Loading Now

ਮਨਰੇਗਾ ਕਾਮਿਆਂ ਵੱਲੋਂ ਰੋਹ ਭਰਪੂਰ ਧਰਨਾ

ਮਨਰੇਗਾ ਕਾਮਿਆਂ ਵੱਲੋਂ ਰੋਹ ਭਰਪੂਰ ਧਰਨਾ

ਸ੍ਰੀ ਮੁਕਤਸਰ ਸਾਹਿਬ, 7 ਮਾਰਚ – ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੱਦੇ ਉੱਤੇ ਨਰੇਗਾ ਕਾਮਿਆਂ ਵੱਲੋਂ ਸ਼ੁੱਕਰਵਾਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਂਅ ਯਾਦ ਪੱਤਰ ਭੇਜਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਚੌਹਾਨ ਨੂੰ ਯਾਦ ਕਰਵਾਇਆ ਕਿ ਸਾਲ 2025 ਦੌਰਾਨ ਪੰਜਾਬ ਫੇਰੀ ਸਮੇਂ ਜਲੰਧਰ ਵਿਖੇ ਮਨਰੇਗਾ ਕਾਮਿਆਂ ਨਾਲ ਮੀਟਿੰਗ ਵਿੱਚ ਮਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਸੁਣ ਕੇ ਭਰੋਸਾ ਦਿੱਤਾ ਸੀ ਕਿ ਕੰਮ ਵੀ ਮਿਲੇਗਾ, ਹੱਕਦਾਰਾਂ ਨੂੰ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾਵੇਗਾ ਤੇ ਭਿ੍ਰਸ਼ਟਾਚਾਰ ਕਰਨ ਵਾਲਿਆ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਜ਼ਿਲ੍ਹਾ ਸਕੱਤਰ ਸਮਸ਼ੇਰ ਸਿੰਘ ਥਾਂਦੇਵਾਲਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ, ਗੁਰਮੇਲ ਸਿੰਘ ਦੋਦਾ, ਜੈਮਲ ਸਿੰਘ ਭੰਗਚੜ੍ਹੀ, ਬੋਹਤ ਸਿੰਘ ਖੂੰਨਣ, ਜਸਵਿੰਦਰ ਸਿੰਘ, ਸਾਹਿਬ ਚੰਦ ਅਤੇ ਜਥੇਬੰਦੀ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਸੰਬੋਧਨ ਕੀਤਾ।ਆਗੂਆਂ ਐਲਾਨ ਕੀਤਾ ਕਿ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਹਰ ਰੋਜ਼ ਦੋ ਪਿੰਡ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਬੈਠਣਗੇ।ਉਨ੍ਹਾਂ ਕਿਹਾ ਕਿ ਮਨਰੇਗਾ ਹੱਕ ਕਾਨੂੰਨੀ ਹੱਕ ਹੈ, ਜਿਸ ਨੂੰ ਹਰ ਹਾਲ ਵਿੱਚ ਪ੍ਰਾਪਤ ਕੀਤਾ ਜਾਵੇਗਾ।ਉਹਨਾਂ ਮਨਰੇਗਾ ਕਾਮਿਆਂ ਨੂੰ ਕਿਹਾ ਕਿ ਭਾਵੇਂ ਨਵਾਂ ਕਾਨੂੰਨ ਬਣਾਇਆ ਜਾ ਰਿਹਾ, ਪਰ ਉਹ ਅਜੇ ਨੋਟੀਫਾਈ ਨਹੀਂ ਕੀਤਾ ਗਿਆ, ਉਸ ਕਾਨੂੰਨ ਵਿੱਚ 12 ਘੰਟੇ ਕੰਮ ਦਿਹਾੜੀ ਕਰਨ ਦੀ ਤਜਵੀਜ਼ ਹੈ, ਜਿਸ ਦਾ ਡਟ ਕੇ ਵਿਰੋਧ ਹੋਵੇਗਾ ਅਤੇ ਮਨਰੇਗਾ 2005 ਵਿੱਚ ਮਿਲੀਆਂ ਗਾਰੰਟੀਆਂ ਨੂੰ ਖੋਹਣ ਨਹੀਂ ਦਿੱਤਾ ਜਾਏਗਾ।

Share this content:

Post Comment