ਬ੍ਰਿਟੇਨ ਨੇ ਇਰਾਨ ਵਿਰੁੱਧ ਜੰਗ ‘ਚ ਸ਼ਾਮਲ ਹੋਣ ਤੋਂ ਅਮਰੀਕਾ ਨੂੰ ਕੀਤਾ ਇਨਕਾਰ
ਨਵੀਂ ਦਿੱਲੀ, 1 ਅਪ੍ਰੈਲ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਈਰਾਨ ‘ਚ ਚੱਲ ਰਿਹਾ ਸੰਘਰਸ਼ ਯੂਕੇ (UK) ਦੇ ਭਵਿੱਖ ‘ਤੇ ਡੂੰਘਾ ਅਸਰ ਪਾਵੇਗਾ ਅਤੇ ਦੇਸ਼ ਇਸ ਦੇ ਆਰਥਿਕ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, “ਇਹ ਤੂਫ਼ਾਨ ਭਾਵੇਂ ਕਿੰਨਾ ਵੀ ਜ਼ਬਰਦਸਤ ਕਿਉਂ ਨਾ ਹੋਵੇ, ਅਸੀਂ ਇਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।” ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਇਹ ਉਨ੍ਹਾਂ ਦੀ ਜੰਗ ਨਹੀਂ ਹੈ ਅਤੇ ਯੂਕੇ ਇਸ ਵਿਚ ਸ਼ਾਮਲ ਨਹੀਂ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੇ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹੈ।
ਹੋਰਮੂਜ਼ ਸਟ੍ਰੇਟ ਖੋਲ੍ਹਣ ‘ਤੇ ਜ਼ੋਰ
ਵਧ ਰਹੀ ਰਹਿਣ-ਸਹਿਣ ਦੀ ਲਾਗਤ ਬਾਰੇ ਚਿੰਤਾਵਾਂ ‘ਤੇ ਗੱਲ ਕਰਦਿਆਂ ਸਟਾਰਮਰ ਨੇ ਕਿਹਾ, “ਬ੍ਰਿਟੇਨ ‘ਚ ਰਹਿਣ-ਸਹਿਣ ਦੀ ਲਾਗਤ ਨੂੰ ਸੰਭਾਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇਹ ਹੈ ਕਿ ਅਸੀਂ ਮਿਡਲ-ਈਸਟ (ਮੱਧ ਪੂਰਬ) ਵਿੱਚ ਤਣਾਅ ਘੱਟ ਕਰਨ ਤੇ ਹੋਰਮੂਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ‘ਤੇ ਜ਼ੋਰ ਦੇਈਏ, ਜੋ ਕਿ ਊਰਜਾ ਦੀ ਸਪਲਾਈ ਲਈ ਇੱਕ ਬਹੁਤ ਹੀ ਅਹਿਮ ਰਸਤਾ ਹੈ। ਉਨ੍ਹਾਂ ਨੇ ਜਾਰੀ ਕੂਟਨੀਤਕ ਯਤਨਾਂ ‘ਤੇ ਜ਼ੋਰ ਦਿੰਦਿਆਂ ਕਿਹਾ, “ਇਸ ਉਦੇਸ਼ ਲਈ ਅਸੀਂ ਹਰ ਉਸ ਕੂਟਨੀਤਕ ਰਸਤੇ ਦੀ ਭਾਲ ਕਰ ਰਹੇ ਹਾਂ ਜੋ ਸਾਡੇ ਲਈ ਉਪਲਬਧ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਵਿਦੇਸ਼ ਮੰਤਰੀ ਅਤੇ ਚਾਂਸਲਰ G7 ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰ ਚੁੱਕੇ ਹਨ ਤੇ ਰੱਖਿਆ ਮੰਤਰੀ ਮੱਧ ਪੂਰਬ ਦੇ ਸਹਿਯੋਗੀਆਂ ਨਾਲ ਗੱਲਬਾਤ ਕਰ ਰਹੇ ਹਨ। ਯੂਕੇ ਨੇ ਖਾੜ੍ਹੀ ਇਲਾਕੇ ‘ਚ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ 35 ਦੇਸ਼ਾਂ ਨੂੰ ਇੱਕਜੁੱਟ ਕੀਤਾ ਹੈ।
ਆਸਟ੍ਰੇਲਿਆਈ ਪੀਐਮ ਨੇ ਕੀ ਕਿਹਾ?
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਦੇਸ਼ ਦੇ ਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਆਉਣ ਵਾਲੇ ਮਹੀਨੇ ਸੌਖੇ ਨਹੀਂ ਹੋਣਗੇ। ਉਨ੍ਹਾਂ ਕਿਹਾ, “ਆਉਣ ਵਾਲੇ ਮਹੀਨੇ ਆਸਾਨ ਨਹੀਂ ਹੋਣਗੇ। ਮੈਂ ਇਸ ਬਾਰੇ ਸਾਫ਼-ਸਾਫ਼ ਦੱਸ ਦੇਣਾ ਚਾਹੁੰਦਾ ਹਾਂ। ਕੋਈ ਵੀ ਸਰਕਾਰ ਇਸ ਜੰਗ ਕਾਰਨ ਪੈਦਾ ਹੋ ਰਹੇ ਦਬਾਅ ਨੂੰ ਖ਼ਤਮ ਕਰਨ ਦਾ ਵਾਅਦਾ ਨਹੀਂ ਕਰ ਸਕਦੀ। ਮੈਂ ਇਹ ਵਾਅਦਾ ਕਰ ਸਕਦਾ ਹਾਂ ਕਿ ਅਸੀਂ ਆਸਟ੍ਰੇਲੀਆ ਨੂੰ ਇਸ ਦੇ ਸਭ ਤੋਂ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।”
Share this content:



Post Comment