Loading Now

ਵੋਟ ਦੀ ਤਾਕਤ/ਡਾ. ਦੁਲਚਾ ਸਿੰਘ ਬਰਾੜ

ਵੋਟ ਦੀ ਤਾਕਤ/ਡਾ. ਦੁਲਚਾ ਸਿੰਘ ਬਰਾੜ

ਤੁਸੀਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ ਜਾਂ ਜਿੰਨੇ ਮਰਜ਼ੀ ਵੱਡੇ ਫ਼ਿਲਾਸਫਰ ਹੋਵੋ ਅਤੇ ਤੁਸੀਂ ਜਿੰਨੀ ਮਰਜ਼ੀ ਖੋਜ ਅਤੇ ਤਜ਼ਰਬੇ ਕਰੇ ਹੋਣ। ਕਈ ਵਾਰ ਤੁਹਾਨੂੰ ਕਿਸੇ ਛੋਟੀ ਜਿਹੀ ਗੱਲ ਦਾ ਪਤਾ ਨਹੀਂ ਲੱਗਦਾ ਜਾਂ ਕਹਿ ਲਉ ਕਿ ਸਮਝ ਨਹੀਂ ਆਉਂਦੀ। ਪਰ ਜਦੋਂ ਪਤਾ ਲੱਗਣ ਲੱਗਦਾ ਹੈ ਜਾਂ ਸਮਝ ਆਉਣ ਲੱਗਦੀ ਹੈ ਤਾਂ ਇਹ ਇਕ ਚੁਟਕਲੇ ਤੋਂ ਵੀ ਲੱਗ ਜਾਂਦੀ ਹੈ।

ਫ਼ਿਲਾਸਫਰ ਉਹ ਹੁੰਦੇ ਹਨ ਜਿੰਨਾਂ ਨੇ ਪੀ. ਐਚਡੀ. ਦੀ ਡਿਗਰੀ ਕੀਤੀ ਹੋਵੇ। ਪੀ.ਐਚਡੀ. (ਡਾਕਟਰ ਆਫ਼ ਫ਼ਿਲਾਸਫੀ) ਖੋਜ-ਕੇਂਦ੍ਰਿਤ ਯੋਗਤਾ ਨੂੰ ਦਰਸਾਉਣ ਲਈ, ਯੂਨੀਵਰਸਿਟੀਆਂ ਵੱਲੋਂ ਦਿੱਤੀ ਜਾਣ ਵਾਲੀ, ਦੁਨੀਆ ਭਰ ਵਿਚ ਸਭ ਤੋਂ ਉੱਚੀ/ ਵੱਡੀ ਪੜ੍ਹਾਈ ਵਾਲੀ ਡਿਗਰੀ ਮੰਨੀ ਗਈ ਹੈ।

ਮੈਂ ਵੀ ਪੀ. ਐਚਡੀ. ਕੀਤੀ ਹੈ। ਫੇਰ ਮੈਂ ਵੀ ਫ਼ਿਲਾਸਫਰ ਹੀ ਹੋਇਆ ਨਾ। ਚਲੋ ਬਾਹਲਾ ਵੱਡਾ/ਤਕੜਾ ਨਾ ਸਹੀ, ਥੋੜ੍ਹਾ ਛੋਟਾ/ ਗੁਜ਼ਾਰੇ ਜੋਗਾ ਹੀ ਸਹੀ, ਪਰ ਹੋਇਆ ਤਾਂ ਫ਼ਿਲਾਸਫਰ ਹੀ ਨਾ।

ਸਾਲ 1978 (22 ਸਾਲ ਦੀ ਉੱਮਰ ਵਿਚ) ਵਿਚ ਮੈਨੂੰ ਵੋਟ ਪਾਉਣ ਵਾਲਾ ਹੱਕ (ਸਾਲ 1988 ਤੱਕ ਵਾਲੇ ਭਾਰਤੀ ਕਾਨੂੰਨ ਤਹਿਤ) ਹਾਸਿਲ ਹੋ ਗਿਆ ਸੀ। ਉੱਦੋਂ ਤੋਂ ਲੈ ਕੇ ਹੁਣ ਤੱਕ, ਮੈਂ ਵੋਟ ਪਾਉਂਦਾ ਰਿਹਾ ਹਾਂ, ਵੋਟਾਂ ਪੈਦੀਆਂ ਵੇਖਦਾ ਰਿਹਾ ਹਾਂ ਅਤੇ ਅਗਲੇ ਸਾਲ (2027) ਵਾਲੀਆਂ ਚੋਣਾਂ ਵਿਚ ਵੀ, ਮੈਂ ਵੋਟ ਪਾਉਣੀ ਹੈ।

ਪਰ ਮੇਰੀ ਇਹ ਗੱਲ ਸੱਚ ਜਾਣਿਉ ਕਿ ਕੱਲ ਸ਼ਾਮ ਤੱਕ, ਮੈਨੂੰ ਵੋਟ ਦੀ ਤਾਕਤ ਦਾ ਪਤਾ ਨਹੀਂ ਸੀ। ਤੁਹਾਨੂੰ ਪਤਾ ਹੀ ਹੈ ਕਿ ਚੋਣਾਂ ਨੇੜੇ ਆਉਣ ‘ਤੇ ਜਿਵੇੰ “ਚਰਖੇ ਦੀ ਘੂਕ ਸੁਣ ਕੇ ਜੋਗੀ ਪਹਾੜੋਂ ਉੱਤਰ ਆਉਂਦੇ ਹਨ”, ਓਵੇਂ ਹੀ ਵੱਖ-ਵੱਖ ਪਾਰਟੀਆਂ ਦੇ ਨੇਤਾ ਲੋਕ ਵੀ ਆਪਣੇ ਘਰਾਂ ਚੋਂ ਨਿਕਲ ਕੇ, ਲੋਕਾਂ ਦੇ ਘਰਾਂ ਵਿਚ ਉੱਤਰਣ ਦੇ ਬਹਾਨੇ ਲੱਭਣ/ਭਾਲਣ/ਤਲਾਸ਼ਣ ਲੱਗ ਪੈਂਦੇ ਹਨ।

ਉਨ੍ਹਾਂ ਨੂੰ ਲੋਕਾਂ ਦੇ ਘਰਾਂ ‘ਚ ਹੋਈਆਂ ਮੌਤਾਂ ਦਾ ਫਿਕਰ ਆਉਣ ਲੱਗ ਪੈਂਦਾ ਹੈ ਅਤੇ ਵਾਰਸ ਵੋਟਰਾਂ ਦੇ ਪਰਲੋਕ ਗਮਨ ਕਰ ਚੁੱਕੇ ਇਨਸਾਨਾਂ ਦਾ ਹੇਜ/ਦੁੱਖ, ਆਪਣੇ ਸਦਾ ਲਈ ਵਿੱਛੜੇ ਪਰਵਾਰਕ ਮੈਂਬਰਾਂ ਨਾਲੋਂ ਵੀ ਵੱਧ ਆਉਣ/ਸਤਾਉਣ ਲੱਗ ਪੈਂਦਾ ਹੈ।

ਨੇਤਾ ਲੋਕ ਚੋਣਾਂ ਨੇੜੇ ਆਈਆਂ ਵੇਖ ਕੇ, ਮਗਰ ਮੱਛ ਵਾਲੇ ਹੰਝੂ ਸਿੱਟਣ ਲਈ, ਭਾਵ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਲਈ, ਸਥਾਨਿਕ ਨੇਤਾਵਾਂ ਦੇ ਸਹਾਰੇ, ਅਜਿਹੇ ਘਰ ਲੱਭਦੇ, ਪਿੰਡਾਂ/ ਢਾਣੀਆਂ/ਕਸਬਿਆਂ/ਸ਼ਹਿਰਾਂ ਵਗੈਰਾ ਵਿਚ ਆਮ ਫਿਰਦੇ ਵੇਖੇ ਜਾ ਸਕਦੇ ਹਨ।

ਚੋਣਾਂ ਨੇੜੇ ਹੋਣ ਵੇਲੇ ਲੋਕ ਚੁਟਕਲੇ ਵੀ, ਚੋਣਾਂ ਦੀ ਤਰਜ਼ ਤੇ ਹੀ ਬਣਾਉਣ/ ਸੁਣਾਉਣ ਲੱਗ ਪੈਂਦੇ ਹਨ। ਕੱਲ੍ਹ ਸ਼ਾਮ ਨੂੰ ਸਾਲ 2027 ਵਾਲੀਆਂ ਚੋਣਾਂ ਨੇੜੇ ਹੋਣ ਕਰ ਕੇ, ਸਾਡੇ ਦੋਸਤ ਪ੍ਰੋਫੈਸਰ, ਡਾ. ਪਵਨ ਕੁਮਾਰ ਸਿੰਗਲਾ ਨੇ, ਸਾਨੂੰ ਪਾਰਕ ਵਿਚ ਬੈਠਿਆਂ ਨੂੰ ਵੀ, ਇਕ ਇਹੋ ਜਿਹਾ ਹਲਕਾ-ਫ਼ੁੱਲਕਾ ਚੁਟਕਲਾ ਹੀ ਸੁਣਾਇਆ ਸੀ।

ਉਹਨੇ ਪਤੰਦਰ ਨੇ ਚੁਟਕਲਾ ਕਾਹਦਾ ਸੁਣਾਇਆ, ਮੈਨੂੰ ਵੋਟ ਦੀ ਤਾਕਤ ਵੀ ਸਮਝਾ ਤੀ। ਵੋਟ ਦੀ ਤਾਕਤ ਦੀ ਸਮਝ, ਜਿਹੜੀ ਮੈਨੂੰ ਫ਼ਿਲਾਸਫਰ (ਚੱਲ ਜਿਹੋ ਜਿਹਾ ਵੀ ਸਹੀ, ਫਿਲਾਸਫਰ ਤਾਂ ਫਿਲਾਸਫਰ ਹੀ ਹੁੰਦੈ) ਹੋਣ ਦੇ ਬਾਵਯੂਦ ਵੀ ਅੱਜ ਤੱਕ ਨਹੀਂ ਆਈ ਸੀ, ਉਹਨੇ ਉਹ ਇਕੋ ਚੁਟਕਲੇ ਨਾਲ ਰਟਾ ਤੀ।

ਉਹ ਚੁਟਕਲਾ ਇਉਂ ਸੀ ਕਿ ਕਿਸੇ ਪਿੰਡ ਵਿਚ ਉੱਪਰੋਕਤ ਕੰਮ ਕਰਦਾ ਫਿਰਦਾ ਇਕ ਨੌਜਵਾਨ ਨੇਤਾ, ਸੱਥ ਵਿਚ ਸਾਹਮਣੇ ਬੈਠੇ, ਇਕ ਘੁੰਤਰੀ ਬੁੜ੍ਹੇ/ਬਜ਼ੁਰਗ ਵੱਲ ਭੱਜ ਕੇ ਗਿਆ। ਉਹਨੇ ਉਹਦੇ ਕੋਲ ਜਾਕੇ, ਪੂਰਾ ਝੁੱਕ/ ਨਿਉਂ ਕੇ ਅਤੇ ਆਪਣੇ ਦੋਵੇਂ ਹੱਥ ਉਹਦੇ ਪੈਰਾਂ ਨੂੰ ਲਾਉਂਦੇ ਹੋਏ, ਪੂਰੇ ਅਦਬ ਸਤਿਕਾਰ ਨਾਲ “ਬਾਬਾ ਜੀ ਸਤਿ ਅਕਾਲ” ਕਹਿ ਕੇ ਪੁੱਛਿਆ, “ਤੱਕੜੇ ਓ ਜੀ?”

ਉਹ ਘੁੰਤਰੀ ਬੁੜ੍ਹਾ “ਪਹਿਲਾਂ ਨਾਲੋਂ ਤਾਂ ਮੈਂ ਹੁਣ ਬਹੁਤ ਤਕੜਾ ਹਾਂ” ਕਹਿ ਕੇ ਨੌਜਵਾਨ ਨੇਤਾ ਦੇ ਮੋਢੇ ਤੇ ਹੱਥ ਧਰ ਕੇ ਅਸੀਸ ਦਿੰਦਾ, “ਨਹੀਂ ਰੀਸਾਂ ਤੁਹਾਡੀਆਂ, ਓਏ ਭਮੱਕੜੋ ਜਿਉਂਦੇ -ਵੱਸਦੇ ਰਹੁ ਅਤੇ ਐਂ ਈ ਫੱਟੇ ਚੁੱਕਦੇ ਰਹੁ” ਕਹਿ ਗਿਆ।

ਨੌਜਵਾਨ ਨੇਤਾ ਝੱਟ ਬੋਲ ਉੱਠਿਆ, “ਲੱਗਦੈ ਬਾਬਾ ਜੀ ਤੁਸੀਂ ਮੈਨੂੰ ਪਛਾਣਿਆ ਨੀਂ ? ਮੈਂ ਭਮੱਕੜ ਨਹੀਂ ਫਲਾਣਾ.. ਹਾਂ ਫਲਾਣਾ … । ਤੁਸੀਂ ਭੁਲੇਖੇ ‘ਚ ਉਨ੍ਹਾਂ ਨੂੰ ਐਵੇਂ ਈ ਅਸੀਸ ਦੇਈ ਜਾ ਰਹੇ ਓ।”

ਉਹ ਫਿੱਟੜੀਆਂ ਦਾ ਫੇਟ ਬੁੜ੍ਹਾ ਬੋਲਿਆ ,”ਨਹੀਂ ਭਾਈ ਕਾਕਾ, ਪਛਾਣ ਤਾਂ ਮੈਂ ਤੈਨੂੰ ਪਹਿਲੀ ਨਜ਼ਰੇ ਈ ਲਿਆ ਸੀ।” ਉਹ ਨੇਤਾ ਨੇ ਪੁੱਛਿਆ , “ਫੇਰ ਤੁਸੀਂ ਅਸੀਸ ਉਨ੍ਹਾਂ ਨੂੰ ਕਿਉਂ ਦੇ ਰਹੇ ਹੋ?”

ਘੁੰਤਰੀ ਬੁੜ੍ਹਾ ਵੀ ਅੱਗੋਂ ਝੱਟ ਬੋਲਿਆ, “ਉਹ ਇਸ ਲਈ ਕਿ ਜੇ ਪਿਛਲੀ ਵਾਰ ਭਮੱਕੜ ਥੋਡੇ ਨਾਲ ਐਂ ਨਾ ਕਰਦੇ, ਤਾਂ ਤੁਸੀਂ ਸਾਡੇ ਕੋਲ ਕੀ ਲੈਣ ਆਉਣਾ ਸੀ? ਥੋਡਾ ਹੈਲੀਕਾਟਰ ਤਾਂ ਪਹਿਲਾਂ ਵਾਂਗ ਈ ਰੌਲਾ ਪਾਉਦਾ, ਸਾਡੇ ਸਿਰ ਤੋਂ ਦੀ ਲੰਘ ਜਾਇਆ ਕਰਨਾ ਸੀ।”

“ਜਿਉਂਦੇ ਰਹਿਣ ਭਮੱਕੜ, ਜਿਨ੍ਹਾਂ ਨੇ ਥੋਨੂੰ ਧਰਤੀ ਦਿੱਸਣ ਲਾ ਦਿੱਤੀ ਅਤੇ ਮਾੜ੍ਹੇ ਮੋਟੇ ਅਸੀਂ ਵੀ ਦਿੱਸਣ ਲੱਗ ਪਏ। ਹੁਣ 2027 ਦੀਆਂ ਚੋਣਾਂ ਨੇੜੇ ਆਈਆਂ ਹਨ। ਤੁਸੀਂ ਗੇੜੇ ਮਾਰਨ ਲੱਗ ਪਏ ਹੋ। ਮੈਂ ਤਾਂ ਏਸ ਕਰ ਕੇ ਉਨ੍ਹਾਂ ਨੂੰ ਅਸੀਸ ਦੇ ਗਿਆ। ਆਉ ਭਾਈ, ਜੀ ਆਇਆਂ ਨੂੰ, ਕੋਈ ਚਾਹ ਪਾਣੀ ਦੱਸੋ।”

ਉਸ ਘੁੰਤਰੀ ਬੁੜ੍ਹੇ ਦੀ ਗੱਲ ਸੁਣ ਕੇ, ਉਸ ਨੌਜਵਾਨ ਨੇਤਾ ਦਾ ਤਾਂ ਪਤਾ ਨਹੀਂ ਕੀ ਹਾਲ ਹੋਇਆ ਹੋਣੈ? ਇਹਦੇ ਬਾਰੇ ਡਾ. ਸਿੰਗਲਾ ਹੀ ਕੁੱਝ ਦੱਸ ਸਕਦੇ ਹਨ। ਪਰ ਇਹ ਚੁਟਕਲਾ ਸੁਣ ਕੇ, ਮੈਨੂੰ ਵੋਟ ਦੀ ਤਾਕਤ ਦੀ ਸਮਝ ਜ਼ਰੂਰ ਪੈ ਗਈ।

ਮੈਨੂੰ ਲੱਗਦਾ ਹੈ ਕਿ ਹੁਣ ਵੋਟਰਾਂ ਨੂੰ ਵੀ ਆਵਦੀ ਵੋਟ ਦੀ ਤਾਕਤ ਦੀ ਸਮਝ ਪੈ ਚੁੱਕੀ ਹੈ। ਆਉਣ ਵਾਲੀਆਂ ਚੋਣਾਂ ‘ਚ ਉਹ ਆਪਣੀ ਵੋਟ ਸਿੱਟ ਕੇ ਨਹੀਂ, ਸਗੋਂ ਪਾ ਕੇ ਆਉਣਗੇ ਅਤੇ ਮੌਕੇ ਮੁਤਾਬਿਕ ਉਸ ਵਿਚਾਰੀ ਦੀ ਤਾਕਤ ਦਾ ਸਹੀ ਇਸਤੇਮਾਲ ਕਰਨਗੇ।

Dallucha-singh-768x1024 ਵੋਟ ਦੀ ਤਾਕਤ/ਡਾ. ਦੁਲਚਾ ਸਿੰਘ ਬਰਾੜ

ਡਾ. ਦੁਲਚਾ ਸਿੰਘ ਬਰਾੜ
ਮੋਬਾਈਲ: +91 8847618831
15 ਅਪ੍ਰੈਲ (੦੨ ਵੈਸਾਖ), 2026

Share this content:

Post Comment