Loading Now

ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਨੌਜਵਾਨਾਂ ਦੀ ਸਿਹਤ ’ਤੇ ਮਾੜਾ ਅਸਰ

ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਨੌਜਵਾਨਾਂ ਦੀ ਸਿਹਤ ’ਤੇ ਮਾੜਾ ਅਸਰ

ਹੇਲਸਿੰਕੀ, 20 ਮਾਰਚ – ਵਰਲਡ ਹੈਪੀਨੈੱਸ ਰਿਪੋਰਟ 2026 ਮੁਤਾਬਕ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਨੌਜਵਾਨਾਂ ਦੀ ਸਿਹਤ ’ਤੇ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਤੌਰ ’ਤੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਅਤੇ ਪੱਛਮੀ ਯੂਰੋਪ ਦੇ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਦੀ ਸਿਹਤ ’ਤੇ ਇਸ ਦਾ ਵੱਧ ਪ੍ਰਭਾਵ ਪਿਆ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵੈੱਲਬੀਇੰਗ ਰਿਸਰਚ ਸੈਂਟਰ ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਤੋਂ ਪਤਾ ਲੱਗਿਆ ਕਿ ਫਿਨਲੈਂਡ ਲਗਾਤਾਰ ਨੌਵੇਂ ਸਾਲ ਦੁਨੀਆ ਦਾ ਸਭ ਤੋਂ ਖ਼ੁਸ਼ਹਾਲ ਦੇਸ਼ ਹੈ, ਜਦਕਿ ਚੋਟੀd ਦੇ 10 ਮੁਲਕਾਂ ਵਿੱਚ ਆਈਸਲੈਂਡ, ਡੈਨਮਾਰਕ, ਸਵੀਡਨ ਅਤੇ ਨਾਰਵੇ ਵਰਗੇ ਹੋਰ ਨੋਰਡਿਕ ਦੇਸ਼ ਸ਼ਾਮਲ ਹਨ। ਰਿਪੋਰਟ ਮੁਤਾਬਕ ਪਿਛਲੇ ਦਹਾਕੇ ’ਚ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਲੰਮਾ ਸਮਾਂ ਸਕਰੋਲਿੰਗ ਕਰਦਿਆਂ ਬਿਤਾਇਆ।

ਵਰਲਡ ਹੈਪੀਨੈੱਸ ਰਿਪੋਰਟ ਵਿੱਚ ਅਫ਼ਗਾਨਿਸਤਾਨ ਨੂੰ ਦੁਨੀਆ ਦੇ ਸਭ ਤੋਂ ਨਾਖ਼ੁਸ਼/ਦੁਖੀ ਮੁਲਕ ਦਾ ਦਰਜਾ ਦਿੱਤਾ ਗਿਆ ਹੈ। ਇਸ ਮਗਰੋਂ ਅਫਰੀਕਾ ਦੇ ਸੀਅਰਾ ਲਿਓਨ ਅਤੇ ਮਲਾਵੀ ਆਉਂਦੇ ਹਨ। ਇਹ ਦਰਜਾਬੰਦੀ 140 ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਲਗਭਗ ਇੱਕ ਲੱਖ ਲੋਕਾਂ ਵੱਲੋਂ ਦਿੱਤੇ ਗਏ ਜਵਾਬਾਂ ’ਤੇ ਆਧਾਰਿਤ ਹੈ। ਇਹ ਅਧਿਐਨ ਵਿਸ਼ਲੇਸ਼ਣ ਫਰਮ ਗੈਲਪ ਅਤੇ ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਸਲਿਊਸ਼ਨਰਜ਼ ਨੈੱਟਵਰਕ ਦੀ ਭਾਈਵਾਲੀ ਨਾਲ ਕੀਤਾ ਗਿਆ। ਸਰਵੇਖਣ ਤੋਂ ਇਹ ਵੀ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੋਂ ਬਿਲਕੁਲ ਦੂਰੀ ਬਣਾ ਕੇ ਰੱਖਣ ਵਾਲਿਆਂ ਨਾਲੋਂ ਦਿਨ ਵਿੱਚ ਕਰੀਬ ਇੱਕ ਘੰਟਾ ਸੋਸ਼ਲ ਮੀਡੀਆ ’ਤੇ ਬਿਤਾਉਣ ਵਾਲੇ ਲੋਕ ਵਧੇਰੇ ਤੰਦਰੁਸਤ ਅਤੇ ਖ਼ੁਸ਼ ਹਨ; ਹਾਲਾਂਕਿ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਸਭ ਤੋਂ ਵੱਧ ਮਾੜਾ ਅਸਰ ਨੌਜਵਾਨਾਂ ਅਤੇ ਮੁਟਿਆਰਾਂ ਦੀ ਸਿਹਤ ’ਤੇ ਪੈ ਰਿਹਾ ਹੈ। ਅੱਲੜ੍ਹ ਬੱਚੇ ਸੋਸ਼ਲ ਮੀਡੀਆ ’ਤੇ ਰੋਜ਼ਾਨਾ ਔਸਤਨ ਢਾਈ ਘੰਟੇ ਬਿਤਾ ਰਹੇ ਹਨ।

Share this content:

Post Comment