ਅਮਰੀਕੀ ਇਜ਼ਰਾਇਲੀ ਹਮਲਾ ਤੇ ਇਰਾਨ
ਅਮਰੀਕਾ ਅਤੇ ਇਜ਼ਰਾਈਲ ਨੇ ਨਿਸ਼ਾਨੇ ਮਿੱਥ ਕੇ ਦੂਜੀ ਵਾਰ ਇਰਾਨ ਉੱਤੇ ਮਾਰੂ ਹਮਲਾ ਕੀਤਾ ਹੈ। ਕੀ ਇਸ ਨਾਲ ਇਨ੍ਹਾਂ ਦੋਵਾਂ ਹਮਲਾਵਰ ਮੁਲਕਾਂ ਨੂੰ ਮਿੱਥੇ ਟੀਚੇ ਹਾਸਲ ਹੋਏ ਹਨ? ਜਾਂ ਫਿਰ ਗੱਲ ਉਲਟੀ ਪੈ ਗਈ ਹੈ? ‘ਨਾਟੋ’ ਗੱਠਜੋੜ ਮੁਲਕ ਅਤੇ ਅਮਰੀਕਾ ਦੇ ਸਹਿਯੋਗੀ ਰਹੇ ਦੇਸ਼ (ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਸਪੇਨ, ਕੈਨੇਡਾ, ਜਪਾਨ, ਆਸਟਰੇਲੀਆ, ਦੱਖਣੀ ਕੋਰੀਆ ਅਤੇ ਅਰਬ ਦੇਸ਼ਾਂ ਆਦਿ) ਨੇ ਅਮਰੀਕਾ ਦੇ ਨਾਲ ਹੋ ਕੇ ਜੰਗ ਵਿੱਚ ਸ਼ਾਮਲ ਹੋਣ ਜਾਂ ਸਮੁੰਦਰੀ ਲਾਂਘਾ (ਹੋਰਮੁਜ਼ ਸਟਰੇਟ) ਖੁੱਲ੍ਹਵਾਉਣ ਲਈ ਜੰਗੀ ਬੇੜੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸੰਭਾਵਨਾ ਹੈ ਕਿ ਹੁਣ ਗੱਲ ਮੁਲਕਾਂ ਦੇ ਨਵੇਂ ਨਿਵੇਕਲੇ ਸਮੀਕਰਣ ਜਾਂ ਗੱਠਜੋੜ ਬਣਨ ਵਾਲੇ ਪਾਸੇ ਨੂੰ ਵੀ ਤੁਰ ਸਕਦੀ ਹੈ। ਇਰਾਨ ਉੱਤੇ ਹਮਲਾ ਇਕੱਲੀ-ਇਕਹਿਰੀ ਘਟਨਾ ਨਹੀਂ ਸਗੋਂ ਤਾਕਤ ਅਤੇ ਦੁਨੀਆ ’ਚ ਆਪਣੀ ਚੌਧਰ ਕਾਇਮ ਕਰਨ ਦੀ ਲਾਲਸਾ ਦੇ ਵੱਸ ਪੈ ਕੇ ਦੂਜਿਆਂ ਨਾਲ ਧੱਕਾ ਕਰਨ ਦੀ ਆਦਤ ਪੈ ਜਾਣ ਵਰਗੀ ਗੱਲ ਹੈ।
ਆਪਣੇ ਆਪ ਨੂੰ ਖ਼ੁਦ ਹੀ ਫ਼ੌਜੀ ਮਹਾਸ਼ਕਤੀ ਐਲਾਨ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਬਣਨ ਸਾਰ ਹੀ ਆਖਿਆ ਸੀ ਕਿ ਹੁਣ ਮੈਂ ਅਮਰੀਕਾ ਨੂੰ ਨੰਬਰ ਇੱਕ ਇੰਜ ਬਣਾਵਾਂਗਾ: ਮੈਂ ਕੈਨੇਡਾ (ਅਮਰੀਕਾ ਤੋਂ ਵੀ ਵੱਡੀ ਧਰਤੀ ਵਾਲਾ ਨਾਟੋ ਦਾ ਮੈਂਬਰ ਦੇਸ਼) ਉੱਤੇ ਕਬਜ਼ਾ ਕਰਕੇ ਅਮਰੀਕਾ ਦਾ ਇਕਵੰਜਵਾਂ ਸੂਬਾ ਬਣਾਵਾਂਗਾ; ਨਾਟੋ ਦੇ ਇੱਕ ਹੋਰ ਮੈਂਬਰ ਯੂਰੋਪੀ ਦੇਸ਼ ਗਰੀਨਲੈਂਡ ਨੂੰ ਅਮਰੀਕਾ ਨਾਲ ਰਲਾ ਲੈਣਾ ਹੈ। ਇਸ ਦੇ ਨਾਲ ਹੀ ਬਹੁਤ ਵੱਡੇ ਤੇਲ ਭੰਡਾਰਾਂ ਵਾਲੇ ਆਪਣੇ ਗੁਆਂਢੀ ਲਾਤੀਨੀ ਅਮਰੀਕੀ ਮੁਲਕ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਕਮਾਂਡੋ ਹਮਲਾ ਕਰਕੇ ਚੁੱਕ ਲਿਆਂਦਾ ਤੇ ਆਖਿਆ ਕਿ ਹੁਣ ਉਨ੍ਹਾਂ ਦੇ ਤੇਲ ਉੱਤੇ ਸਾਡਾ ਕਬਜ਼ਾ ਹੈ। ਕੋਲੰਬੀਆ ਅਤੇ ਮੈਕਸਿਕੋ ਵਿੱਚ ਫ਼ੌਜੀ ਦਖਲ ਨਾਲ ਆਪਣੇ ਪੱਖੀ ਸਰਕਾਰਾਂ ਬਣਾਉਣ ਦੀ ਯੋਜਨਾ ਦੇ ਐਲਾਨ ਕਰ ਦਿੱਤੇ। ਇੱਕ ਅਮਰੀਕੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਹੱਸਦਿਆਂ ਆਖਿਆ, “ਬੇਫ਼ਿਕਰ ਰਹੋ, ਥੋੜ੍ਹੇ ਦਿਨਾਂ ਤੱਕ ਵੈਨੇਜ਼ੁਏਲਾ ਦੀ ਤਰ੍ਹਾਂ ਇਰਾਨੀ ਤੇਲ ਵੀ ਸਾਡਾ ਹੋਵੇਗਾ, ਉਸ ਤੋਂ ਬਾਅਦ ਕਿਊਬਾ ਦਾ ਨੰਬਰ ਹੈ।” ਅਜਿਹੀਆਂ ਗੱਲਾਂ ਨੇ ਹੀ ਟਰੰਪ ਦੇ ਅਮਰੀਕਾ ਨੂੰ ਆਪਣੇ ਨਾਲ ਖੜ੍ਹੇ ਹੋਣ ਵਾਲੇ ਦੇਸ਼ਾਂ ਤੋਂ ਵੀ ਇੱਕ ਤਰ੍ਹਾਂ ਦੂਰ ਕਰ ਦਿੱਤਾ ਹੈ।
ਦੂਰ ਕਰਨ ਦੀ ਵਜ੍ਹਾ ਤਾਂ ਕਿਸੇ ਹੋਰ ਦੇਸ਼ ਨਾਲ ਮਸ਼ਵਰਾ ਕੀਤੇ ਬਿਨਾਂ ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਧੋਖੇ ਨਾਲ ਕੀਤਾ ਗਿਆ ਆਪਹੁਦਰਾ ਹਮਲਾ ਵੀ ਬਣਿਆ। ਅਮਰੀਕਾ ਨੇ ਇਰਾਨ ਦੁਆਲੇ ਸਮੁੰਦਰਾਂ ਵਿੱਚ ਜੰਗੀ ਬੇੜੇ ਉਤਾਰੇ। ਇਸ ਦੇ ਆਲੇ-ਦੁਆਲੇ ਦੇ ਅਰਬ ਦੇਸ਼ਾਂ (ਕਤਰ, ਸੱਤ ਦੇਸ਼ਾਂ ਦਾ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਬਹਿਰੀਨ, ਇਰਾਕ, ਕੁਵੈਤ, ਜਾਰਡਨ, ਓਮਾਨ ਆਦਿ) ਵਿਚਲੇ ਆਪਣੇ ਫ਼ੌਜੀ ਅੱਡਿਆਂ ਅਤੇ ਖ਼ੁਫ਼ੀਆ ਏਜੰਸੀਆਂ ਦੇ ਸਹਿਯੋਗ ਨਾਲ ਇਰਾਨ ਵਿੱਚ ਅਸਥਿਰਤਾ ਅਤੇ ਸਰਕਾਰ ਵਿਰੋਧੀ ਮੁਜ਼ਾਹਰਿਆਂ ਨੂੰ ਹਵਾ ਦਿੱਤੀ। ਲੋਕਾਂ ਨੂੰ ਆਖਿਆ ਕਿ ਸਰਕਾਰੀ ਸੰਸਥਾਵਾਂ ਉੱਤੇ ਜ਼ੋਰ ਨਾਲ ਕਬਜ਼ਾ ਕਰ ਲੈਣ, ਅਸੀਂ ਆ ਰਹੇ ਆਂ। ਜਿਵੇਂ ਇਰਾਕ ਦੇ ਹਾਕਮ ਸੱਦਾਮ ਹੁਸੈਨ ਨੂੰ ਅਮਰੀਕਾ ਨੇ ਹੁਕਮ ਦਿੱਤਾ ਸੀ ਕਿ ਤਿੰਨ ਦਿਨਾਂ ਵਿੱਚ ਅਸਤੀਫ਼ਾ ਦੇਵੇ, ਉਵੇਂ ਹੀ ਆਖਿਆ ਕਿ ਇਰਾਨ ਦੀ ਖਮੇਨੇਈ ਸਰਕਾਰ ਤੁਰੰਤ ਗੱਦੀ ਛੱਡੇ, ਨਹੀਂ ਤਾਂ ਹਮਲਾ ਕਰਕੇ ਛੁਡਵਾ ਲਈ ਜਾਵੇਗੀ। ਇਹ ਵੀ ਹੁਕਮ ਦਿੱਤਾ ਕਿ ਸਾਰਾ ਸੋਧਿਆ ਯੂਰੇਨੀਅਮ ਅਮਰੀਕਾ ਹਵਾਲੇ ਕਰ ਦਿੱਤਾ ਜਾਵੇ; ਇਰਾਨ ਪ੍ਰਮਾਣੂ ਵਿਕਾਸ ਕੇਂਦਰਾਂ ਨੂੰ ਤਾਲੇ ਲਾਉਣ ਦੇ ਨਾਲ ਨਾਲ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਉੱਤੇ ਪਾਬੰਦੀ ਲਾਵੇ; ਸਾਡੇ ਨਾਲ ਤੁਰੰਤ ਇਕਰਾਰਨਾਮਾ ਕਰੋ, ਨਹੀਂ ਤਾਂ ਹਮਲਾ ਝੱਲੋ। ਇਹ ਸਾਰੇ ਕਦਮ ਕੌਮਾਂਤਰੀ ਕਦਰਾਂ ਕਾਨੂੰਨਾਂ ਅਤੇ ਯੂ.ਐੱਨ. ਚਾਰਟਰ ਦੀ ਉਲੰਘਣਾ ਸਨ।
ਇਰਾਨ ਨੇ ਮੌਕੇ ਦੀ ਨਜ਼ਾਕਤ ਵੇਖਦਿਆਂ ਪ੍ਰਮਾਣੂ ਬੰਬ ਨਾ ਬਣਾਉਣ ਉੱਤੇ ਸਮਝੌਤਾ ਕਰ ਲੈਣ ਦਾ ਇਸ਼ਾਰਾ ਦਿੱਤਾ ਕਿਉਂਕਿ ਇਹ ਜੰਗ ਟਾਲਣਾ ਚਾਹੁੰਦਾ ਸੀ। ਦੂਜੇ ਪਾਸੇ ਇਜ਼ਰਾਈਲ ਤੇ ਅਮਰੀਕਾ ਆਪਣੀ ਜੰਗੀ ਤਿਆਰੀ ਅਤੇ ਇਰਾਨ ਵਿਚਲੇ ਮੁਜ਼ਾਹਰਿਆਂ ਨੂੰ ਆਪਣੇ ਪੱਖੀ ਸਰਕਾਰ ਬਣਾ ਲੈਣ ਦਾ ਮੌਕਾ ਸਮਝ ਰਹੇ ਸਨ। ਓਮਾਨ ਨੂੰ ਵਿਚੋਲਾ ਬਣਾ ਕੇ ਇਰਾਨ ਨੂੰ ਗੱਲਬਾਤ ਦਾ ਝਾਂਸਾ ਦੇਣ ਮਗਰੋਂ ਅਮਰੀਕਾ ਇਜ਼ਰਾਈਲ ਨੇ 28 ਫਰਵਰੀ 2026 ਨੂੰ ਅਚਨਚੇਤ ਹਮਲਾ ਕਰਕੇ ਇਸ ਦੇ ਸਰਬਉੱਚ ਲੀਡਰ ਆਇਤੁੱਲਾ ਅਲੀ ਖਮੇਨੇਈ ਨੂੰ ਪਰਿਵਾਰ ਦੇ ਕਈ ਮੈਂਬਰਾਂ ਅਤੇ ਮੁੱਖ ਲੀਡਰਸ਼ਿਪ ਸਮੇਤ ਮਾਰ ਸੁੱਟਿਆ ਤੇ ਬਹੁਤ ਤਬਾਹੀ ਮਚਾਈ। ਇਉਂ ਦੁਨੀਆ ਨੇ ਨਵੇਂ ਸਾਮਰਾਜੀ ਸੰਸਾਰ ਚਲਨ ਦੇ ਦਰਸ਼ਨ ਕੀਤੇ। ਟਰੰਪ ਨੇ ਫ਼ਰਮਾਨ ਜਾਰੀ ਕੀਤਾ ਕਿ ਇਰਾਨ ਤੁਰੰਤ ਹਥਿਆਰ ਸੁੱਟ ਦੇਵੇ, ਜਿਸ ’ਤੇ ਇਰਾਨ ਨੇ ਆਖ਼ਰੀ ਦਮ ਤੱਕ ਲੜਨ ਦਾ ਅਹਿਦ ਦਰਸਾਇਆ। ਹੁਣ ਜੰਗ ਨਵੇਂ ਨਿਵੇਕਲੇ ਅੰਦਾਜ਼ ਵਿੱਚ ਭੜਕ ਉੱਠੀ ਹੈ।
ਅਮਰੀਕਾ ਇਜ਼ਰਾਈਲ ਵੱਲੋਂ ਇਰਾਨ ਦੀ ਤਬਾਹੀ ਦਾ ਪੈਟਰਨ ਲਗਭਗ ਜੂਨ 2025 ਦੇ ਹਮਲੇ ਵਾਲਾ ਹੀ ਹੈ, ਜਿਵੇਂ ਆਗੂ ਅਤੇ ਅਫ਼ਸਰ ਮਾਰਨੇ, ਪ੍ਰਮਾਣੂ ਕੇਂਦਰ ਨਸ਼ਟ ਕਰਨੇ, ਫ਼ੌਜੀ ਅਤੇ ਬੁਨਿਆਦੀ ਢਾਂਚਾ ਤਬਾਹ ਕਰਨਾ, ਇਰਾਨੀ ਵਪਾਰ ਰੋਕਣਾ, ਇਰਾਨ ਵਿੱਚ ਅੰਦਰੂਨੀ ਦਖ਼ਲ ਦੇਣਾ/ ਸਾਜ਼ਿਸ਼ਾਂ ਕਰਨੀਆਂ, ਤੇਲ ਢਾਂਚਾ ਬਰਬਾਦ ਕਰਨਾ। ਖ਼ਬਰਾਂ ਇਹ ਹਨ ਕਿ ਇਰਾਨ ਵਿੱਚ 100 ਦੇ ਕਰੀਬ ਪ੍ਰਾਚੀਨ ਸੱਭਿਅਤਾ ਨਾਲ ਸਬੰਧਿਤ ਇਤਿਹਾਸਕ ਵਿਰਾਸਤੀ ਥਾਵਾਂ ਮਲੀਆਮੇਟ ਹੋ ਚੁੱਕੀਆਂ ਹਨ। ਟਰੰਪ ਤੇ ਨੇਤਨਯਾਹੂ ਵੱਡੀ ਤਬਾਹੀ ਕਰਕੇ ਬਹੁਤ ਖ਼ੁਸ਼ ਹੋ ਰਹੇ ਹਨ। ਟਰੰਪ ਨੇ ਕਿਹਾ ਕਿ “ਇਰਾਨ ਹਾਰ ਚੁੱਕਾ ਤੇ ਹਥਿਆਰ ਸੁੱਟਣ ਹੀ ਵਾਲਾ ਹੈ। ਸਾਡੇ ਕੋਲ ਬਹੁਤ ਸਿਆਣੇ ਲੋਕ ਹਨ ਸਰਕਾਰ ਚਲਾਉਣ ਲਈ।” ਪਰ ਇਰਾਨੀ ਲੋਕਾਂ ਦਾ ਕਹਿਣਾ ਹੈ ਕਿ ਲੁੱਟਮਾਰ, ਕਬਜ਼ੇ, ਮੁਨਾਫ਼ੇ ਤੇ ਸਵਾਰਥ ਤਹਿਤ ਨਸਲੀ ਘਾਣ ਕਰਨ ਵਰਗੇ ਪਿਛੋਕੜ ਵਾਲੇ ਅਮਰੀਕੀ ਹਮਲਾਵਰ, ਅਣਖੀਲੀ ਪੂਰਬੀ ਸੋਚ ਨੂੰ ਨਹੀਂ ਸਮਝ ਸਕਦੇ। ਇਰਾਨੀ ਲੋਕ ਤਾਂ ਕਦੇ ਕਿਸੇ ਮੁਲਕ ਦੇ ਗ਼ੁਲਾਮ ਨਹੀਂ ਰਹੇ। ਉਹ ਲੰਮਾ ਸਮਾਂ ਲੜ ਮਰਨਗੇ, ਪਰ ਹਥਿਆਰ ਨਹੀਂ ਸੁੱਟਣਗੇ।
ਦੂਜੇ ਪਾਸੇ ਇਰਾਨ ਨੇ ਜਵਾਬੀ ਹਮਲਾ ਜੂਨ 2025 ਤੋਂ ਵੱਖਰੀ ਤਰ੍ਹਾਂ ਨਾਲ ਕੀਤਾ ਹੈ। ਇਰਾਨ ਨੂੰ ਗੁੱਸਾ ਹੈ ਕਿ ਆਪਣੀ ਧਰਤੀ ਉੱਤੇ ਅਮਰੀਕੀ ਫ਼ੌਜੀ ਅੱਡੇ ਬਣਵਾਈ ਬੈਠੇ ਅਰਬ ਮੁਲਕਾਂ ਨੇ ਅਮਰੀਕਾ ਨੂੰ ਹਮਲੇ ਲਈ ਇੱਕ ਤਰ੍ਹਾਂ ਸਮਰਥਨ ਹੀ ਦਿੱਤਾ ਕਿਉਂਕਿ ਇਨ੍ਹਾਂ ਦੀ ਧਰਤੀ ਤੋਂ ਹੀ ਇਰਾਨ ਉੱਤੇ ਹਮਲੇ ਕੀਤੇ ਗਏ ਅਤੇ ਹੋਰ ਲੋਕਾਂ ਦੇ ਨਾਲ ਨਾਲ 165 ਸਕੂਲੀ ਬੱਚੀਆਂ ਮਾਰ ਦਿੱਤੀਆਂ ਗਈਆਂ। ਇਸ ਸਭ ਕਾਰਨ ਇਰਾਨ ਨੇ ਹੋਰਮੁਜ਼ ਸਮੁੰਦਰੀ ਲਾਂਘਾ ਬੰਦ ਕਰ ਦਿੱਤਾ। ਅਰਬ ਦੇਸ਼ਾਂ ਵਿਚਲੇ ਅਮਰੀਕੀ ਫ਼ੌਜੀ ਅੱਡਿਆਂ, ਸਫ਼ਾਰਤਖਾਨਿਆਂ ਅਤੇ ਹੋਰ ਅਦਾਰਿਆਂ ਉੱਤੇ ਅਸਰਦਾਰ ਹਮਲਾ ਕੀਤਾ, ਜਿਸ ਨੂੰ ਅਮਰੀਕਾ ਪੂਰੀ ਤਰ੍ਹਾਂ ਨਹੀਂ ਰੋਕ ਸਕਿਆ। ਇਰਾਨ ਨੇ ਇਜ਼ਰਾਈਲ ਨੂੰ ਸਬਕ ਸਿਖਾਉਣ ਲਈ ਜਵਾਬੀ ਮਿਜ਼ਾਈਲ ਹਮਲੇ ਕੀਤੇ ਹਨ। ਰੂਸ, ਚੀਨ ਅਤੇ ਉੱਤਰੀ ਕੋਰੀਆ ਨੇ ਇਸ ਬਿਪਤਾ ਵਿੱਚ ਇਰਾਨ ਦੀ ਬਾਂਹ ਫੜੀ ਹੈ।
ਲਿਬਨਾਨੀ ਹਿਜ਼ਬੁੱਲ੍ਹਾ ਵੀ ਇਸ ਜ਼ਿੰਦਗੀ ਮੌਤ ਦੀ ਜੰਗ ਵਿੱਚ ਪੂਰਾ ਕੁੱਦ ਪਿਆ ਕਿਉਂਕਿ ਇਜ਼ਰਾਈਲ ਇਸ ਜੰਗ ਦੀ ਆੜ ਵਿੱਚ ਦੱਖਣੀ ਲਿਬਨਾਨ ਦੇ ਜੁੜਵੇਂ ਇਲਾਕੇ ਉੱਤੇ ਕਬਜ਼ਾ ਕਰ ਲੈਣ ਦੀ ਮਨਸ਼ਾ ਨਾਲ ਛੇ ਮਹੀਨਿਆਂ ਤੋਂ ਰਾਜਧਾਨੀ ਬੈਰੂਤ ਤੱਕ ਹਮਲੇ ਕਰ ਰਿਹਾ ਸੀ। ਉੱਥੇ ਇਲਾਕਾ ਖਾਲੀ ਕਰਨ ਲਈ ਪਰਚੇ ਵੀ ਸੁੱਟੇ ਹਨ। ਇਉਂ ਇਜ਼ਰਾਈਲ ਨੇ ‘ਗਰੇਟਰ ਇਜ਼ਰਾਈਲ’ ਯੋਜਨਾ ਤਹਿਤ ਲਿਬਨਾਨ ਦੀ ਧਰਤੀ ਹਥਿਆਉਣ ਲਈ ਵੀ ਪੂਰਾ ਜ਼ੋਰ ਲਗਾ ਦਿੱਤਾ ਹੈ। ਨੇਤਨਯਾਹੂ ਦਾ ਸੁਪਨਾ ਇਹ ਵੀ ਹੈ ਕਿ ਇਰਾਨ ਦੀ ਹਾਰ ਉਪਰੰਤ ਹੀ ਹੋਰ ਗੁਆਂਢੀ ਇਲਾਕਿਆਂ ਉੱਤੇ ਕਬਜ਼ੇ ਸੁਖਾਲੇ ਹੋਣਗੇ।
ਹੁਣ ਸਵਾਲ ਇਹ ਹੈ ਕਿ ਅਮਰੀਕਾ ਇਜ਼ਰਾਈਲ ਵੱਲੋਂ ਮਿੱਥੇ ਨਿਸ਼ਾਨੇ ਕਿੰਨੇ ਕੁ ਪੂਰੇ ਹੋਏ? ਪਹਿਲਾ ਫੌਰੀ ਨਿਸ਼ਾਨਾ ਸੀ ਲੀਡਰਾਂ ਨੂੰ ਮਾਰਨਾ ਤੇ ਆਪਣੇ ਪੱਖੀ, ਖਮੇਨੇਈ ਦੇ ਵਿਰੋਧੀ ਗੁੱਟ ਨੂੰ ਇਰਾਨ ਦਾ ਹਾਕਮ ਬਣਾ ਦੇਣਾ। ਇਨ੍ਹਾਂ ਦੀਆਂ ਆਸਾਂ ਦੇ ਉਲਟ ਅਮਰੀਕਾ-ਇਜ਼ਰਾਈਲ ਹਮਲੇ ਨੇ ਤਾਂ ਇਰਾਨੀ ਅਣਖ ਨੂੰ ਹਲੂਣ ਕੇ ਕੌਮ ਨੂੰ ਇਕਮੁੱਠ ਕਰ ਦਿੱਤਾ। ਇਰਾਨੀ ਲੋਕ ਫਿਲਹਾਲ ਆਪਣੀਆਂ ਨਿੱਜੀ ਮੰਗਾਂ ਤੇ ਮਸਲੇ ਇੱਕ ਪਾਸੇ ਰੱਖ ਕੇ ਆਪਣੇ ਦਲੇਰ ਆਗੂਆਂ ਪਿੱਛੇ ਡਟ ਗਏ ਹਨ। ਖਮੇਨੇਈ ਦਾ ਪੁੱਤਰ ਮੁਜਤਬਾ ਖਮੇਨੇਈ ਹੁਣ ਇਰਾਨ ਦਾ ਸਰਬਉੱਚ ਆਗੂ ਹੈ।
ਇਸ ਵਕਤ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਦੋਵੇਂ ਪਾਸਿਓਂ ਬਾਰੂਦ ਦਾ ਤਬਾਹਕੁੰਨ ਮੀਂਹ ਵਰ੍ਹ ਰਿਹਾ ਹੈ, ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਇਜ਼ਰਾਇਲੀ ਲੋਕ ਬੰਕਰਾਂ ਵਿੱਚ ਹਨ, ਪਰ ਇਰਾਨੀ ਲੋਕ ਸੜਕਾਂ ਉੱਤੇ ਨਿਕਲ ਕੇ ਸਰਕਾਰ ਦੇ ਨਾਲ ਦਿਸ ਰਹੇ ਹਨ। ਅਰਬ ਦੇਸ਼ਾਂ ਨੂੰ ਇਰਾਨ ਨੇ ਕਿਹਾ ਹੈ ਕਿ ਤੁਸੀਂ ਤਾਂ ਸਾਡੇ ਭਰਾ ਹੋ, ਤੁਹਾਡੀ ਧਰਤੀ ਉੱਤੇ ਅਮਰੀਕੀ ਮੌਜੂਦਗੀ ਹੀ ਤੁਹਾਡੇ ਤੇ ਸਾਡੇ ਕਸ਼ਟਾਂ ਦਾ ਕਾਰਨ ਹੈ। ਇਰਾਨੀ ਹਮਲਿਆਂ ਕਾਰਨ ਅਰਬ ਧਰਤੀ ਉੱਤੇ ਅਮਰੀਕੀ ਫ਼ੌਜੀ ਅੱਡਿਆਂ ਦਾ ਭਵਿੱਖ ਧੁੰਦਲਾ ਜਾਪਦਾ ਹੈ।
ਨਾਟੋ ਦੇਸ਼ਾਂ, ਯੂਰੋਪੀ ਯੂਨੀਅਨ, ਅਰਬ ਦੇਸ਼ਾਂ, ਜਾਪਾਨ, ਆਸਟਰੇਲੀਆ, ਦੱਖਣੀ ਕੋਰੀਆ ਸਭ ਨੇ ਜੰਗ ਵਿੱਚ ਕੁੱਦਣ ਤੇ ਮਦਦ ਕਰਨ ਤੋਂ ਅਮਰੀਕਾ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ। ਇਰਾਨ ਨੇ ਆਖਿਆ ਕਿ ਸਮੁੰਦਰੀ ਲਾਂਘਾ ‘ਹੋਰਮੁਜ਼’ ਸਿਰਫ਼ ਅਮਰੀਕਾ, ਇਜ਼ਰਾਈਲ ਤੇ ਉਨ੍ਹਾਂ ਦੇ ਮਦਦਗਾਰਾਂ ਲਈ ਹੀ ਬੰਦ ਹੈ, ਬਾਕੀ ਸਭ ਲਈ ਖੁੱਲ੍ਹਾ ਹੈ। ਅਮਰੀਕਾ ਨਾਟੋ ਉੱਤੇ ਭੜਕ ਗਿਆ ਹੈ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਸਭ ਦੇਸ਼ਾਂ ਨੂੰ ਲਾਂਘਾ ਖੁਲ੍ਹਵਾਉਣ ਲਈ ਮਦਦ ਕਰਨ ਦੀ ਗੁਹਾਰ ਲਾ ਰਿਹਾ ਹੈ, ਪਰ ਫਿਲਹਾਲ ਸਭ ਵੱਲੋਂ ਨਾਂਹ ਹੈ। ਇਸ ਦੇ ਪਿਛੋਕੜ ਵਿੱਚ ਟਰੰਪ ਦੀ ਧੱਕੇਸ਼ਾਹੀ ਵਾਲੀ ਗਰੀਨਲੈਂਡ, ਕੈਨੇਡਾ ’ਤੇ ਕਬਜ਼ੇ ਦੀ ਮਨਸ਼ਾ ਅਤੇ ਸਾਰੀ ਦੁਨੀਆ ਦੇ ਮੁਲਕਾਂ ’ਤੇ ਵੱਡੇ ਟੈਰਿਫ ਲਾਉਣ ਦੀ ਨੀਤੀ ਵੀ ਹੈ। ਟਰੰਪ ਦੀ ਨਾਟੋ ਨਾਲੋਂ ਦੂਰੀ ਵਧਣੀ ਅਟੱਲ ਜਾਪਦੀ ਹੈ।
ਖ਼ਬਰਾਂ ਦੱਸਦੀਆਂ ਹਨ ਕਿ ਇਜ਼ਰਾਈਲ ਆਪਣੇ ਨੁਕਸਾਨ ਨੂੰ ਲੁਕਾ ਰਿਹਾ ਹੈ। ਨੇਤਨਯਾਹੂ ਅਤੇ ਟਰੰਪ ਨੇ ਜਿਸ ਕਿਸਮ ਦੀ ਸਿਆਸੀ ਭੱਲ ਲਈ ਇਹ ਇਕਪਾਸੜ ਹਮਲਾ ਕੀਤਾ, ਉਹੀ ਇਨ੍ਹਾਂ ਲਈ ਨਮੋਸ਼ੀ ਦਾ ਕਾਰਨ ਬਣਦਾ ਜਾਪਦਾ ਹੈ। ਅਰਬ ਦੇਸ਼ਾਂ ਦੀ ਟਰੰਪ ਨਾਲ ਨਾਰਾਜ਼ਗੀ ਦੀਆਂ ਖ਼ਬਰਾਂ ਹਨ। ਪ੍ਰਮਾਣੂ ਮੁੱਦੇ, ਇਰਾਨ ਦੇ ਮਿਜ਼ਾਈਲ ਵਿਕਾਸ ਅਤੇ ਪ੍ਰੌਕਸੀ ਸੰਗਠਨਾਂ ਬਾਰੇ ਇਰਾਨ ਨੇ ਆਖਿਆ ਕਿ ਉਹ ਹੁਣ ਅਮਰੀਕਾ ਨਾਲ ਕੋਈ ਵਾਰਤਾਲਾਪ ਨਹੀਂ ਕਰੇਗਾ। ਇਰਾਨ ਨੇ ਉਲਟਾ ਆਖਿਆ ਕਿ ਅਮਰੀਕਾ ਸਾਨੂੰ ਜੰਗ ਦਾ ਹਰਜਾਨਾ ਦੇਵੇ ਅਤੇ ਅੱਗੇ ਤੋਂ ਹਮਲਾ ਨਾ ਕਰਨ ਦੀ ਗਾਰੰਟੀ ਦੇਵੇ।
Share this content:



Post Comment