ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ



ਰਹੁ ਵੇ ਇਸ਼ਕਾ !ਬੱਸ ਕਰੀਂ,ਹੁਣ ਛੱਡ ਦੇ ਮੁੰਨਣੇ ਚੇਲੇ,
ਕੰਨਾਂ ਨੂੰ ਨਾ ਚੰਗਾ ਲੱਗੇ, ਤੇਰਾ ਰਾਗ ਕੁਵੇਲੇ ।
ਨਾ ਉਹ ਹੀਰਾਂ, ਨਾ ਉਹ ਰਾਂਝੇ, ਨਾ ਮੰਗੂ ਨਾ ਬਾਰਾਂ,
ਸੁਤੜੇ ਸ਼ੇਰ ਉਲਾਂਘਣ ਵਾਲੇ, ਨਾ ਉਹ ਸੁੰਞੇ ਬੇਲੇ ।
ਨਾ ਮੱਖਣ ਨਾ ਮੱਖਣ ਪਾਲੇ, ਕੁੰਢੀਆਂ ਮੁੱਛਾਂ ਵਾਲੇ,
ਸੋਹਣਿਆਂ ਦੇ ਗਲ ਕੁੰਡਲ ਪਾ ਪਾ ਨਾਗਣ ਜ਼ੁਲਫ ਨ ਪੇਲੇ ।
ਨਾ ਚਿਹਰਿਆ ਤੇ ਲਾਲੀ ਭਖਦੀ, ਨਾ ਨੈਣਾਂ ਵਿਚ ਡੋਰੇ,
ਪਿੱਲੇ ਪਿੰਡੇ ਮੂੰਹ ਵਸਾਰੀ, ਬੱਗੇ ਬੱਗੇ ਡੇਲੇ ।
ਨਾ ਓਹ ਹਰਨਾਂ ਵਾਂਗ ਛੜੱਪੇ, ਨਾ ਉਹ ਖਾਧ ਖੁਰਾਕਾਂ,
ਨਾ ਆਜ਼ਾਦੀ, ਨਾ ਖੁਸ਼ਹਾਲੀ, ਨਾ ਜੋਬਨ ਅਲਬੇਲੇ ।
ਰੀਝਾਂ ਕੌਣ ਕਰੇ ਹੁਣ ਤੇਰੀਆਂ, ਦਿਲ ਫ਼ਿਕਰਾਂ ਨੇ ਘੇਰੇ,
ਢਿੱਡੋਂ ਭੁੱਖੇ ਮਾਹੀਆਂ ਦੇ ਗਲ, ਪੈ ਗਏ ਹੋਰ ਝਮੇਲੇ ।
ਉੱਜੜ ਜਾਣ ਪੜ੍ਹਾਂਦੇ ਮਾਪੇ, ਅੱਗੋਂ ਕਾਰ ਨ ਲੱਭੇ,
ਜਾਨ ਪਈ ਹਟਕੋਰੇ ਖਾਂਦੀ, ਐਸ਼ ਕਰਨ ਕਿਸ ਵੇਲੇ ?
ਇਸ਼ਕੋਂ ਰੂਪ ਵਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇਂ,
ਹੋਣ ਮੁਰੀਦ ਹਜ਼ਾਰਾਂ ਤੇਰੇ, ਬਾਬੂ ਨਵੇਂ ਨਵੇਲੇ ।
“ਨੋ ਵੈਕੈਨਸੀ” ਪੌਲਾ ਵੱਜੇ, ਜਿਸ ਦਫਤਰ ਵਿਚ ਤੱਕੇ,
ਬੂਟ ਗੰਢਾਈ ਦੇਂਦਿਆਂ ਮੁੱਕੇ ਕੰਨੀਓਂ ਪੈਸੇ ਧੇਲੇ ।
ਵਹੁਟੀ ਆਖੇ, ਬਾਬੂ ਜੀ ! ਆਟਾ ਲੈ ਆਓ ਬਜ਼ਾਰੋਂ,
ਖਿਝ ਕੇ ਕਹੇ, ਦਫ਼ਾ ਹੋ ਜਾ, ਕਿਉਂ ਖਾਧੀ ਊ ਜਾਨ ਚੁੜੇਲੇ ।
ਬੇਰੁਜ਼ਗਾਰੀ ਸ਼ੇਰਾਂ ਵਰਗੇ ਗਭਰੂ ਚਾਕੂ ਕੀਤੇ,
ਇਕ ਇਕ ਟੁਕੜੇ ਖ਼ਾਤਰ “ਚਾਤ੍ਰਿਕ” ਸੌ ਸੌ ਪਾਪੜ ਵੇਲੇ ।

ਸਾਂਝਾ ਕਰੋ

ਪੜ੍ਹੋ