ਪੀ ਏ ਯੂ ਵੱਲੋਂ ਝੋਨੇ ਦੇ PR-131, PR-132 ਬੀਜਾਂ ਦੀ ਵਿਕਰੀ ’ਤੇ ਰੋਕ
ਚੰਡੀਗੜ੍ਹ, 17 ਮਾਰਚ – ਫਸਲਾਂ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਦਰਮਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨੇ ਵਿਵਾਦਪੂਰਨ ਝੋਨੇ ਦੀਆਂ ਕਿਸਮਾਂ PR-131 ਅਤੇ PR-132 ਦੀ ਵਿਕਰੀ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਅਗਾਮੀ ਸੀਜ਼ਨ ਲਈ ਇੱਕ ਨਵੀਂ ਕਿਸਮ PR-133 ਪੇਸ਼ ਕੀਤੀ ਹੈ। ਇਹ ਕਦਮ ਕਿਸਾਨਾਂ ਦੇ ਉਨ੍ਹਾਂ ਦੋਸ਼ਾਂ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਦੋਵੇਂ ਕਿਸਮਾਂ ਬੌਣੇ ਰੋਗ (ਡਵਾਰਫ ਡਿਜ਼ੀਜ਼) ਦਾ ਸ਼ਿਕਾਰ ਸਨ, ਜਿਸ ਕਾਰਨ ਪਿਛਲੇ ਸਾਲ ਕਾਫੀ ਨੁਕਸਾਨ ਹੋਇਆ ਸੀ। ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਣ ਦੀ ਰਿਪੋਰਟ ਮਿਲੀ ਸੀ।
ਇਛੇਵਾਲ, ਰੋਹਟੀ ਬਸਤਾ, ਰੋਹਟੀ ਮੋਹੜਾ, ਰੋਹਟਾ, ਲੁਬਾਣਾ ਕਰਮੂ, ਕੈਦੂਪੁਰ ਅਤੇ ਧੰਗੇੜਾ ਸਮੇਤ ਪਿੰਡਾਂ ਦੇ ਦੌਰੇ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਸਨ। ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ 8,000 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਬਾਅਦ ਵਿੱਚ ਕੀਤੇ ਗਏ ਸਰਵੇਖਣਾਂ ਵਿੱਚ ਪਾਇਆ ਗਿਆ ਕਿ 25 ਜੂਨ ਤੋਂ ਪਹਿਲਾਂ ਲਗਾਈਆਂ ਗਈਆਂ ਅਗੇਤੀਆਂ ਫ਼ਸਲਾਂ—ਖਾਸ ਕਰਕੇ PR-131, PR-132 ਅਤੇ PR-114—ਸਭ ਤੋਂ ਵੱਧ ਪ੍ਰਭਾਵਿਤ ਹੋਈਆਂ, ਜਿਨ੍ਹਾਂ ਦਾ ਵਾਧਾ ਰੁਕ ਗਿਆ ਸੀ ਅਤੇ ਦਾਣੇ ਵੀ ਸਹੀ ਨਹੀਂ ਬਣੇ ਸਨ।
ਪਟਿਆਲਾ ਦੇ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਤੋਂ ਬਾਅਦ, ਐੱਸ ਬੀ ਐੱਸ ਨਗਰ ਦੇ ਬੱਲੋਵਾਲ ਸੌਂਖੜੀ ਵਿਖੇ ਲੱਗੇ ਤਾਜ਼ਾ ਕਿਸਾਨ ਮੇਲੇ ਵਿੱਚ ਇਹ ਬੀਜ ਵਿਕਰੀ ਲਈ ਨਹੀਂ ਰੱਖੇ ਗਏ ਸਨ, ਕਿਉਂਕਿ ਅਧਿਕਾਰੀਆਂ ਨੇ ਸੰਭਾਵਿਤ ਪ੍ਰਦਰਸ਼ਨਾਂ ਤੋਂ ਬਚਣ ਦਾ ਫੈਸਲਾ ਕੀਤਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਸਮਾਗਮ ਵਿੱਚ ਹੋਣ ਵਾਲੇ ਵਿਰੋਧ ਨੂੰ ਰੋਕਣ ਲਈ ਲਿਆ ਗਿਆ ਸੀ।
ਮੇਲੇ ਵਿੱਚ ਕਿਸਾਨਾਂ ਨੇ ਪੀ ਏ ਯੂ ਵੱਲੋਂ ਵਿਕਸਤ ਕੀਤੀ ਗਈ ਭਰੋਸੇਮੰਦ ਕਿਸਮ PR-126 ਨੂੰ ਭਾਰੀ ਤਰਜੀਹ ਦਿੱਤੀ, ਜਦੋਂ ਕਿ ਵਿਕਰੀ ਕਾਊਂਟਰਾਂ ‘ਤੇ ਨਵੀਂ ਪੇਸ਼ ਕੀਤੀ ਗਈ ਕਿਸਮ PR-133 ਨੂੰ ਬਹੁਤ ਘੱਟ ਹੁੰਗਾਰਾ ਮਿਲਿਆ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਪਹਿਲਾਂ PR-131 ਅਤੇ PR-132 ‘ਤੇ ਇਤਰਾਜ਼ ਉਠਾਏ ਸਨ ਕਿਉਂਕਿ 2025 ਦੇ ਸੀਜ਼ਨ ਦੌਰਾਨ ਦੋਵੇਂ ਕਿਸਮਾਂ ‘ਸਦਰਨ ਰਾਈਸ ਬਲੈਕ-ਸਟ੍ਰੀਕਡ ਡਵਾਰਫ ਵਾਇਰਸ’ (SRBSDV) ਦੀ ਲਪੇਟ ਵਿੱਚ ਆ ਗਈਆਂ ਸਨ।
ਭਾਰੀ ਮਾਨਸੂਨ ਮੀਂਹ ਅਤੇ ਜਲ-ਥਲ ਨੇ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ, ਜਿਸ ਨਾਲ ਵਾਇਰਸ ਫੈਲਣ ਵਿੱਚ ਮਦਦ ਮਿਲੀ। ਰਾਜ ਦੇ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕੇਂਦਰੀ ਏਜੰਸੀਆਂ ਦੇ ਫੀਲਡ ਅਧਿਐਨਾਂ ਨੇ ਇਸ ਦੇ ਵਿਆਪਕ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਪੀ.ਏ.ਯੂ. ਦੇ ਉਪ-ਕੁਲਪਤੀ ਸਤਬੀਰ ਸਿੰਘ ਗੋਸਲ ਨੇ ਇਨ੍ਹਾਂ ਕਿਸਮਾਂ ਦਾ ਬਚਾਅ ਕਰਦਿਆਂ ਪਿਛਲੇ ਸਾਲ ਦੇ ਨੁਕਸਾਨ ਲਈ 2022 ਵਰਗੇ ਪ੍ਰਤੀਕੂਲ ਮੌਸਮੀ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰਾਇਆ।
Share this content:



Post Comment