ਭਾਰਤੀ ਵਿਦਿਆਰਥੀਆਂ ਨੂੰ ਅੱਧੀ ਜਾਂ ਉਸ ਤੋਂ ਘੱਟ ਫੀਸ ’ਤੇ ਪੜ੍ਹਾਉਣਗੀਆਂ ਵਿਦੇਸ਼ੀ ਯੂਨੀਵਰਸਿਟੀਆਂ
ਨਵੀਂ ਦਿੱਲੀ, 4 ਮਾਰਚ – ਦੇਸ਼ ਵਿਚ ਆਪਣੇ ਕੈਂਪਸ ਖੋਲ੍ਹ ਰਹੀਆਂ ਵਿਦੇਸ਼ੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੂੰ ਇਨ੍ਹਾਂ ਯੂਨੀਵਰਸਿਟੀਆਂ ਦੇ ਵਿਦੇਸ਼ੀ ਕੈਂਪਸ ਦੇ ਮੁਕਾਬਲੇ ਅੱਧੀ ਜਾਂ ਇਸ ਤੋਂ ਘੱਟ ਫੀਸ ਹੀ ਭਰਨੀ ਪਵੇਗੀ। ਸਿੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਵਿਚੋਂ ਕੁਝ ਕੋਰਸਾਂ ਦੀ ਫੀਸ ਵਿਦੇਸ਼ੀ ਕੈਂਪਸ ਦੇ ਮੁਕਾਬਲੇ 25 ਫ਼ੀਸਦੀ ਤੱਕ ਰਹੇਗੀ ਯਾਨੀ ਜੇਕਰ ਵਿਦੇਸ਼ੀ ਕੈਂਪਸ ਵਿਚ 100 ਰੁਪਏ ਫੀਸ ਲੈ ਰਹੇ ਹਨ ਤਾਂ ਦੇਸ਼ ਵਿਚ 25 ਰੁਪਏ ਦੀ ਫੀਸ ’ਤੇ ਦਾਖਲਾ ਦਿੱਤਾ ਜਾਵੇਗਾ। ਹੁਣ ਤੱਕ ਦੇਸ਼ ਵਿਚ 19 ਵਿਦੇਸ਼ੀ ਯੂਨੀਵਰਸਿਟੀਆਂ ਨੂੰ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ ਪੰਜ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਗੁਜਰਾਤ ਦੇ ਗਿਫਟ ਸਿਟੀ ਵਿਚ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਸਿੱਖਿਆ ਮੰਤਰਾਲੇ ਮੁਤਾਬਕ, ਦੇਸ਼ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਇਸ ਸ਼ਰਤ ’ਤੇ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵਿਦੇਸ਼ੀ ਕੈਂਪਸ ਦੇ ਮੁਕਾਬਲੇ ਅੱਧੀ ਜਾਂ ਇਸ ਤੋਂ ਘੱਟ ਫੀਸ ’ਤੇ ਪੜ੍ਹਾਉਣਗੇ। ਇਹ ਗੱਲ ਵੱਖਰੀ ਹੈ ਕਿ ਹੁਣ ਤੱਕ ਜਿਨ੍ਹਾਂ 19 ਵਿਦੇਸ਼ੀ ਯੂਨੀਵਰਸਿਟੀਆਂ ਨੂੰ ਦੇਸ਼ ਵਿਚ ਆਪਣੇ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿਚੋਂ ਗਿਫਟ ਸਿਟੀ ਵਿਚ ਦੋ ਅਤੇ ਉਸ ਤੋਂ ਬਾਹਰ ਗੁਰੂਗ੍ਰਾਮ ਵਿਚ ਇਕ ਵਿਦੇਸ਼ੀ ਯੂਨੀਵਰਸਿਟੀ ਨੇ ਹੀ ਵਿੱਦਿਅਕ ਸਰਗਰਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿਚੋਂ ਹਰੇਕ ਦੀ ਸਮਰੱਥਾ 150 ਤੋਂ 200 ਸੀਟਾਂ ਤੱਕ ਹੀ ਹੈ।
ਮੰਤਰਾਲੇ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਲਈ ਇਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨਾ ਕਾਫੀ ਆਸਾਨ ਹੋਵੇਗਾ ਕਿਉਂਕਿ ਇਨ੍ਹਾਂ ਵਿਚ ਵਿਦੇਸ਼ਾਂ ਦੇ ਮੁਕਾਬਲੇ ਘੱਟ ਫੀਸ ਲੱਗੇਗੀ, ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਰਹਿਣ-ਖਾਣ ਅਤੇ ਆਵਾਜਾਈ ਆਦਿ ’ਤੇ ਹੋਣ ਵਾਲੇ ਭਾਰੀ ਖਰਚ ਤੋਂ ਵੀ ਉਹ ਬਚ ਸਕਣਗੇ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸਾਰੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੈਂਪਸ ਸ਼ੁਰੂ ਹੋਣ ਵਿਚ ਡੇਢ ਤੋਂ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਨਾਲ ਹੀ ਜੇਕਰ ਇਹ ਸਾਰੀਆਂ 150 ਤੋ2 200 ਸੀਟਾਂ ਦੀ ਕੁੱਲ ਸਮਰੱਥਾ ਨਾਲ ਹੀ ਸ਼ੁਰੂ ਹੁੰਦੀਆਂ ਹਨ ਤਾਂ ਇਨ੍ਹਾਂ ਵਿਚ ਵੱਧ ਤੋਂ ਵੱਧ ਸਾਢੇ ਤਿੰਨ ਤੋਂ ਚਾਰ ਹਜ਼ਾਰ ਵਿਦਿਆਰਥੀ ਹੀ ਪੜ੍ਹ ਸਕਣਗੇ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦੇਣ ਦੀ ਲੜੀ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਮਹੀਨੇ ਪੰਜ ਨਵੀਆਂ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦਿੱਤੀ ਹੈ।
Share this content:


Post Comment