Loading Now

ਪਹਿਲੀ ਐਲਜੀਬੀਟੀਕਿਊ ਸਾਂਸਦ ਬਣੀ ਮੇਨਕਾ ਗੁਰੂਸਵਾਮੀ

ਪਹਿਲੀ ਐਲਜੀਬੀਟੀਕਿਊ ਸਾਂਸਦ ਬਣੀ ਮੇਨਕਾ ਗੁਰੂਸਵਾਮੀ

ਨਵੀਂ ਦਿੱਲੀ, 7 ਅਪ੍ਰੈਲ – ਸੋਮਵਾਰ ਨੂੰ ਭਾਰਤੀ ਸੰਸਦੀ ਇਤਿਹਾਸ ਵਿੱਚ ਉਸ ਵੇਲੇ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਦੇਸ਼ ਦੀ ਉੱਘੀ ਵਕੀਲ ਮੇਨਕਾ ਗੁਰੂਸਵਾਮੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੇਨਕਾ ਭਾਰਤ ਦੀ ਪਹਿਲੀ ਅਜਿਹੀ ਸੰਸਦ ਮੈਂਬਰ ਬਣ ਗਈ ਹੈ ਜਿਸ ਨੇ ਜਨਤਕ ਤੌਰ ’ਤੇ ਆਪਣੇ ‘ਕੁਈਰ’ ਹੋਣ ਦਾ ਪ੍ਰਗਟਾਵਾ ਕੀਤਾ ਹੈ। ਮੇਨਕਾ ਗੁਰੂਸਵਾਮੀ ਨੂੰ ਮੁੱਖ ਤੌਰ ’ਤੇ ਬ੍ਰਿਟਿਸ਼ ਕਾਲ ਦੀ ਧਾਰਾ 377 ਨੂੰ ਚੁਣੌਤੀ ਦੇਣ ਅਤੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਬਾਹਰ ਕਢਵਾਉਣ ਲਈ ਲੜੀ ਗਈ ਕਾਨੂੰਨੀ ਲੜਾਈ ਦੇ ਮੋਹਰੀ ਵਜੋਂ ਜਾਣਿਆ ਜਾਂਦਾ ਹੈ। ਸਾਲ 2019 ਵਿੱਚ ਸੁਪਰੀਮ ਕੋਰਟ ਵੱਲੋਂ ਧਾਰਾ 377 ਨੂੰ ਅੰਸ਼ਕ ਤੌਰ ’ਤੇ ਖਤਮ ਕੀਤੇ ਜਾਣ ਤੋਂ ਬਾਅਦ, ਮੇਨਕਾ ਅਤੇ ਉਨ੍ਹਾਂ ਦੀ ਸਾਥੀ ਅਰੁੰਧਤੀ ਕਾਟਜੂ ਨੇ ਇੱਕ ਕੌਮਾਂਤਰੀ ਟੀਵੀ ਸ਼ੋਅ ਦੌਰਾਨ ਆਪਣੇ ਰਿਸ਼ਤੇ ਦਾ ਜਨਤਕ ਖੁਲਾਸਾ ਕੀਤਾ ਸੀ। ਮੇਨਕਾ ਮੌਜੂਦਾ ਸਮੇਂ ਸੁਪਰੀਮ ਕੋਰਟ ਵਿੱਚ ਚੱਲ ਰਹੇ ‘ਸਮਲਿੰਗੀ ਵਿਆਹ’ ਦੇ ਕੇਸ ਵਿੱਚ ਵੀ ਇੱਕ ਪ੍ਰਮੁੱਖ ਪਟੀਸ਼ਨਰ ਅਤੇ ਵਕੀਲ ਵਜੋਂ ਸਰਗਰਮ ਹੈ। ਇਸ ਤੋਂ ਇਲਾਵਾ, ਉਹ ਆਰ.ਜੀ. ਕਰ ਮੈਡੀਕਲ ਕਾਲਜ ਮਾਮਲੇ ਵਿੱਚ ਤ੍ਰਿਣਮੂਲ ਕਾਂਗਰਸ (TMC) ਦੀ ਨੁਮਾਇੰਦਗੀ ਕਰਨ ਅਤੇ ਛੱਤੀਸਗੜ੍ਹ ਵਿੱਚ ‘ਸਲਵਾ ਜੂਡਮ’ ਵਿਰੁੱਧ ਕਾਨੂੰਨੀ ਜਿੱਤ ਹਾਸਲ ਕਰਨ ਕਾਰਨ ਵੀ ਸੁਰਖੀਆਂ ਵਿੱਚ ਰਹੀ ਹੈ।

ਕੌਣ ਹੈ ਮੇਨਕਾ ਗੁਰੂਸਵਾਮੀ?

ਵਿੱਤ ਮੰਤਰਾਲੇ ਦੇ ਸਾਬਕਾ ਸਲਾਹਕਾਰ ਮੋਹਨ ਗੁਰੂਸਵਾਮੀ ਦੀ ਬੇਟੀ ਮੇਨਕਾ ਦਾ ਵਿੱਦਿਅਕ ਪਿਛੋਕੜ ਬੇਹੱਦ ਸ਼ਾਨਦਾਰ ਹੈ। ਉਨ੍ਹਾਂ ਨੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਤੋਂ ਇਲਾਵਾ ਆਕਸਫੋਰਡ ਯੂਨੀਵਰਸਿਟੀ ਅਤੇ ਹਾਰਵਰਡ ਲਾਅ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਹ ਆਕਸਫੋਰਡ ਵਿੱਚ ‘ਰੋਡਸ ਸਕਾਲਰ’ ਵੀ ਰਹੀ ਹੈ। ਸਾਲ 2019 ਵਿੱਚ ‘ਟਾਈਮਜ਼ ਮੈਗਜ਼ੀਨ’ ਨੇ ਮੇਨਕਾ ਅਤੇ ਅਰੁੰਧਤੀ ਨੂੰ ਵਿਸ਼ਵ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

Share this content:

Post Comment