ ਆਪਣੇ ਉਦਯੋਗਪਤੀ ਦੋਸਤ ਨੂੰ ਭਾਰਤ ਦੀ ਤਰ੍ਹਾਂ ਦੇਸ਼ ਦਾ ਸਭ ਤੋਂ ਅਮੀਰ ਆਦਮੀ ਬਣਾ ਦਿੱਤਾ ਸੀ। ਉਸ ਨੇ ਵੀ ਇਲੈਕਟੋਰਲ ਬਾਂਡ ਦੀ ਤਰ੍ਹਾਂ ਚੋਣ ਫੰਡਿੰਗ ਵਿਵਸਥਾ ਵਿੱਚ ਅਜਿਹੀਆਂ ਤਬਦੀਲੀਆਂ ਕੀਤੀਆਂ ਕਿ ਉਸ ਦੀ ਹੀ ਪਾਰਟੀ ਨੂੰ ਸਭ ਤੋਂ ਵੱਧ ਕਾਰਪੋਰੇਟ ਧਨ ਮਿਲੇ। ਸਾਡੇ ਪ੍ਰਧਾਨ ਮੰਤਰੀ ਵਾਂਗ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਬੋਰਨ ਨੇ ਇਹ ਯਕੀਨੀ ਬਣਾਉਣ ਲਈ ਸੰਵਿਧਾਨ ਵਿੱਚ ਕਈ ਤਬਦੀਲੀਆਂ ਕੀਤੀਆਂ ਕਿ ਉਸ ਦੇ ਪਿਆਦੇ ਹੀ ਚੋਣ ਪ੍ਰਣਾਲੀ ਨੂੰ ਕੰਟਰੋਲ ਕਰਨਗੇ।

ਬੋਰਨ ਨੇ ਸਾਡੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਪੂਰਾ ਮੀਡੀਆ ਅਮੀਰ ਦੋਸਤਾਂ ਦੇ ਹਵਾਲੇ ਕਰ ਦਿੱਤਾ ਸੀ। ਭਾਜਪਾ ਦੇ ਆਈ ਟੀ ਸੈੱਲ ਦੀ ਤਰ੍ਹਾਂ ਟਰੋਲ ਕਰਨ ਵਾਲਿਆਂ ਦੀਆਂ ਖੂਬ ਭਰਤੀਆਂ ਕੀਤੀਆਂ, ਜਿਹੜੇ ਸਮਾਜ ‘ਚ ਵੰਡੀਆਂ ਪਾਉਣ ਤੇ ਆਪੋਜ਼ੀਸ਼ਨ ਦੇ ਖਿਲਾਫ ਝੂਠ ਫੈਲਾਉਣ ਤੇ ਬੋਰਨ ਦੀ ਜੈ-ਜੈ ਕਾਰ ਕਰਨ ਵਿੱਚ ਲੱਗੇ ਰਹੇ। ਲੋਕ ਭਰਮ ਜਾਲ ਵਿੱਚ ਫਸੇ ਰਹੇ। ਬੋਰਨ ਨੇ ਸਮਾਜ ਵਿੱਚ ਨਫਰਤ ਦੀ ਕੰਧ ਖੜ੍ਹੀ ਕਰਕੇ ਸ਼ਾਸਨ ਚਲਾਇਆ, ਜਿਵੇਂ ਭਾਰਤ ਵਿੱਚ ਘੱਟ-ਗਿਣਤੀਆਂ ਪ੍ਰਤੀ ਨਫਰਤ ਪੈਦਾ ਕਰਕੇ ਚਲਾਇਆ ਜਾ ਰਿਹਾ ਹੈ। ਬੋਰਨ ਨੇ ਭਾਰਤ ਦੀ ਤਰ੍ਹਾਂ ਖੁਦਮੁਖਤਾਰ ਅਦਾਰਿਆਂ ‘ਤੇ ਆਪਣੇ ਗੁਮਾਸ਼ਤਿਆਂ ਨੂੰ ਬਿਠਾ ਕੇ ਪੂਰਾ ਸਿਸਟਮ ਸਰਕਾਰੀ ਕੰਟਰੋਲ ਵਿੱਚ ਕਰ ਲਿਆ ਸੀ। ਇਸ ਦੇ ਬਾਵਜੂਦ ਬੋਰਨ ਨੂੰ ਬੁਰੀ ਤਰ੍ਹਾਂ ਹਰਾ ਕੇ ਪੀਟਰ ਮੈਗਯਾਰ ਦੀ ਪਾਰਟੀ ਨੇ ਸ਼ਾਨਦਾਰ ਬਹੁਮਤ ਹਾਸਲ ਕਰ ਲਿਆ।

ਇਸ ਹਾਰ ਦੇ ਪਿੱਛੇ ਇੱਕ ਵੱਡਾ ਕਾਰਨ ਬੋਰਨ ਦਾ ਡੋਨਾਲਡ ਟਰੰਪ ਤੇ ਬੈਂਜਾਮਿਨ ਨੇਤਨਯਾਹੂ ਵਰਗਿਆਂ ਅਤੇ ਸਾਮਰਾਜੀ ਤਾਕਤਾਂ ਦਾ ਸਾਥ ਦੇਣਾ ਵੀ ਰਿਹਾ। ਉਸ ਦੇ ਹੱਕ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵਾਂਸ ਨੇ ਵੀ ਚੋਣ ਪ੍ਰਚਾਰ ਕੀਤਾ ਸੀ। ਬੋਰਨ ਦੇ 16 ਸਾਲ ਦੇ ਸ਼ਾਸਨ ਦਾ ਅੰਤ ਦਰਸਾਉਂਦਾ ਹੈ ਕਿ ਜਦੋਂ ਲੋਕ ਅੰਦਰੋ-ਅੰਦਰ ਦੁਖੀ ਹੁੰਦੇ ਹਨ ਤਾਂ ਚੁੱਪੀ ਸਾਧ ਲੈਂਦੇ ਹਨ। ਸੱਤਾ ਨੂੰ ਲਗਦਾ ਹੈ ਕਿ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਪਰ ਲੋਕ ਮੌਕਾ ਮਿਲਣ ‘ਤੇ ਵੱਡੇ ਤੋਂ ਵੱਡੇ ਤਾਨਾਸ਼ਾਹ ਨੂੰ ਪਲਟ ਦਿੰਦੇ ਹਨ। ਹੰਗਰੀ ਦੇ ਲੋਕਾਂ ਨੇ ਇਹ ਕਰ ਦਿਖਾਇਆ ਹੈ। ਅਮਰੀਕਾ, ਇਜ਼ਰਾਈਲ ਤੇ ਭਾਰਤ ਵਿੱਚ ਵੀ ਲੋਕ ਉਸੇ ਤਰ੍ਹਾਂ ਦੀ ਸਥਿਤੀ ਵਿੱਚ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਂਦੋਸ਼ ਦੀ ਕਾਰਵਾਈ ਯਕੀਨੀ ਹੈ।

Share this content:

Post Comment