Loading Now

ਥੋਕ ਮਹਿੰਗਾਈ ਦਰ ਵਧੀ; 11 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ

ਥੋਕ ਮਹਿੰਗਾਈ ਦਰ ਵਧੀ; 11 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ

ਨਵੀਂ ਦਿੱਲੀ , 16 ਰਚ-ਦੇਸ਼ ਵਿਚ ਫਰਵਰੀ ਮਹੀਨੇ ਦੌਰਾਨ ਥੋਕ ਮਹਿੰਗਾਈ ਦਰ ਵਧ ਕੇ 2.13 ਫੀਸਦੀ ਹੋ ਗਈ ਹੈ ਜੋ ਕਿ ਪਿਛਲੇ 11 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਥੋਕ ਮੁੱਲ ਸੂਚਕ ਅੰਕ ਵਿੱਚ ਵਾਧਾ ਦੇਖਿਆ ਗਿਆ ਹੈ। ਜਨਵਰੀ ਵਿੱਚ ਇਹ ਦਰ 1.81 ਫੀਸਦੀ ਸੀ। ਇਸ ਵਾਧੇ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ ਅਤੇ ਹੋਰ ਉਦਯੋਗਿਕ ਸਾਮਾਨ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਹਾਲਾਂਕਿ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਕੁਝ ਨਰਮੀ ਆਈ ਹੈ ਪਰ ਦਾਲਾਂ, ਆਲੂ, ਆਂਡੇ ਅਤੇ ਮੀਟ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਮਾਰਚ ਮਹੀਨੇ ਵਿੱਚ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ ਹਨ ਕਿਉਂਕਿ ਥੋਕ ਮਹਿੰਗਾਈ ਸਿੱਧੇ ਤੌਰ ‘ਤੇ ਵਿਸ਼ਵ ਪੱਧਰੀ ਕੀਮਤਾਂ ਨਾਲ ਜੁੜੀ ਹੁੰਦੀ ਹੈ, ਇਸ ਲਈ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਖਾਦਾਂ ਅਤੇ ਧਾਤਾਂ ਵਰਗੀਆਂ ਹੋਰ ਚੀਜ਼ਾਂ ‘ਤੇ ਵੀ ਪਵੇਗਾ। ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਇਸ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ।

ਅਰਥਸ਼ਾਸਤਰੀਆਂ ਅਨੁਸਾਰ ਭਾਵੇਂ ਆਮ ਜਨਤਾ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਸ਼ਾਇਦ ਤੁਰੰਤ ਨਾ ਵਧਣ ਪਰ ਥੋਕ ਪੱਧਰ ‘ਤੇ ਇਸ ਦਾ ਭਾਰੀ ਅਸਰ ਪਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰਚ ਮਹੀਨੇ ਵਿੱਚ ਥੋਕ ਮਹਿੰਗਾਈ ਦਰ ਵਧ ਕੇ 3.7 ਫੀਸਦੀ ਤੱਕ ਪਹੁੰਚ ਸਕਦੀ ਹੈ। ਉਦਯੋਗਿਕ ਖੇਤਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਸਰਕਾਰ ਨੂੰ ਸਪਲਾਈ ਲੜੀ ਨੂੰ ਬਿਹਤਰ ਬਣਾਉਣ ਅਤੇ ਉਦਯੋਗਾਂ ਲਈ ਲਾਗਤ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਰਿਜ਼ਰਵ ਬੈਂਕ ਹਾਲਾਂਕਿ ਵਿਆਜ ਦਰਾਂ ਤੈਅ ਕਰਨ ਲਈ ਪ੍ਰਚੂਨ ਮਹਿੰਗਾਈ ‘ਤੇ ਨਜ਼ਰ ਰੱਖਦਾ ਹੈ, ਪਰ ਥੋਕ ਮਹਿੰਗਾਈ ਵਿੱਚ ਇਹ ਤੇਜ਼ੀ ਆਰਥਿਕਤਾ ਲਈ ਇੱਕ ਚੁਣੌਤੀ ਬਣ ਸਕਦੀ ਹੈ।

Share this content:

Post Comment