ਮਾਂ ਬਹੁਤ ਉਦਾਸ ਸੀ
ਉਸ ਦਿਨ ਮਾਂ ਬਹੁਤ ਉਦਾਸ ਸੀ। ਭਾਵੇਂ ਮਾਂ ਨੂੰ ਸਦਾ ਲਈ ਵਿੱਛੜਿਆਂ 16 ਸਾਲ ਹੋ ਗਏ ਹਨ, ਪਰ ਉਸ ਦਿਨ ਦਾ ਚੇਤਾ ਮਨ ਨੂੰ ਬਹੁਤ ਉਦਾਸ ਕਰ ਜਾਂਦਾ ਹੈ। ਸੱਚੀਂ! ਮਾਵਾਂ ਉਦਾਸ ਹੋ ਹੀ ਜਾਂਦੀਆਂ ਹਨ ਜਦ ਉਨ੍ਹਾਂ ਦਾ ਢਿੱਡੋਂ ਜਾਇਆ ਪ੍ਰਦੇਸ ਲਈ ਘਰੋਂ ਬਾਹਰ ਪੈਰ ਰੱਖਦਾ ਹੈ। ਦਰਾਂ ਤੋਂ ਬਾਹਰ ਜਾਂਦੀਆਂ ਪੈੜਾਂ ਲਈ ਮਨ ਵਿੱਚ ਇਹ ਵੀ ਤੌਖਲਾ ਪੈਦਾ ਹੁੰਦਾ ਹੈ ਕਿ ਇਹ ਪੈੜਾਂ ਪਤਾ ਨਹੀਂ ਕਦੋਂ ਘਰ ਨੂੰ ਮੁੜਨਗੀਆਂ? ਮਾਵਾਂ ਦੇ ਦਿਲ ਵਿੱਚ ਹੌਲ਼ ਪੈ ਜਾਂਦਾ ਹੈ। ਇੱਕ ਖੋਹ ਜਿਹੀ ਪੈਂਦੀ ਹੈ ਅਤੇ ਉਹ ਨਾ-ਚਾਹੁੰਦਿਆਂ ਹੋਇਆਂ ਵੀ ਬਹੁਤ ਉਦਾਸ ਹੋ ਕੇ ਨਿਰਾਸ਼ਾ ਦੇ ਆਲਮ ਵਿੱਚ ਗਵਾਚ ਜਾਂਦੀਆਂ ਹਨ।
ਉਸ ਦਿਨ ਵੀ ਅਜਿਹਾ ਹੀ ਹੋਇਆ ਸੀ। ਮਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਸੀ ਕਿ ਚੰਗੀ ਭਲੀ ਨੌਕਰੀ ਕਰਦਾ, ਚੰਗਾ ਘਰ-ਬਾਰ ਅਤੇ ਸੁੱਖਾਂ ਭਰੀ ਜ਼ਿੰਦਗੀ ਛੱਡ ਕੇ ਮੇਰਾ ਪੁੱਤ ਇਸ ਉਮਰੇ ਪਰਦੇਸ ਨੂੰ ਤੁਰ ਪਵੇਗਾ। ਜੀਵਨ ਦੇ ਵਧੀਆ ਮੁਕਾਮ ’ਤੇ ਪਹੁੰਚ, ਫਿਰ ਤੋਂ ਨਵੀਂ ਜ਼ਿੰਦਗੀ ਦੀ ਸਥਾਪਤੀ ਲਈ ਦੁਬਾਰਾ ਜੱਦੋਜਹਿਦ ਕਰੇਗਾ। ਖ਼ੁਦ ਨੂੰ ਮਿਹਨਤ ਦੀ ਭੱਠੀ ਵਿੱਚ ਝੋਕੇਗਾ ਅਤੇ ਫਿਰ ਤੋਂ ਆਪਣੇ ਪੈਰਾਂ ਹੇਠਲੀ ਧਰਤ ਅਤੇ ਸਿਰ ਉੱਪਰਲੇ ਅਕਾਸ਼ ਦੀ ਤਲਾਸ਼ ਵਿੱਚ ਦਿਨ ਰਾਤ ਇੱਕ ਕਰੇਗਾ।
ਮਾਂ ਇਹ ਤਾਂ ਜਾਣਦੀ ਸੀ ਕਿ ਕਾਲਜ ਪੜ੍ਹਦੇ ਪੁੱਤ ਨੂੰ ਵਿਦੇਸ਼ ਭੇਜਣ ਲਈ ਕਈ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਅੱਗੇ ਤਰਲੇ ਵੀ ਕੀਤੇ ਕਿ ਉਸ ਦਾ ਪੁੱਤ ਵੀ ਬਾਹਰ ਚਲਾ ਜਾਵੇ। ਵਿਦੇਸ਼ ਵਿੱਚ ਰਹਿੰਦੀ ਮਾਂ ਦੀ ਸਕੀ ਭੈਣ ਅਤੇ ਗੁਆਂਢਣ ਸਹੇਲੀ ਵੀ ਮਾਂ ਦਾ ਕੁਝ ਨਾ ਸਵਾਰ ਸਕੀਆਂ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਵਿਦੇਸ਼ ਵਿੱਚ ਨਾ ਜਾ ਸਕਿਆ ਅਤੇ ਵਧੀਆ ਸਥਾਪਤ ਹੋ ਗਿਆ।
ਮਾਂ ਬਹੁਤ ਉਦਾਸ ਸੀ ਕਿ ਕਿੰਨੀਆਂ ਮੁਸ਼ਕਿਲਾਂ ਨਾਲ ਪੁੱਤ ਨੂੰ ਸਰਕਾਰੀ ਕਾਲਜ ਵਿੱਚ ਪ੍ਰੋਫੈਸਰੀ ਮਿਲੀ ਸੀ ਅਤੇ ਬਦਲੀ ਕਰਵਾ ਕੇ ਘਰ ਦੇ ਨੇੜੇ ਆਇਆ ਸੀ। ਉਸ ਨੂੰ ਪਤਾ ਸੀ ਕਿ ਸਾਧਾਰਨ ਪਰਿਵਾਰਾਂ ਦੇ ਪੜ੍ਹੇ ਲਿਖੇ ਜੁਆਕਾਂ ਨੂੰ ਨੌਕਰੀ ਲਈ ਕਿੰਨੇ ਤਰਦੱਦ ਕਰਨੇ ਪੈਂਦੇ ਹਨ। ਕੌਣ ਪੁੱਛਦਾ ਏ ਮੈਰਿਟ ਨੂੰ? ਹਰ ਨੌਕਰੀ ਹੀ ਵਿਕਾਊ ਹੈ। ਲਗਭਗ ਚੰਗੀਆਂ ਨੌਕਰੀਆਂ ਰਾਜਸੀ ਲੋਕਾਂ ਦੇ ਰਿਸ਼ਤੇਦਾਰਾਂ ਤੀਕ ਹੀ ਸੀਮਤ ਹੁੰਦੀਆਂ ਹਨ। ਬੇਰੁਜ਼ਗਾਰੀ ਤੋਂ ਨੌਕਰੀ ਪ੍ਰਾਪਤੀ ਤੀਕ ਦੇ ਦਿਨਾਂ ਦੀ ਤਰਾਸਦੀ ਨੂੰ ਪਿੰਡੇ ’ਤੇ ਉਕਰਾ, ਹੌਕਿਆਂ ਨੂੰ ਸਾਹਾਂ ਵਿੱਚ ਵਸਾ ਅਤੇ ਦਰਦਵੰਤੇ ਦਿਨਾਂ ਦੀ ਯਾਦ ਮਨ ਵਸਾ ਕੇ ਸੁਖਨ-ਰਾਹਾਂ ਦਾ ਪਾਂਧੀ ਬਣਿਆ ਸੀ ਪੁੱਤ ਮੇਰਾ। ਮਾਂ ਸੋਚਦੀ ਸੀ ਕਿ ਜੇਕਰ ਫਿਰ ਤੋਂ ਪੁੱਤ ਆਪਣੇ ਆਪ ਨੂੰ ਪਰਖਣ ਲਈ ਵਿਦੇਸ਼ ਨੂੰ ਤੁਰ ਪਿਆ ਤਾਂ ਇਸ ਦਾ ਰਾਜ਼ ਕੀ ਹੈ?
ਮਾਂ ਉਦਾਸ ਸੀ ਕਿਉਂਕਿ ਸ਼ਹਿਰ ਵਿੱਚ ਪੁੱਤ ਦੇ ਹੁੰਦਿਆਂ ਜਦੋਂ ਉਹ ਪਿੰਡੋਂ ਆਉਂਦੀ ਤਾਂ ਉਹ ਬੱਸ ਅੱਡੇ ਤੋਂ ਨਿਕਲ ਸੜਕ ’ਤੇ ਜਾ ਰਹੇ ਕਿਸੇ ਵੀ ਜਵਾਨ ਬੱਚੇ ਨੂੰ ਕਹਿ ਦਿੰਦੀ ਕਿ ਉਸ ਨੇ ਪ੍ਰੋਫੈਸਰ ਕਲੋਨੀ, ਫਲਾਣੇ ਪ੍ਰੋਫੈਸਰ ਦੇ ਘਰ ਜਾਣਾ। ਕੋਈ ਵੀ ਜੁਆਕ ਖੁਸ਼ੀ ਖੁਸ਼ੀ ਉਸ ਨੂੰ ਘਰ ਛੱਡ ਜਾਂਦਾ ਸੀ। ਕਪੂਰਥਲਾ ਛੋਟਾ ਸ਼ਹਿਰ ਹੋਣ ਕਰਕੇ ਸਾਰੇ ਬੱਚੇ ਰਣਧੀਰ ਕਾਲਜ ਵਿੱਚ ਪੜ੍ਹਦੇ ਹਨ ਅਤੇ ਉਹ ਸਾਰੇ ਪ੍ਰੋਫੈਸਰਾਂ ਨੂੰ ਜਾਣਦੇ ਹੁੰਦੇ ਹਨ। ਭਲਾ ਹੁਣ ਉਹ ਕਿਸ ਨੂੰ ਕਹੇਗੀ ਕਿ ਉਸ ਦਾ ਪੁੱਤ ਪ੍ਰੋਫੈਸਰ ਹੈ ਜਦ ਕਿ ਉਸ ਦਾ ਪੁੱਤ ਤਾਂ ਵਿਦੇਸ਼ ਨੂੰ ਹੀ ਤੁਰ ਚੱਲਿਆ ਹੈ।
ਮਾਂ ਉਦਾਸ ਸੀ ਕਿਉਂਕਿ ਹੁਣ ਸ਼ਹਿਰ ਆਉਣ ਦਾ ਕੋਈ ਕਾਰਨ ਹੀ ਨਹੀਂ ਸੀ ਰਹਿਣਾ। ਉਸ ਦੇ ਸ਼ਹਿਰ ਵਿੱਚ ਆਉਣ ਦਾ ਮਤਲਬ ਸੀ ਕੁਝ ਦਿਨ ਮੇਰੇ ਕੋਲ ਠਹਿਰਨਾ। ਕਦੇ ਪੇਕਿਆਂ ਨੂੰ ਤੁਰ ਜਾਣਾ, ਕਦੇ ਆਪਣੀ ਧੀ ਨੂੰ ਮਿਲਣ ਚਲੇ ਜਾਣਾ। ਕਦੇ ਕਿਸੇ ਮੱਸਿਆ ਨਾਹੁਣ ਤੁਰ ਪੈਣਾ। ਕਦੇ ਕਦਾਈਂ ਸ਼ਹਿਰ ਵਿੱਚ ਰਹਿੰਦੀਆਂ ਪਿੰਡ ਦੀਆਂ ਹਮ-ਉਮਰ ਸਹੇਲੀਆਂ ਨੂੰ ਮਿਲਣ ਚਲੇ ਜਾਣਾ ਕਿਉਂਕਿ ਮੇਰੇ ਪਿੰਡ ਦੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਦੀ ਬਿਹਤਰ ਪੜ੍ਹਾਈ ਲਈ ਕਪੂਰਥਲੇ ਆ ਗਏ ਸਨ। ਪੁੱਤ ਦੇ ਜਾਣ ਨਾਲ ਇਹ ਸਭ ਕੁਝ ਹੀ ਖ਼ਤਮ ਹੋ ਜਾਣਾ ਕਿਉਂਕਿ ਹੁਣ ਸ਼ਹਿਰ ਆਉਣ-ਜਾਣ ਦਾ ਬਹਾਨਾ ਹੀ ਕੋਈ ਨਹੀਂ ਰਹਿਣਾ।
ਮਾਂ ਬਹੁਤ ਉਦਾਸ ਸੀ ਕਿਉਂਕਿ ਉਹ ਜਾਣਦੀ ਸੀ ਕਿ ਵਿਦੇਸ਼ ਵਿੱਚ ਰਹਿੰਦਿਆਂ ਦੇ ਦੁੱਖ ਤੇ ਵਿਛੋੜਾ ਕੀ ਹੁੰਦਾ ਹੈ। ਕਈ ਸਾਲਾਂ ਤੱਕ ਘਰਾਂ ਤੋਂ ਦੂਰ ਰਹਿਣਾ। ਆਰ-ਪਰਿਵਾਰਾਂ ਨੂੰ ਭੁੱਲ ਜਾਣਾ। ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਵਿੱਚ ਆਪਣਿਆਂ ਨੂੰ ਭੁਲਾ ਕੇ ਆਪਣੇ ਜੀਵਨ ਨੂੰ ਨਵ-ਸਥਾਪਤੀ ਦੇ ਰਾਹ ਤੋਰਨਾ। ਮਾਂ ਬਹੁਤ ਉਦਾਸ ਸੀ ਕਿ ਸੋਹਲ ਅੰਗਾਂ ਵਾਲਾ, ਪੜ੍ਹਨ-ਪੜ੍ਹਾਉਣ ਵਾਲਾ ਅਤੇ ਕਲਮਕਾਰੀ ਕਰਨ ਵਾਲੇ ਉਸ ਦੇ ਪੁੱਤ ਨੂੰ ਕਿਸੇ ਨੇ ਪ੍ਰੋਫੈਸਰ ਥੋੜ੍ਹਾ ਬਣਾ ਦੇਣਾ। ਉੱਥੇ ਕਿਸੇ ਕਾਰਖਾਨੇ ਜਾਂ ਹੋਰ ਥਾਂ ’ਤੇ ਦਿਹਾੜੀ ਕਰੇਗਾ। ਛੋਟੀ ਜਿਹੀ ਬੇਸਮੈਂਟ ਵਿੱਚ ਆਪਣੇ ਪਰਿਵਾਰ ਨੂੰ ਉਹ ਸੁੱਖ-ਸਹੂਲਤਾਂ ਕਿਵੇਂ ਦੇਵੇਗਾ ਜਿਹੜੀਆਂ ਉਹ ਇੱਥੇ ਦੇ ਰਿਹਾ ਸੀ। ਪੰਜਾਹ ਸਾਲ ਦੀ ਉਮਰ ਵਿੱਚ ਪਹੁੰਚ ਕੇ ਤਾਂ ਬੰਦਾ ਸਿਰਫ਼ ਸੁੱਖ-ਆਰਾਮ ਦਾ ਆਦੀ ਹੋ ਜਾਂਦਾ ਹੈ। ਮਿਹਨਤ ਦੇ ਦਿਨ ਤਾਂ ਪੁੱਗ ਗਏ ਹੁੰਦੇ। ਇਸ ਨੇ ਕਿਹੜੀ ਉਮਰੇ ਬਾਹਰ ਜਾਣ ਦਾ ਪੰਗਾ ਲੈ ਲਿਆ। ਇਹ ਆਪ ਵੀ ਰੁਲ ਜਾਵੇਗਾ ਅਤੇ ਆਪਣੇ ਪਰਿਵਾਰ ਨੂੰ ਵੀ ਰੋਲ ਲਵੇਗਾ। ਪਤਾ ਨਹੀਂ ਇਸ ਦੇ ਮਨ ਵਿੱਚ ਕੀ ਖ਼ਬਤ ਆਇਆ ਕਿ ਇਹ ਪਰਵਾਸੀ ਹੋਣ ਦੇ ਰਾਹੇ ਤੁਰ ਪਿਆ।
ਮਾਂ ਇਸ ਕਰਕੇ ਵੀ ਉਦਾਸ ਸੀ ਕਿ ਹੋਰ ਕੁਝ ਸਾਲਾਂ ਤੱਕ ਪੁੱਤ ਨੇ ਕਿਸੇ ਕਾਲਜ ਦਾ ਪ੍ਰਿੰਸੀਪਲ ਬਣ ਕੇ ਆਪਣੇ ਪਰਿਵਾਰ ਦਾ ਨਾਮ ਚਮਕਾਉਣਾ ਸੀ। ਮਾਂ ਨੂੰ ਵੀ ਚੰਗਾ ਲੱਗਣਾ ਸੀ ਕਿ ਉਸ ਦੇ ਪੁੱਤ ਦਾ ਰੁਤਬਾ ਵਧ ਗਿਆ ਹੈ। ਚੰਗਾ ਭਲਾ ਚੋਖੇ ਪੈਸੇ ਕਮਾਉਂਦੇ ਦੇ ਮਨ ਵਿੱਚ ਇਹ ਘਤਿੱਤ ਪਤਾ ਨਹੀਂ ਕਿਸ ਨੇ ਵਾੜ ਦਿੱਤੀ?
ਮਾਂ ਇਸ ਕਰਕੇ ਵੀ ਉਦਾਸ ਸੀ ਕਿ ਪੇਕਿਆਂ/ਸਹੁਰਿਆਂ ਦੇ ਖਾਨਦਾਨ ਵਿੱਚੋਂ ਕੋਈ ਵੀ ਸਾਇੰਸ ਦੀ ਉਚੇਰੀ ਪੜ੍ਹਾਈ ਕਰਕੇ ਇੱਕ ਹੀ ਪ੍ਰੋਫੈਸਰ ਬਣਿਆ ਸੀ। ਉਹ ਵੀ ਪ੍ਰੋਫੈਸਰੀ ਛੱਡ ਕੇ ਪਤਾ ਨਹੀਂ ਕਿਹੜੀਆਂ ਗਿਣਤੀਆਂ-ਮਿਣਤੀਆਂ ਨੂੰ ਮਨ ਵਿੱਚ ਧਾਰ ਕੇ ਬਾਹਰ ਨੂੰ ਤੁਰ ਚੱਲਿਆ।
ਮਾਂ ਦੇ ਮਨ ਵਿੱਚ ਬਹੁਤ ਕੁਝ ਆਉਂਦਾ ਸੀ ਕਿਉਂਕਿ ਮਾਵਾਂ ਦੀ ਫ਼ਿਕਰਮੰਦੀ ਸਿਰਫ਼ ਆਪਣੇ ਬੱਚਿਆਂ ਲਈ ਹੀ ਨਹੀਂ ਹੁੰਦੀ ਸਗੋਂ ਸਮੁੱਚੇ ਪਰਿਵਾਰ ਲਈ ਹੁੰਦੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੀ ਇਕਮੁੱਠਤਾ ਅਤੇ ਨੇੜਤਾ ਵਿੱਚੋਂ ਹੀ ਮਨ ਦੀ ਸ਼ਾਂਤੀ ਅਤੇ ਸੁੱਖ ਭਾਲਦੀਆਂ ਹਨ।
ਦਰਅਸਲ, ਮੇਰੇ ਕੈਨੇਡਾ ਜਾਣ ਬਾਰੇ ਮੇਰੇ ਮਾਪਿਆਂ ਨੂੰ ਬਿਲਕੁਲ ਹੀ ਇਲਮ ਨਹੀਂ ਸੀ। ਮੇਰਾ ਇਹ ਫ਼ੈਸਲਾ, ਭਵਿੱਖਮੁਖੀ, ਬਹੁਅਰਥੀ ਅਤੇ ਬਹੁਪੱਖੀ ਸੀ। ਪੰਜਾਬ ਦੇ ਵਿਗੜ ਰਹੇ ਹਾਲਾਤ, ਨੌਜਵਾਨਾਂ ਵਿੱਚ ਪੈਦਾ ਹੋ ਰਹੀ ਬੇਗਾਨਗੀ ਤੇ ਬੇਰੁਜ਼ਗਾਰੀ ਅਤੇ ਰਾਜਸੀ ਲੀਡਰਾਂ ਵੱਲੋਂ ਪੰਜਾਬ ਨੂੰ ਵਿਸਾਰ ਕੇ ਨਿੱਜ ਨੂੰ ਪ੍ਰਮੁੱਖਤਾ ਦੇਣ ਤੋਂ ਇਹ ਸਪੱਸ਼ਟ ਹੋ ਰਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਹੋਣਗੇ। ਇਸ ਲਈ ਆਪਣੀ ਔਲਾਦ ਦੇ ਬਿਹਤਰ ਅਤੇ ਸੁਰੱਖਿਅਤ ਭਵਿੱਖ ਲਈ ਇਹ ਕਦਮ ਉਠਾਉਣਾ ਮੇਰੇ ਲਈ ਲਾਜ਼ਮੀ ਸੀ। ਵੈਸੇ ਵੀ ਜਦ ਤੁਸੀਂ ਬੇਟੀਆਂ ਦੇ ਬਾਪ ਹੁੰਦੇ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਹੁੰਦੀ ਹੈ। ਇਸੇ ਫ਼ਿਕਰਮੰਦੀ ਵਿੱਚ ਹੀ ਅੰਕਾਂ ਦੇ ਆਧਾਰ ’ਤੇ ਪਰਿਵਾਰ ਸਮੇਤ ਕੈਨੇਡਾ ਦੀ ਇਮੀਗਰੇਸ਼ਨ ਲੈਣ ਦਾ ਮਨ ਬਣਾਇਆ ਸੀ।
ਮੈਂ ਇਹ ਵੀ ਜਾਣਦਾ ਸਾਂ ਕਿ ਮੇਰੇ ਲਈ ਇਹ ਫ਼ੈਸਲਾ ਸੁਖਾਵਾਂ ਜਾਂ ਆਸਾਨ ਨਹੀਂ ਹੋਵੇਗਾ ਸਗੋਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਇਨ੍ਹਾਂ ਚੁਣੌਤੀਆਂ ਰਾਹੀਂ ਮੈਂ ਖੁਦ ਨੂੰ ਵੀ ਪਰਖਣਾ ਚਾਹੁੰਦਾ ਸਾਂ। ਚੰਗੀ ਸਥਾਪਤੀ ਤੋਂ ਬਾਅਦ ਮੁੱਢ ਤੋਂ ਨਵੀਂ ਸਥਾਪਤੀ ਦੇ ਰਾਹ ਤੁਰਨਾ ਅਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ, ਉਨ੍ਹਾਂ ਵਿੱਚੋਂ ਉੱਭਰਨਾ ਹੀ ਸਵੈ ਦੀ ਜਿੱਤ ਹੁੰਦੀ ਹੈ।
ਮੈਨੂੰ ਇਹ ਵੀ ਅਹਿਸਾਸ ਸੀ ਕਿ ਜੇਕਰ ਮੇਰੇ ਬੱਚਿਆਂ ਨੇ ਵਿਦੇਸ਼ ਵਿੱਚ ਸੈਟਲ ਹੋਣ ਦਾ ਮਨ ਬਣਾਇਆ ਤਾਂ ਹੋ ਸਕਦਾ ਹੈ ਕਿ ਸੌਦੇਬਾਜ਼ੀ ਜਾਂ ਸਮਝੌਤਾ ਕਰਨਾ ਪਵੇ। ਇਸ ਸੌਦੇਬਾਜ਼ੀ ਵਿੱਚ ਪੈਦਾ ਹੋਏ ਅਣਜੋੜ ਰਿਸ਼ਤਿਆਂ ਦਾ ਬੋਝ ਮਾਪਿਆਂ ਦੀ ਧੌਣ ਨੀਵੀਂ ਕਰੀ ਰੱਖਦਾ ਹੈ। ਆਪਣੀ ਔਲਾਦ ਦੇ ਦਰਦ ਵਿੱਚ ਪੀੜ ਪੀੜ ਹੋਏ ਮਾਪੇ ਨਾ ਜਿਉਂਦੇ ਅਤੇ ਨਾ ਹੀ ਮਰਦੇ। ਮਨ ਵਿੱਚ ਸੀ ਕਿ ਪਰਵਾਸ ਕਰਨ ਨਾਲ ਬੱਚਿਆਂ ਨੂੰ ਆਪਣੇ ਮਨ ਦੇ ਵਿਰੁੱਧ ਜਾ ਕੇ ਕੋਈ ਸਮਝੌਤਾ ਨਹੀਂ ਕਰਨਾ ਪਵੇਗਾ। ਆਪਣੀਆਂ ਸ਼ਰਤਾਂ ਅਤੇ ਚੋਣ ਦੇ ਆਧਾਰ ’ਤੇ ਨਵੇਂ ਰਿਸ਼ਤੇ ਦੀ ਨੀਂਹ ਰੱਖੀ ਜਾ ਸਕਦੀ ਹੈ।
ਮੈਂ ਖ਼ੁਦ ਨੂੰ ਵੀ ਇਹ ਸਾਬਤ ਕਰਨਾ ਚਾਹੁੰਦਾ ਸਾਂ ਕਿ ਮੈਂ ਆਪਣੇ ਬਲਬੂਤੇ ’ਤੇ ਵਿਦੇਸ਼ ਵਿਚ ਆਪਣੇ ਪਰਿਵਾਰ ਨਾਲ ਪਰਵਾਸ ਕਰਕੇ ਸਥਾਪਤ ਹੋ ਸਕਦਾ ਹਾਂ। ਅਸਲ ਵਿੱਚ ਐੱਮਐੱਸਸੀ ਤੋਂ ਬਾਅਦ ਉਚੇਰੀ ਪੜ੍ਹਾਈ ਮੇਰੇ ਵਾਸਤੇ ਸਪਾਂਸਰਸ਼ਿਪ ਤੋਂ ਮੁੱਕਰਨ ਵਾਲੇ ਰਿਸ਼ਤੇਦਰਾਂ ਦੀ ਦਿੱਤੀ ਹੋਈ ਨਮੋਸ਼ੀ, ਕਈ ਵਾਰ ਮੈਨੂੰ ਲਾਹਣਤ ਲੱਗਦੀ। ਮੈਂ ਅਚੇਤ ਰੂਪ ਵਿੱਚ ਖੁਦ ਨੂੰ ਹੀਣਾ ਅਤੇ ਅਸਮਰੱਥ ਸਮਝਣ ਲੱਗਦਾ। ਮੈਂ ਇਸ ਹੀਣ-ਭਾਵਨਾ ਤੋਂ ਵੀ ਸੁਰਖ਼ਰੂ ਹੋਣਾ ਚਾਹੁੰਦਾ ਸਾਂ।
ਮਾਂ ਨੂੰ ਨਹੀਂ ਸੀ ਪਤਾ ਕਿ ਜਦ ਉਸ ਦੇ ਪੁੱਤ ਨੂੰ ਉਚੇਰੀ ਪੜ੍ਹਾਈ ਕਰਨ ਲਈ ਕੈਨੇਡੀਅਨ ਯੂਨੀਵਰਸਿਟੀ ਵਿੱਚ ਦਾਖਲਾ ਮਿਲਿਆ ਸੀ ਤਾਂ ਨੇੜਲੇ ਰਿਸ਼ਤੇਦਾਰ ਦੀ ਬਦਨੀਤੀ ਕਾਰਨ ਮੈਂ ਜਾ ਨਹੀਂ ਸੀ ਸਕਿਆ। ਉਸ ਸਮੇਂ ਮੇਰੇ ਮਨ ਵਿੱਚ ਸੀ ਕਿ ਮੈਂ ਪੜ੍ਹਾਈ ਕਰਕੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਜ਼ਰੂਰ ਬਣਾਂਗਾ, ਪਰ ਇਹ ਸੱਧਰਾਂ ਮਨ ਵਿੱਚ ਹੀ ਦੱਬੀਆਂ ਰਹਿ ਗਈਆਂ ਸਨ। ਮੈਂ ਮਨ ਵਿੱਚ ਇਸ ਅਪੂਰਤ ਸੁਪਨੇ ਦੀ ਪੂਰਤੀ ਦੀ ਲੋਚਾ ਵੀ ਮਨ ਦੇ ਕਿਸੇ ਨੁੱਕਰੇ ਜ਼ਰੂਰ ਪਾਲੀ ਹੋਈ ਸੀ। ਮੈਂ ਇੱਕ ਵਾਰ ਫਿਰ ਤੋਂ ਇਸ ਸੁਪਨੇ ਦੇ ਸੱਚ ਲਈ ਅਹੁਲਦਾ ਸਾਂ।
ਮਾਂ ਬਹੁਤ ਉਦਾਸ ਸੀ ਕਿ ਜਦ ਪੁੱਤ ਨੇ ਦਰ ਤੋਂ ਬਾਹਰ ਪੈਰ ਰੱਖਿਆ ਤਾਂ ਉਹ ਘਰ ਨੂੰ ਕਿਵੇਂ ਨਿਹਾਰੇਗੀ ਜਿਹੜਾ ਆਰ-ਪਰਿਵਾਰ ਨਾਲ ਮਕਾਨ ਤੋਂ ਘਰ ਬਣਿਆ ਰਹਿੰਦਾ ਸੀ। ਮਾਂ ਦੀਆਂ ਅਸੀਸਾਂ ਨਾਲ ਘਰ ਦੀ ਫ਼ਿਜ਼ਾ ਵਿੱਚ ਪਾਕੀਜ਼ਗੀ ਦਾ ਪਹਿਰਾ ਸੀ। ਘਰ ਦੀਆਂ ਕੰਧਾਂ ਵਿੱਚ ਬੈਠੀ ਹੋਈ ਸਿਸਕੀ ਨੂੰ ਮਾਂ ਕਿਵੇਂ ਸੁਣੇਗੀ? ਦਰਾਂ ’ਤੇ ਉੱਗਣ ਵਾਲੀ ਲੰਮੀ ਉਡੀਕ ਨੂੰ ਮਨ ਵਿੱਚ ਖ਼ਿਆਲ ਕੇ ਮਾਂ ਦੇ ਮਨ ਵਿੱਚ ਬਹੁਤ ਕੁਝ ਅਸਹਿਜ ਵਾਪਰ ਰਿਹਾ ਸੀ। ਉਹ ਜਾਣਦੀ ਸੀ ਕਿ ਫੁੱਲਾਂ ਅਤੇ ਪੌਦਿਆਂ ਨਾਲ ਮਹਿਕਦਾ ਅਤੇ ਟਹਿਕਦਾ ਇਹ ਘਰ, ਘਰ ਵਾਲਿਆਂ ਤੋਂ ਬਗੈਰ ਵਿਰਾਨ ਹੋ ਜਾਵੇਗਾ। ਬੰਦ ਦਰਵਾਜ਼ਿਆਂ ’ਤੇ ਕਿਸੇ ਨੇ ਵੀ ਦਸਤਕ ਨਹੀਂ ਦੇਣੀ ਅਤੇ ਬੰਦ ਦਰਾਂ ਦੀ ਖਾਮੋਸ਼ੀ ਹੌਲੀ ਹੌਲੀ ਘਰ ਨੂੰ ਵੀ ਨਿਘਲ ਜਾਵੇਗੀ।
ਮਾਂ ਬਹੁਤ ਉਦਾਸ ਸੀ ਕਿਉਂਕਿ ਆਪਣੀਆਂ ਪੋਤੀਆਂ ਨਾਲ ਹਿਲਮਿਲ ਹੋਣ ਵਾਲੀ ਦਾਦੀ ਲਈ ਪੋਤੀਆਂ ਦੇ ਚਿਹਰੇ ਦੂਰ ਚਲੇ ਜਾਣਗੇ। ਉਨ੍ਹਾਂ ਦੇ ਸਿਰ ’ਤੇ ਦਿੱਤੀਆਂ ਦੁਆਵਾਂ ਮੇਰੀ ਚੁੱਪ ਦਾ ਪਤਾ ਨਹੀਂ ਕੀ ਅਰਥ ਲੈਣਗੀਆਂ, ਉਹ ਚਾਹੁੰਦੀ ਕਿ ਉਸ ਦੀਆਂ ਪੋਤੀਆਂ ਉਸ ਦਾ ਮਾਣ ਬਣ ਕੇ ਘਰ ਨੂੰ ਚਾਰ ਚੰਨ ਲਾਉਣ। ਪਰ ਪਤਾ ਨਹੀਂ ਬਾਹਰ ਜਾ ਕੇ ਪੋਤੀਆਂ ਕਿੰਝ ਬਦਲ ਜਾਣਗੀਆਂ? ਉਨ੍ਹਾਂ ਦਾ ਵਿਵਹਾਰ ਕਿਵੇਂ ਦਾ ਹੋਵੇਗਾ? ਦਰਅਸਲ, ਮਾਵਾਂ ਦੇ ਮਨਾਂ ਵਿੱਚ ਬਹੁਤ ਸਾਰੇ ਸੰਭਾਵੀ ਡਰ, ਤੌਖਲੇ, ਵਹਿਮ ਅਤੇ ਭਰਮ ਭੁਲੇਖੇ ਪੈਦਾ ਹੋ ਜਾਂਦੇ ਜਿਨ੍ਹਾਂ ਤੋਂ ਉਹ ਕਦੇ ਵੀ ਸੁਰਖਰੂ ਨਹੀਂ ਹੁੰਦੀਆਂ।
ਮਾਂ ਬਹੁਤ ਉਦਾਸ ਸੀ ਕਿ ਗਾਹੇ-ਬਿਗਾਹੇ ਪੁੱਤ ਨੂੰ ਝਿੜਕਣ ਅਤੇ ਆਪਣਾ ਹੁਕਮ ਸੁਣਾਉਣ ਲਈ ਪੁੱਤ ਨਹੀਂ ਹੋਵੇਗਾ ਤਾਂ ਕਿਸ ’ਤੇ ਆਪਣਾ ਹੁਕਮ ਚਲਾਵੇਗੀ? ਮਾਂ ਦੀਆਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਲੋੜਾਂ ਹੁੰਦੀਆਂ ਸਨ ਜਿਨ੍ਹਾਂ ਦੀ ਪੂਰਤੀ ਉਹ ਸ਼ਹਿਰ ਆ ਕੇ ਖੁਦ ਜਾਂ ਆਪਣੀ ਨੂੰਹ ਨੂੰ ਨਾਲ ਲੈ ਕੇ ਬੜੀ ਆਸਾਨੀ ਪੂਰੀ ਨਾਲ ਕਰ ਲੈਂਦੀ ਸੀ। ਹੁਣ ਨਿਰਉਚੇਚ ਅਤੇ ਸਤਿਕਾਰ ਦੀ ਪੂਰਤੀ ਕੌਣ ਕਰੇਗਾ?
ਮਾਂ ਬਹੁਤ ਉਦਾਸ ਅਤੇ ਖਾਮੋਸ਼ ਸੀ ਜਦ ਅਸੀਂ ਤੁਰਨ ਲੱਗੇ। ਮਾਂ ਨੇ ਆਪਣੇ ਹੰਂਝੂਆਂ ਨੂੰ ਰੋਕਿਆ। ਚਿਹਰੇ ’ਤੇ ਖੇੜਾ ਲਿਆਂਦਾ। ਵਿਦਾ ਹੋ ਰਹੇ ਆਪਣੇ ਪਰਿਵਾਰ ਨੂੰ ਢੇਰ ਸਾਰੀਆਂ ਦੁਆਵਾਂ ਅਤੇ ਅਸੀਸਾਂ ਦਿੱਤੀਆਂ। ਪਹੁੰਚ ਕੇ ਜਲਦੀ ਜਲਦੀ ਸੁੱਖ ਸੁਨੇਹਾ ਪਹੁੰਚਾਉਣ ਦੀ ਤਾਕੀਦ ਕੀਤੀ। ਛੇਤੀ ਹੀ ਵਾਪਸ ਪਰਤ ਆਉਣ ਦੀ ਤਾਕੀਦ ਵੀ ਕੀਤੀ ਭਾਵੇਂ ਕਿ ਉਹ ਜਾਣਦੀ ਸੀ ਕਿ ’ਕੇਰਾਂ ਪ੍ਰਦੇਸ ਜਾ ਕੇ ਮੁੱਢਲੇ ਦੌਰ ਵਿੱਚ ਜਲਦੀ ਵਾਪਸ ਪਰਤਣਾ ਆਸਾਨ ਨਹੀਂ ਹੁੰਦਾ ਅਤੇ ਬਹੁਤੀ ਵਾਰ ਤਾਂ ਕਈ ਸਾਲ ਹੀ ਲੱਗ ਜਾਂਦੇ ਹਨ। ਪਰ ਇਹ ਮਾਂ ਦੀਆਂ ਭਾਵਨਾਵਾਂ ਵਿਚਲੀ ਸ਼ੁਭ ਕਾਮਨਾ ਹੀ ਸੀ ਕਿ ਮਨ ਵਿੱਚ ਚੰਗੇ ਅਹਿਸਾਸ ਲੈ ਕੇ ਅਸੀਂ ਅਲਵਿਦਾ ਹੋਏ। ਇਸ ਮੌਕੇ ’ਤੇ ਕਲਮ ਨੇ ਮਾਂ ਦੇ ਹਾਵ-ਭਾਵਾਂ ਦੀ ਤਰਜਮਾਨੀ ਕਰਦਿਆਂ ਲਿਖਿਆ;
ਪਰਦੇਸ ਜਾਣ ਵੇਲੇ
ਮਾਂ ਨੇ ਪੁੱਤ ਨੂੰ ਗਲਵੱਕੜੀ ’ਚ ਲਿਆ
ਪੁੱਤ ਫੁਸਫੁਸਾਇਆ।
ਮਾਂ ਬੋਲੀ,
“ਪੁੱਤ ਜਾ
ਤੇਰੀ ਮੰਜ਼ਿਲ ਤੈਨੂੰ ਉਡੀਕ ਰਹੀ ਆ
ਆਪਣੇ ਹਿੱਸੇ ਦਾ ਅੰਬਰ ਤੇ ਧਰਤ ਤਲਾਸ਼
ਤੇ ਨਵੀਂ ਸੁਪਨਗਿਰੀ ਵਿੱਚੋਂ
ਨਵੀਂ ਪਛਾਣ ਦਾ ਸਿਰਲੇਖ ਬਣ”
ਮਾਂ ਨੇ ਪੁੱਤ ਦਾ ਮੁੱਖ ਚੁੰਮਿਆ
ਤੇ ਹੁਲਾਸ ਭਰੀ ਅਲਵਿਦਾ ਕਹੀ
ਮਾਵਾਂ
ਅਲਵਿਦਾ ਇੰਝ ਹੀ ਕਹਿੰਦੀਆਂ ਹੁੰਦੀਆਂ।
ਸਾਡੇ ਵਿਦੇਸ਼ ਨੂੰ ਤੁਰਨ ਲੱਗਿਆਂ ਮਾਂ ਉਦਾਸ ਤਾਂ ਬਹੁਤ ਸੀ, ਪਰ ਮਾਂ ਨੇ ਉਨ੍ਹਾਂ ਦਿਨਾਂ ਦੀ ਉਡੀਕ ਹੀ ਨਾ ਕੀਤੀ ਜਦ ਉਸ ਦੀਆਂ ਦੋਵੇਂ ਪੋਤਰੀਆਂ ਡਾਕਟਰ ਬਣ ਕੇ ਆਪਣੇ ਆਰ-ਪਰਿਵਾਰ ਵਿੱਚ ਸੁਖੀ ਵੱਸਦੀਆਂ। ਉਸ ਦੇ ਪੁੱਤ ਨੇ ਚਾਲੀ ਸਾਲਾਂ ਬਾਅਦ ਉਹ ਸੁਪਨਾ ਵੀ ਪੂਰਾ ਕਰ ਲਿਆ ਜਦ ਉਹ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗ ਪਿਆ।
Share this content:


Post Comment