Loading Now

ਬੁੱਧ ਬਾਣ/ਬਿੱਲੀ ਦੀਆਂ ਪੁਦੀੜਾਂ ਪੈਂਦੀਆਂ ਦੇਖ਼/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਬਿੱਲੀ ਦੀਆਂ ਪੁਦੀੜਾਂ ਪੈਂਦੀਆਂ ਦੇਖ਼/ਬੁੱਧ ਸਿੰਘ ਨੀਲੋਂ

ਪਹਿਲਾਂ ਮੱਲ ਅਖਾੜਿਆਂ ਦੇ ਵਿੱਚ ਮੰਦਰਾਂ ਵਿੱਚ ਲਾਲ, ਭਗਵੇਂ ਰੰਗ ਦੇ ਲਗੋਟ ਲਟਕਦੇ ਹੁੰਦੇ ਸਨ। ਹੁਣ ਤਾਂ ਹਰ ਦੇ ਬੋਝੇ ਵਿੱਚ ਲਗੋਟ ਹੈ। ਉਂਝ ਉਹ ਆਪਣੇ ਆਪ ਨੂੰ ਬ੍ਰਹਮਚਾਰੀ ਤੇ ਮਹਾਂ ਪੁਰਖ ਸਮਝਦਾ ਹੈ। ਉਸਨੂੰ ਸੋਮਰਸ ਬਿਨਾਂ ਸਾਰਾ ਕੁੱਝ ਚੰਗਾ ਚੰਗਾ ਲੱਗਦਾ ਹੈ। ਉਸਨੂੰ ਇਹ ਵੀ ਪਤਾ ਹੈ ਕਿ ਦੂਜੇ ਦੇ ਮੋਢੇ ਰੱਖ ਕੇ ਬੰਦੂਕ ਕਿਵੇਂ ਚਲਾਉਣੀ ਹੈ। ਉਸਨੂੰ ਇਹ ਵੀ ਪਤਾ ਹੈ ਕਿ ਬੰਦੇ ਦੀ ਸੋਚ ਅਸ਼ਲੀਲ ਨਹੀਂ ਹੁੰਦੀ, ਸ਼ਬਦ ਅਸ਼ਲੀਲ ਹੁੰਦੇ ਹਨ। ਕਿਉਂਕਿ ਸ਼ਬਦਾਂ ਨੇ ਮਰਿਆਦਾ ਭੰਗ ਕਰਨੀ ਹੁੰਦੀ ਹੈ। ਮਨੁੱਖ ਤਾਂ ਦੇਵਤਾ ਹੈ। ਦੇਵਤਿਆਂ ਨੂੰ ਸਭ ਕੁੱਝ ਮੁਆਫ਼ ਹੁੰਦਾ ਹੈ। ਇਹਨਾਂ ਦੇਵਤਿਆਂ ਦੀ ਆਰਤੀ ਉਦੋਂ ਤੱਕ ਉਤਾਰੀ ਜਾਂਦੀ ਸੀ, ਜਦੋਂ ਉਹ ਆਸਣਾਂ ਉਪਰ ਬਿਰਾਜਮਾਨ ਸਨ। ਉਦੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਭੂਤ ਸਵਾਰ ਸੀ। ਉਹ ਦੇਵੀਆਂ ਨੂੰ ਪ੍ਰਵਚਨ ਕਰਦੇ ਵਜਦ ਵਿੱਚ ਬੇਹੋਸ਼ ਹੋ ਜਾਂਦੇ। ਉਹ ਆਪਣੀ ਕੁਟੀਆ ਦੇ ਬਾਹਰ ਦੇਵੀਆਂ ਨੂੰ ਪਹਿਰੇਦਾਰ ਰੱਖਦੇ। ਉਹ ਸੁਖਜੀਤ ਦੀ ਕਹਾਣੀ ” ਕਾਮ ਮਹਾਂਬਲੀ” ਵਰਗੇ ਹਨ। ਉਹਨਾਂ ਦਾ ਤਾਂਡਵ ਨ੍ਰਿਤ ਕਲਾ ਸ਼ਬਦਾਂ ਵਿੱਚ ਹੁੰਦੀ ਹੈ। ਵਾਸਤਕ ਜ਼ਿੰਦਗੀ ਵਿੱਚ ਨਹੀਂ, ਉਹਨਾਂ ਕਿੰਨੀਆਂ ਕੂੰਰਬਲਾਂ ਨੂੰ ਪੈਰਾਂ ਹੇਠ ਲਿਤਾੜ ਕੇ ਆਪਣੇ ਆਪ ਬ੍ਰਹਮ ਸ਼ਕਤੀ ਹਾਸਲ ਕੀਤੀ ਹੈ? ਇਸ ਦੇ ਪ੍ਰਵਚਨ ਅਗਲੀ ਸਾਖੀ ਵਿੱਚ।

ਜ਼ਿੰਦਗੀ ਦੇ ਸਫ਼ਰ ਵਿੱਚ ਬੰਦੇ ਨੂੰ ਹਰ ਵੇਲੇ ਕੋਈ ਨਾ ਕੋਈ ਸੌਦਾ ਕਰਨਾ ਪੈਂਦਾ ਹੈ। ਇਹ ਸੌਦਾ ਮਹਿੰਗਾ ਤੇ ਸਸਤਾ ਵੀ ਹੋ ਸਕਦਾ ਹੈ। ਮੰਡੀ ਕੋਈ ਵੀ ਹੋਵੇ, ਉਥੇ ਵਸਤੂਆਂ ਦੇ ਸੌਦੇ ਹੁੰਦੇ ਹਨ। ਜੇ ਕੋਈ ਸੌਦਾ ਸਿਰੇ ਨਾ ਚੜ੍ਹ ਸਕੇ ਤਾਂ ਵਿਚਕਾਰ ਕੋਈ ਤੀਜਾ ਬੰਦਾ ਪਾਇਆ ਜਾਂਦਾ ਹੈ। ਇਸ ਨੂੰ ਦਲਾਲ ਕਹਿੰਦੇ ਹਨ। ਅੰਗਰੇਜ਼ੀ ਵਿੱਚ ਕਮਿਸ਼ਨ ਏਜੰਟ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਦਲਾਲ ਸ਼ਬਦ ਬਦਨਾਮ ਹੋ ਗਿਆ ਹੈ। ਹੁਣ ਇਹ ਦੱਲਾ ਬਣ ਕੇ ਨਰਕ ਦੀ ਜੂਨ ਭੋਗਦਾ ਹੈ। ਅੱਜਕੱਲ੍ਹ ਸਮਾਜ ਵਿੱਚ ਦਲਾਲਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜ਼ਿੰਦਗੀ ਜਿਉਣ ਤੇ ਭੋਗਣ ਵਿੱਚ ਏਨਾ ਕੁ ਅੰਤਰ ਹੁੰਦਾ ਹੈ। ਇੱਕ ਗੁਲਾਮ ਤੇ ਦੂਜਾ ਨਵਾਬ ਬਣ ਜਾਂਦਾ ਹੈ। ਦੋਵੇਂ ਰਹਿੰਦੇ ਇਸ ਧਰਤੀ ਦੇ ਉੱਪਰ ਹੀ ਹਨ। ਨਵਾਬ ਕੁਰਸੀ ਤੇ ਗ਼ੁਲਾਮ ਧਰਤੀ ਤੇ ਬਹਿ ਕੇ ਪ੍ਰਸ਼ਾਦਾ ਪਾਣੀ ਛਕਦਾ ਹੈ। ਜਦੋਂ ਸਿਕੰਦਰ ਬਾਦਸ਼ਾਹ ਮਰਨ ਲੱਗਿਆ ਤਾਂ ਉਹ ਕਹਿੰਦਾ, “ਮੇਰੀ ਕਬਰ ਤੇ ਲਿਖਿਆ ਜਾਵੇ, ਮੈਂ ਬੰਦਾ ਅਹਿਮ ਸੀ, ਇਹ ਮੇਰਾ ਵਹਿਮ ਸੀ।

ਬਹੁਤੇ ਲੋਕ ਵੱਡੀਆਂ ਵੱਡੀਆਂ ਸੰਸਥਾਵਾਂ ਵਿੱਚ ਹੁੰਦੇ ਹਨ, ਉਹ ਉਨ੍ਹਾਂ ਸੰਸਥਾਵਾਂ ਦੇ ਮੁਖੀਏ ਬਣ ਕੇ ਆਪਣੇ ਆਪ ਨੂੰ ਮਾਲਕ ਸਮਝਣ ਦਾ ਭ੍ਰਮ ਪਾਲ ਲੈਂਦੇ ਹਨ। ਭ੍ਰਮ ਵਿੱਚ ਪਿਆ ਬੰਦਾ ਨਰਕ ਵਿੱਚ ਡਿੱਗਦਾ ਹੈ। ਡਿੱਗਿਆ ਹੋਇਆ ਫੇਰ ਜਦੋਂ ਤੱਕ ਉਠਦਾ ਉਦੋਂ ਤੱਕ ਸਮਾਂ ਨੇੜੇ ਆ ਜਾਂਦਾ ਹੈ। ਫੇਰ ਬੰਦਾ ਸੋਚਦਾ ਹੈ ਕਿ ਇਹ ਕੀ ਕਰ ਲਿਆ? ਉਂਝ ਉਪਰਲੇ ਬਿਨਾਂ ਪੱਤਾ ਨਹੀਂ ਹਿਲਦਾ। ਜਦੋਂ ਉਪਰਲੇ ਬਿਨਾਂ ਪੱਤਾ ਨਹੀਂ ਹਿਲਦਾ ਫੇਰ ਬੰਦਾ ਸੌਦੇਬਾਜ਼ੀ ਕਰਨ ਕਿਉਂ ਲੱਗਦਾ? ਕੀ ਅਹੁਦਿਆਂ ਬਿਨਾਂ ਸੰਸਥਾਵਾਂ ਦੀ ਸੇਵਾ ਨਹੀਂ ਕੀਤੀ ਜਾ ਸਕਦੀ? ਪਰ ਇਹਨਾਂ ਵਿੱਚ ਹੁੰਦਾ ਸੌਦਾ ਹੀ ਹੈ, ਕਈ ਵਾਰ ਚੋਣਾਂ ਦਾ ਪਾਖੰਡ ਕੀਤਾ ਜਾਂਦਾ ਹੈ। ਵੋਟਰਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ। ਸੌਦੇ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਠੇਕੇ ਤੇ ਲੈਣ ਲਈ ਅਕਸਰ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਓਨੇ ਦੀ ਜ਼ਮੀਨ ਨਹੀਂ ਹੁੰਦੀ, ਜਿੰਨਾਂ ਠੇਕਾ ਲੱਗਦਾ ਹੈ। ਪਿਛਲੇ ਸਮਿਆਂ ਵਿੱਚ ਕੁੱਝ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਕੁੱਝ ਹੋਇਆ ਹੈ। ਜਦੋਂ ਬੰਦਾ ਆਈ ਉਪਰ ਆ ਜਾਵੇ ਫੇਰ ਉਹ ਘਾਟਾ ਨਹੀਂ ਦੇਖਦਾ ਆਪਣੀ ਤਾਕਤ ਦੇਖਦਾ ਹੈ।

ਮੈਨੂੰ ਇੱਕ ਕਥਾ ਚੇਤੇ ਆ ਗਈ ਹੈ, ਉਹ ਤੁਸੀਂ ਵੀ ਸੁਣ ਲਵੋ, ਪਹਿਲੇ ਸਮਿਆਂ ਵਿੱਚ ਲੋਕ ਕੱਚੇ ਘਰਾਂ ਵਿੱਚ ਵਸਦੇ ਸਨ, ਰੱਜ ਕੇ ਖਾਂਦੇ ਸਨ ਤੇ ਖੁੱਲ੍ਹ ਕੇ ਹੱਸਦੇ ਸਨ। ਉਹ ਬੰਦੇ ਆਪਣੇ ਬੋਲ ਪੁਗਾਉਂਦੇ ਸਨ। ਉਦੋਂ ਅਸ਼ਟਾਮ ਪੇਪਰ ਉਪਰ ਕੀਤੇ ਕਾਰਨਾਮੇ ਨਾਲੋਂ ਬੰਦੇ ਦੇ ਬੋਲ ਹੀ ਅਸ਼ਟਾਮ ਪੇਪਰ ਹੁੰਦੇ ਸਨ। ਹੁਣ ਤਾਂ ਲੋਕ ਹਲਫੀਆ ਬਿਆਨ ਦੇ ਕੇ ਵੀ ਮੁਕਰ ਜਾਂਦੇ ਹਨ। ਹੁਣ ਬੰਦੇ ਨਹੀਂ ਰਹੇ, ਵਸਤੂਆਂ ਬਣ ਗਏ ਹਨ। ਵਸਤੂਆਂ ਨੂੰ ਕੋਈ ਖਰੀਦਦਾਰ ਖ਼ਰੀਦ ਸਕਦਾ ਹੈ। ਅੱਜਕੱਲ੍ਹ ਤਾਂ ਅਹੁਦੇ ਵੀ ਵੇਚੇ ਜਾਂਦੇ ਤੇ ਖ਼ਰੀਦੇ ਜਾਂਦੇ ਹਨ। ਇਸ ਗੱਲ ਦਾ ਪਿਛਲੇ ਸਮਿਆਂ ਵਿੱਚ ਬੜਾ ਰੌਲਾ ਪੈਂਦਾ ਰਿਹਾ ਹੈ। ਸਿਆਸੀ ਪਾਰਟੀਆਂ ਦੀਆਂ ਟਿਕਟਾਂ ਵਿਕਦੀਆਂ ਹਨ। ਜਿਵੇਂ ਜ਼ਮੀਨਾਂ ਤੇ ਪਲਾਟ ਵਿਕਦੇ ਹਨ। ਮੇਲਿਆਂ ਵਿੱਚ ਖਿਡੌਣੇ ਵਿਕਦੇ ਹਨ। ਖੇਡਾਂ ਵਿੱਚ ਖਿਡਾਰੀ ਵਿਕਦੇ ਹਨ। ਸਰਕਾਰਾਂ ਵਿੱਚ ਲਿਖਾਰੀ ਵਿਕਦੇ ਹਨ। ਵਿਕਣ ਵਾਲੇ ਕਦੇ ਵੀ ਕਿਤੇ ਵੀ ਵਿਕ ਸਕਦੇ ਹਨ। ਖ਼ੈਰ ਤੁਸੀਂ ਕਥਾ ਸ੍ਰਵਣ ਕਰੋ।

ਇੱਕ ਆਦਮੀ ਦੇ ਘਰ ਵਿਚੋਂ ਰੋਜ਼ ਬਿੱਲੀ ਦੁੱਧ ਪੀ ਕੇ ਭੱਜ ਜਾਇਆ ਕਰੇ। ਆਦਮੀ ਬੜਾ ਚੰਗਾ ਹੋਇਆ ਸੀ। ਇਸ ਦਾ ਇਲਾਜ ਕੀ ਕਰੀਏ। ਇੱਕ ਦਿਨ ਉਹ ਲੁੱਕ ਕੇ ਹੱਥ ਛੰਨਾਂ ਫੜ ਕੇ ਬਹਿ ਗਿਆ। ਜਦੋਂ ਬਿੱਲੀ ਅੰਦਰ ਵੜੀ, ਉਸ ਨੇ ਛੰਨਾਂ ਬਿੱਲੀ ਵੱਲ ਇਉਂ ਮਾਰਿਆ ਜਿਵੇਂ ਈਰਾਨ ਅਮਰੀਕਾ ਦੇ ਅੱਡਿਆਂ ਤੇ ਮਿਜ਼ਾਈਲਾਂ ਦਾਗ਼ ਰਿਹਾ ਹੈ। ਬਿੱਲੀ ਦੇ ਜਦੋਂ ਛੰਨਾਂ ਵੱਜ ਕੇ ਗਲੀਂ ਵਿੱਚ ਛਨ ਛਨ ਛਨ ਕਰਦਾ ਜਾਵੇ। ਤਾਂ ਉਹ ਦੀ ਪਤਨੀ ਬੋਲੀਂ, “ਬਿੱਲੀ ਤਾਂ ਭੱਜ ਛੰਨਾਂ ਭੰਨ ਲਿਆ।”
ਆਦਮੀ ਕਹਿੰਦਾ, “ਤੂੰ ਛੰਨੇ ਨੂੰ ਨਾ ਦੇਖ਼, ਬਿੱਲੀ ਦੀਆਂ ਪੁਦੀੜਾਂ ਪੈਂਦੀਆਂ ਦੇਖ।

“ਇਹੋ ਜਿਹਾ ਹਾਲ ਹੁਣ ਅਮਰੀਕਾ ਵਾਲੇ ਟਰੰਪ ਦਾ ਹੋਇਆ ਪਿਆ ਹੈ। ਹੁਣ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਐਕਸ ਉਪਰ ਅਪੀਲਾਂ ਦੀ ਝੜੀ ਲਾਈ ਹੋਈ ਹੈ। ਅਮਰੀਕਾ ਵਲੋਂ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਦਾ ਰਹੀਆਂ ਹਨ। ਹਾਲਤ ਐਨੀ ਤਰਸਯੋਗ ਬਣੀ ਹੋਈ ਹੈ ਪਹਿਲਾਂ ਕਦੇ ਨਹੀਂ ਹੋਈ। ਹੁਣ ਟੱਕਰ ਫਸਵੀਂ ਹੈ, ਜਿੱਤ ਹਾਰ ਤਾਂ ਇੱਕ ਦੀ ਹੋਣੀਂ ਹੈ। ਪਰ ਜਿਹੜੀਆਂ ਪੁਦੀੜਾਂ ਪੈ ਰਹੀਆਂ ਹਨ। ਇਸਨੇ ਇਸ ਲੜਾਈ ਨੂੰ ਦਿਲਚਸਪ ਬਣਾ ਦਿੱਤਾ ਹੈ।

“ਭਾਗਵਾਨੇ ਤੂੰ ਬਿੱਲੀ ਦੀਆਂ ਪੁਦੀੜਾਂ ਪੈਂਦੀਆਂ ਦੇਖ, ਛੰਨਾਂ ਹੋਰ ਨਵਾਂ ਆ ਜਾਵੇਗਾ।”
ਗੱਲ ਤਾਂ ਐਨੀ ਕੁ ਹੀ ਹੈ। ਬਾਕੀ ਸਿਆਣੇ ਨੂੰ ਇਸ਼ਾਰਾ, ਵੋਟਰ ਨੂੰ ਲਾਰਾ, ਟੈਪੂ ਨੂੰ ਸਵਾਰੀ, ਲਿਖਣ ਨੂੰ ਲਿਖਾਰੀ, ਵਪਾਰ ਨੂੰ ਵਪਾਰੀ। ਹਰ ਇੱਕ ਦਾ ਆਪਣਾ ਵੱਖਰਾ ਧੰਦਾ ਹੁੰਦਾ ਹੈ। ਇਸ ਵਿੱਚ ਵਾਧਾ ਘਾਟਾ ਕੋਈ ਨਹੀਂ ਜਾਣਦਾ।

ਜਦੋਂ ਤੁਸੀਂ ਦੂਜਿਆਂ ਨੂੰ ਕਮਜ਼ੋਰ ਸਮਝਦੇ ਹੋ, ਤੁਸੀਂ ਮੂਰਖ਼ ਕਹਾਉਂਦੇ ਓ। ਇੱਕ ਪਾਸੇ ਟਰੰਪ ਤੇ ਉਸ ਦੀ ਜੁੰਡਲੀ ਤੇ ਦੂਜੇ ਪਾਸੇ ਈਰਾਨ ਤੇ ਉਨ੍ਹਾਂ ਦਾ ਖ਼ੁਦਾ ਹੈ। ਸਿਆਣੇ ਆਖਦੇ ਹਨ ਜੀਹਦੇ ਨਾਲ ਖ਼ੁਦਾ ਹੋਵੇ, ਉਹਦਾ ਵਾਲ ਵਿੰਗਾ ਨਹੀਂ ਹੁੰਦਾ।
ਕਮਾਲ ਦੀ ਲੜਾਈ ਹੈ।
Budh-singh-nelon-244x300 ਬੁੱਧ ਬਾਣ/ਬਿੱਲੀ ਦੀਆਂ ਪੁਦੀੜਾਂ ਪੈਂਦੀਆਂ ਦੇਖ਼/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment