Loading Now

ਹੋਲੇ ਮਹੱਲੇ ਵਾਲੀ ਨਗਰੀ ਸ੍ਰੀ ਆਨੰਦਪੁਰ ਸਾਹਿਬ

ਹੋਲੇ ਮਹੱਲੇ ਵਾਲੀ ਨਗਰੀ ਸ੍ਰੀ ਆਨੰਦਪੁਰ ਸਾਹਿਬ

ਹਰ ਸਾਲ ਵਾਂਗ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ (ਜ਼ਿਲ੍ਹਾ ਰੂਪਨਗਰ, ਪੰਜਾਬ) ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਹੈ। ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ। ਅਸਲ ਵਿੱਚ ਹੋਲਾ ਮਹੱਲਾ ਸ਼ਬਦ ਦਾ ਮਤਲਬ ਮਸਨੂਈ ਲੜਾਈ ਹੈ। ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਇਹ ਤਿਉਹਾਰ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਰਵਾਇਤਾਂ ਮੁਤਾਬਿਕ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ਵਿੱਚ ਰੰਗਿਆ ਜਾਂਦਾ ਹੈ।

ਹੋਲੀ ਤੋਂ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਇੱਕ ਮੇਲਾ ਭਰਦਾ ਹੈ, ਜਿਸ ਨੂੰ ਹੋਲਾ ਮਹੱਲਾ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਬੰਨ੍ਹਿਆ ਸੀ। ਉਦੋਂ ਤੋਂ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਦਸਮ ਪਾਤਸ਼ਾਹ ਵੱਲੋਂ ਖਾਲਸਾਈ ਫ਼ੌਜਾਂ ਦੇ ਦੋ ਦਲ ਬਣਾ ਕੇ ਉਨ੍ਹਾਂ ਵਿੱਚ ਸਾਸ਼ਤਰ ਵਿਦਿਆ ਦੇ ਮਸਨੂਈ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਿਰੋਪਾਓ ਬਖ਼ਸ਼ਿਸ਼ ਕਰਕੇ ਸਨਮਾਨਿਤ ਕੀਤਾ ਜਾਂਦਾ ਸੀ।

ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਸ ਮੌਕੇ ਦੀਵਾਨ ਸਜਦੇ ਹਨ, ਕਥਾ ਕੀਰਤਨ ਹੁੰਦਾ ਹੈ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਹਨ ਅਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੀਆਂ ਅਨੇਕ ਤਰ੍ਹਾਂ ਦੀਆਂ ਕਵਾਇਦਾਂ ਹੁੰਦੀਆਂ ਹਨ। ਇਹ ਤਿਉਹਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਮੁਤਾਬਿਕ ਮਨਾਇਆ ਜਾਂਦਾ ਹੈ। ਹਰ ਸਾਲ ਮਾਰਚ ਮਹੀਨੇ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਲੋਕ ਵੱਡੀ ਗਿਣਤੀ ਵਿੱਚ ਨਗਾਰਿਆਂ ਦੀ ਆਵਾਜ਼ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਜਾਂਦੇ ਹਨ। ਇਸ ਵਿੱਚ ਨਿਹੰਗ ਸਿੰਘ ਪੁਰਾਤਨ ਪੁਸ਼ਾਕਾਂ ਵਿੱਚ ਸ਼ਾਨ ਨਾਲ ਸ਼ਾਮਿਲ ਹੁੰਦੇ ਹਨ ਅਤੇ ਸ਼ਸਤਰਾਂ ਦੇ ਕਰਤੱਬ ਵਿਖਾਏ ਜਾਂਦੇ ਹਨ।

ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਕੀਤੀ ਸੀ। ਜੇਕਰ ਇਸ ਦਾ ਇਤਿਹਾਸ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਇੱਕ ਹੋਰ ਕਹਾਣੀ ਅਨੁਸਾਰ ਇੱਥੇ ਮਾਖੋ ਨਾਮ ਦਾ ਡਾਕੂ ਰਹਿੰਦਾ ਸੀ, ਜੋ ਕਿਸੇ ਨੂੰ ਵੀ ਇਸ ਇਲਾਕੇ ਵਿੱਚ ਰਹਿਣ ਨਹੀਂ ਸੀ ਦਿੰਦਾ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਮਾਤਾ ਨਾਨਕੀ ਜੀ ਦੇ ਨਾਮ ’ਤੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਸਥਾਨ ਛੱਡ ਕੇ ਭੱਜ ਗਿਆ। ਮੌਜੂਦਾ ਸਮੇਂ ਚੱਕ ਨਾਨਕੀ, ਸ੍ਰੀ ਆਨੰਦਪੁਰ ਸਾਹਿਬ, ਸਹੋਟਾ, ਲੋਧੀਪੁਰ, ਅਗੰਮਪੁਰ, ਮਟੌਰ ਹੁਣ ਏਨੇ ਵਸ ਚੁੱਕੇ ਹਨ ਕਿ ਹੁਣ ਆਮ ਲੋਕਾਂ ਨੂੰ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਅਤੇ ਸਿਰਫ਼ ਮਾਲ ਵਿਭਾਗ ਦੇ ਅਧਿਕਾਰੀ ਹੀ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਜਾਣਦੇ ਹਨ। ਸ੍ਰੀ ਆਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਸਾਹਿਬ ਤੋਂ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਕਿਸੇ ਵੇਲੇ ਸੰਘਣਾ ਜੰਗਲ ਸੀ, ਜਿਸ ਵਿੱਚ ਇੱਕ ਪਾਸੇ ਦਰਿਆ ਸਤਲੁਜ, ਚਰਨ ਗੰਗਾ ਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ।

ਦਰਿਆ ਅਤੇ ਪਹਾੜਾਂ ਵਿੱਚ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਹਾਥੀ, ਸ਼ੇਰ, ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸਨ। ਇੱਥੇ ਹਾਥੀ ਬਹੁਤ ਸਨ। ਇਸ ਲਈ ਇਸ ਇਲਾਕੇ ਨੂੰ ਹਥੋਤ ਭਾਵ ਹਾਥੀਆਂ ਦਾ ਘਰ ਆਖਿਆ ਕਰਦੇ ਸਨ। ਹਥੋਤ ਦੇ ਇਲਾਕੇ ਦੀ ਲੰਬਾਈ ਲਗਭਗ 50 ਕਿਲੋਮੀਟਰ ਅਤੇ ਚੌੜਾਈ ਲਗਭਗ 10 ਕਿਲੋਮੀਟਰ ਸੀ। ਜਦੋਂ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ ਤਾਂ ਉਸ ਵੇਲੇ ਬਹੁਤੇ ਜਾਨਵਰ ਪਹਾੜੀ ਜੰਗਲ ਵਿੱਚ ਹੀ ਰਹਿ ਗਏ ਸਨ ਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ। ਗੁਰੂ ਸਾਹਿਬ ਨੇ ਇਸ ਜੰਗਲ ਵਿੱਚ ਹੀ ਰਮਣੀਕ ਨਗਰੀ ਵਸਾ ਦਿੱਤੀ ਸੀ। ਜਿੱਥੇ ਕਦੇ ਦਿਨ ਵੇਲੇ ਵੀ ਕੋਈ ਨੇੜੇ ਨਹੀਂ ਆਉਂਦਾ ਸੀ, ਉੱਥੇ ਹਰ ਵੇਲੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਸ੍ਰੀ ਆਨੰਦਪੁਰ ਸਾਹਿਬ ਬਾਰੇ ਇੱਕ ਹੋਰ ਮਿਥਿਹਾਸਕ ਕਹਾਣੀ ਪ੍ਰਚੱਲਿਤ ਹੈ ਕਿ ਇੱਥੇ ਮਾਖੋ ਤੇ ਮਾਟੋ ਨਾਮ ਦੇ ਦੋ ਦੈਂਤ ਰਿਹਾ ਕਰਦੇ ਸਨ ਤੇ ਦੋਹਾਂ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਜ਼ਾਲਮ ਸਨ।

ਇਲਾਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ। ਸਿੱਖ ਇਤਿਹਾਸ ਵਿੱਚ ਜੇਕਰ ਹਥੌਤ ਦੇ ਇਲਾਕੇ ਦੀ ਕਿਸੇ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈਂ ਬੁੱਢਣ ਸ਼ਾਹ ਦੇ ਡੇਰੇ ਦਾ ਹੈ। ਵੱਖ ਵੱਖ ਜਨਮਸਾਖੀਆਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਵੇਲੇ ਇੱਕ ਵਾਰ ਕੀਰਤਪੁਰ ਸਾਹਿਬ ਕੋਲੋਂ ਲੰਘੇ ਤਾਂ ਸਾਈਂ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋਂ ਦੁੱਧ ਛਕਿਆ ਸੀ। ਇਸ ਮਗਰੋਂ ਹਥੌਤ ਦੇ ਇਲਾਕੇ ਵਿੱਚ ਸੰਨ 1624 ਵਿੱਚ ਗੁਰੂ ਹਰਿਗੋਬਿੰਦ ਸਾਹਿਬ ਆਏ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਸਾਇਆ। ਸੰਨ 1665 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ।

ਇੰਝ ਗੁਰੂ ਸਾਹਿਬਾਨ ਨੇ ਇਸ ਉਜਾੜ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਾ ਦਿੱਤੀਆ। ਅੱਜ ਹਥੌਤ ਦੇ ਇਲਾਕੇ ਵਿੱਚ ਵੱਖ ਵੱਖ ਗੁਰਦੁਆਰਿਆਂ ਕਾਰਨ ਸ੍ਰੀ ਆਨੰਦਪੁਰ ਸਾਹਿਬ ਦਾ ਨਾਮ ਦੁਨੀਆ ਦੇ ਨਕਸ਼ੇ ’ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਮੰਤਵ ਨਾਲ ਸ੍ਰੀ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ ਦੀ ਉਸਾਰੀ ਕਰਵਾਈ ਗਈ ਸੀ। ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਹੀ ਸੰਨ 1699 ਵਿੱਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਸੰਨ 1665 ਤੋਂ ਲੈ ਕੇ ਹੁਣ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ।

ਮੌਜੂਦਾ ਬੱਸ ਅੱਡੇ ਤੋਂ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀ ਢੱਕੀ ਦੇ ਹੇਠਲੇ ਚੌਕ ਵਿੱਚ ਤਿੰਨ ਪਿੰਡਾਂ ਚੱਕ ਨਾਨਕੀ, ਆਨੰਦਪੁਰ ਸਾਹਿਬ ਅਤੇ ਲੋਧੀਪੁਰ ਦੀਆਂ ਹੱਦਾਂ ਮਿਲਦੀਆਂ ਹਨ। ਗੁਰਦੁਆਰਾ ਸੀਸ ਗੰਜ, ਦਮਦਮਾ ਸਾਹਿਬ, ਭੋਰਾ ਸਾਹਿਬ, ਚੱਕ ਨਾਨਕੀ ਦੀਆਂ ਹੱਦਾਂ, ਮਹਿਲ ਅਤੇ ਗੁਰੂ ਸਾਹਿਬ ਦਾ ਨਿਵਾਸ ਸਥਾਨ ਸਨ। ਮੌਜੂਦਾ ਬੱਸ ਸਟੈਂਡ, ਸਰਕਾਰੀ ਹਸਪਤਾਲ, ਲੜਕੀਆਂ ਦਾ ਸਰਕਾਰੀ ਸਕੂਲ ਚੱਕ ਨਾਨਕੀ ਵਿੱਚ ਹੈ। ਹੋਲਗੜ੍ਹ ਗੁਰਦੁਆਰੇ ਦੇ ਨੇੜੇ ਚੱਕੀ ਦਾ ਆਰਾ ਚੱਕ ਨਾਨਕੀ ਵਿੱਚ ਹੈ। ਰੇਲਵੇ ਦਾ ਪੁਲ ਚੱਕ ਨਾਨਕੀ ਵਿੱਚ ਹੈ। ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਵੱਲ ਦਾ ਸਰੋਵਰ ਤੇ ਮਿਲਕ ਬਾਰ ਪਿੰਡ ਲੋਧੀਪੁਰ ਵਿੱਚ ਹੈ। ਥਾਣੇ ਦੇ ਨਾਲ ਦਾ ਬਾਗ਼ ਚੱਕ ਨਾਨਕੀ ਦਾ ਹਿੱਸਾ ਹੈ। ਖਾਲਸਾ ਹਾਈ ਸਕੂਲ ਸਹੋਟਾ ਵਿੱਚ ਹੈ। ਨਿਹੰਗ ਸਿੰਘਾਂ ਦੇ ਇੰਤਜ਼ਾਮ ਹੇਠਲਾ ਸ਼ਹੀਦੀ ਬਾਗ਼ ਪਿੰਡ ਲੋਧੀਪੁਰ ਵਿੱਚ ਹੈ।

ਕੇਸਗੜ੍ਹ ਸਾਹਿਬ ਅਤੇ ਨਾਲ ਦੇ ਬਜ਼ਾਰਾਂ ਤੋਂ ਸ੍ਰੀ ਕੇਸਗੜ੍ਹ ਸਾਹਿਬ ਅਤੇ ਆਨੰਦਗੜ੍ਹ ਸਾਹਿਬ ਕਿਲ੍ਹੇ ਤੱਕ ਦਾ ਸਾਰਾ ਇਲਾਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਨ ਅਤੇ ਚਰਨ ਗੰਗਾ ਦਾ ਪੁਲ ਚੱਕ ਨਾਨਕੀ ਵਿੱਚ ਹੈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਪਿੰਡ ਮਟੌਰ ਵਿੱਚ ਹੈ। ਇਨ੍ਹਾਂ ਸਾਰੇ ਪਿੰਡਾਂ ਦੀਆਂ ਹੱਦਾਂ ਸਿਰਫ਼ ਸਰਕਾਰੀ ਕਾਗ਼ਜ਼ਾਂ ਤੋਂ ਹੀ ਪਤਾ ਲੱਗ ਸਕਦੀਆਂ ਹਨ ਕਿਉਂਕਿ ਅੱਜਕੱਲ੍ਹ ਇਹ ਸਾਰੇ ਪਿੰਡ ਸ੍ਰੀ ਆਨੰਦਪੁਰ ਸਾਹਿਬ ਦਾ ਹਿੱਸਾ ਹੀ ਹਨ। ਸਤਲੁਜ ਦਰਿਆ ਕੇਸਗੜ੍ਹ ਦੀ ਪਹਾੜੀ ਦੇ ਨਾਲ ਵਗਦਾ ਸੀ, ਪਰ ਹੁਣ ਇਹ ਲਗਭਗ ਪੰਜ ਕਿਲੋਮੀਟਰ ਦੂਰ ਚਲਾ ਗਿਆ ਹੈ। ਹਿਮੈਤੀ ਨਾਲਾ, ਜੋ ਆਨੰਦਗੜ੍ਹ ਕਿਲ੍ਹੇ ਦੀ ਹਿਫ਼ਾਜ਼ਤ ਕਰਦਾ ਸੀ, ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਕਾਫ਼ੀ ਚੋਅ ਅਤੇ ਨਾਲੇ ਖ਼ਤਮ ਹੋ ਗਏ ਹਨ। ਚਰਨਗੰਗਾ ’ਤੇ ਪੁਲ ਬਣ ਗਿਆ ਹੈ ਅਤੇ ਕੇਸਗੜ੍ਹ ਸਾਹਿਬ ਦੇ ਨਾਲ ਦੀ ਤੰਬੂ ਵਾਲੀ ਪਹਾੜੀ ਖੁਰ ਕੇ ਲੋਪ ਹੋ ਚੁੱਕੀ ਹੈ। ਕੇਸਗੜ੍ਹ ਤੇ ਆਨੰਦਗੜ੍ਹ ਵਿਚਲੀ ਪਹਾੜੀ ਨੂੰ ਕੱਟ ਕੇ ਸੜਕ ਬਣਾ ਦਿੱਤੀ ਗਈ ਹੈ। ਮੌਜੂਦਾ ਸ੍ਰੀ ਆਨੰਦਪੁਰ ਸਾਹਿਬ ਦਸਵੇਂ ਗੁਰੂ ਸਾਹਿਬ ਦੇ ਵੇਲੇ ਦੇ ਆਨੰਦਪੁਰ ਸਾਹਿਬ ਤੋਂ ਬਹੁਤ ਵੱਖਰਾ ਹੈ।

ਅੱਜ ਸ੍ਰੀ ਆਨੰਦਪੁਰ ਸਾਹਿਬ ਇੱਕ ਸਬ-ਡਵੀਜ਼ਨ ਹੈ। ਇਸ ਵਿੱਚ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੂਰਪੁਰ ਬੇਦੀ ਆਦਿ ਕਸਬੇ ਸ਼ਾਮਿਲ ਹਨ। ਪਹਿਲਾਂ ਨੰਗਲ ਸ਼ਹਿਰ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ, ਪਰ ਹੁਣ ਨੰਗਲ ਨੂੰ ਵੱਖਰੀ ਸਬ-ਡਵੀਜ਼ਨ ਬਣਾਇਆ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਆਬਾਦੀ ਗੁਰੂ ਸਾਹਿਬ ਵੇਲੇ ਕੁਝ ਸੈਂਕੜੇ ਹੀ ਸੀ ਅਤੇ ਕੁਝ ਸੈਂਕੜੇ ਸਿੱਖ ਹਰ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੁੜੇ ਰਿਹਾ ਕਰਦੇ ਸਨ। ਮਾਰਚ ਦੇ ਆਖ਼ਰੀ ਦਿਨਾਂ ਵਿੱਚ ਹਜ਼ਾਰਾਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਜੁੜਿਆ ਕਰਦੀਆਂ ਸਨ। ਚਾਰ-ਪੰਜ ਦਸੰਬਰ 1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਿਆ ਸੀ ਤਾਂ ਉਸ ਵੇਲੇ ਸਿਰਫ਼ ਭਾਈ ਗੁਰਬਖਸ਼ ਦਾਸ ਹੀ ਇੱਥੇ ਰਹਿ ਗਏ ਸਨ। ਕੁਝ ਸਾਲਾਂ ਬਾਅਦ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਏਥੇ ਵਸਣ ਲੱਗ ਪਏ ਅਤੇ ਆਨੰਦਪੁਰ ਸਾਹਿਬ ਫੇਰ ਵਸਣਾ ਸ਼ੁਰੂ ਹੋ ਗਿਆ ਸੀ।

ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸੁਰਜਨ ਸਿੰਘ ਅਤੇ ਉਸ ਦਾ ਪਰਿਵਾਰ ਵੀ ਇੱਥੇ ਰਿਹਾ ਕਰਦੇ ਸਨ। ਉਦੋਂ ਆਨੰਦਪੁਰ ਸਾਹਿਬ ਦੀ ਆਬਾਦੀ ਦੋ ਤਿੰਨ ਹਜ਼ਾਰ ਦੇ ਲਗਭਗ ਸੀ। ਇਸ ਮਗਰੋਂ ਆਬਾਦੀ ਵਧਣੀ ਸ਼ੁਰੂ ਹੋ ਗਈ। ਸੰਨ 1868 ਦੀ ਮਰਦਮਸ਼ੁਮਾਰੀ ਵੇਲੇ ਇੱਥੋਂ ਦੀ ਆਬਾਦੀ 6869 ਸੀ। ਵੀਹਵੀਂ ਸਦੀ ਦੇ ਸ਼ੁਰੂ ਤੱਕ ਇੱਥੇ ਘਾਤਕ ਬਿਮਾਰੀ ਫੈਲਣ ਨਾਲ ਕਾਫ਼ੀ ਲੋਕ ਇੱਥੋਂ ਜਾਣੇ ਸ਼ੁਰੂ ਹੋ ਗਏ ਸਨ। ਆਜ਼ਾਦੀ ਵੇਲੇ 1947 ਤੋਂ ਬਾਅਦ ਇੱਥੇ ਕੁਝ ਸਿੱਖ ਪਰਿਵਾਰ ਪਾਕਿਸਤਾਨ ਤੋਂ ਆ ਕੇ ਵਸਣੇੇ ਸ਼ੁਰੂ ਹੋਏ ਅਤੇ ਫਿਰ ਭਾਖੜਾ-ਨੰਗਲ, ਗੰਗੂਵਾਲ ਪਾਵਰ ਪ੍ਰਾਜੈਕਟ ਲੱਗਣ ਨਾਲ ਕਾਫ਼ੀ ਲੋਕ ਇੱਥੇ ਆ ਕੇ ਵੱਸ ਗਏ ਅਤੇ ਫਿਰ ਇਸ ਦੀ ਆਬਾਦੀ ਵਧਦੀ ਗਈ। ਸਾਲ 1998 ਵਿੱਚ ਆਨੰਦਪੁਰ ਸਾਹਿਬ ਦੀ ਮਿਉਂਸਿਪਲ ਕੌਂਸਲ ਏਰੀਏ ਦੀ ਆਬਾਦੀ ਤਕਰੀਬਨ 13,000 ਸੀ, ਜੋ 2011 ਦੀ ਜਨਗਣਨਾ ਅਨੁਸਾਰ 16,282 ਤੱਕ ਪਹੁੰਚ ਗਈ ਸੀ।

ਮੌਜੂਦਾ ਸਮੇਂ ਇਸ ਵਿੱਚ ਹੋਰ ਵਾਧਾ ਹੋਇਆ ਹੈ। ਇਸ ਇਲਾਕੇ ਵਿੱਚ ਕਈ ਪ੍ਰਮੁੱਖ ਗੁਰਦੁਆਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੀਸਗੰਜ, ਭੌਰਾ ਸਾਹਿਬ, ਥੜ੍ਹਾ ਸਾਹਿਬ, ਅਕਾਲ ਬੁੰਗਾ ਸਾਹਿਬ, ਦਮਦਮਾ ਸਾਹਿਬ, ਮੰਜੀ ਸਾਹਿਬ, ਸ਼ਹੀਦੀ ਬਾਗ, ਮਾਤਾ ਜੀਤ ਕੌਰ, ਗੁਰੂ ਕਾ ਮਹਿਲ ਆਦਿ ਸਥਾਪਿਤ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਹੋਲਾ ਮਹੱਲਾ ਕੱਢਣ ਦੀ ਰੀਤ ਹੁਣ ਵੀ ਜਾਰੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਪਾਉਂਟਾ ਸਾਹਿਬ ਵਿੱਚ ਵੀ ਇਹ ਮੇਲਾ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਮੌਜੂਦਾ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਝੂਲਦੇ ਖਾਲਸਾਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਨਗਰੀ ਦੀ ਸ਼ਾਨ ਵਧਾਉਂਦੇ ਹਨ, ਪਰ ਬਿਲਾਸਪੁਰ ਰਿਆਸਤ ਦੇ ਜਿਸ ਰਾਜੇ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਸੀ, ਉਸ ਦੀ ਸੈਂਕੜੇ ਸਾਲ ਪੁਰਾਣੀ ਰਾਜਧਾਨੀ ਬਿਲਾਸਪੁਰ ਦੇ ਕਈ ਮਹਿਲ ਖ਼ਤਮ ਹੋ ਗਏ ਹਨ।

ਸਰਕਾਰ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਤਿੰਨ ਸੌ ਸਾਲਾ ਜਸ਼ਨਾਂ ਮੌਕੇ ਸਾਲ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਈ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ, ਜਿਸ ਨਾਲ ਸ਼ਹਿਰ ਦੀ ਦਿੱਖ ਨਵੀਂ ਅਤੇ ਹੋਰ ਵੀ ਸੁੰਦਰ ਹੋ ਗਈ। ਇਸ ਇਲਾਕੇ ਵਿੱਚ ਇਮਾਰਤਾਂ ’ਤੇ ਸਫ਼ੈਦ ਰੰਗ ਹੋਣ ਕਾਰਨ ਇਸ ਨੂੰ ਸਫ਼ੈਦ ਸ਼ਹਿਰ ਆਖਿਆ ਜਾਂਦਿਆ ਹੈ। ਸਰਕਾਰ ਵੱਲੋਂ ਇੱਥੇ ਵਿਰਾਸਤ-ਏ-ਖ਼ਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿੱਥੇ ਹਰ ਸਾਲ ਲੱਖਾਂ ਸੈਲਾਨੀ ਸ੍ਰੀ ਆਨੰਦਪੁਰ ਸਾਹਿਬ ਦੇ ਇਸ ਵਿਸ਼ਵ ਪ੍ਰਸਿੱਧ ਅਜੂਬੇ ਦੇ ਦਰਸ਼ਨ ਕਰਦੇ ਹਨ ਅਤੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ। ਇੱਥੇ ਕਈ ਸਰਕਾਰੀ ਤੇ ਪ੍ਰਾਈਵੇਟ ਗੈਸਟ ਹਾਊਸ ਅਤੇ ਹੋਟਲ ਬਣਾਏ ਗਏ ਹਨ। ਸਰਕਾਰ ਵੱਲੋਂ ਇੱਥੇ ਬਣਾਈ ਗਈ ਕਿਸਾਨ ਹਵੇਲੀ ਵਿੱਚ ਵਿਸ਼ਾਲ ਕਮਰੇ ਸ਼ਿਵਾਲਿਕ ਪਹਾੜੀਆਂ ਨਾਲ ਘਿਰੇ ਸ਼ਹਿਰ ਦੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ।

ਚੰਡੀਗੜ੍ਹ ਮੁੱਖ ਮਾਰਗ ’ਤੇ ਪੰਜ ਪਿਆਰੇ ਪਾਰਕ ਬਣਾਇਆ ਗਿਆ ਹੈ, ਜਿਸ ਵਿਚ ਲਗਭਗ 81 ਫੁੱਟ ਉੱਚਾ ਖੰਡਾ ਸਥਿਤ ਹੈ, ਜੋ ਦੁਨੀਆ ’ਚ ਸਭ ਤੋਂ ਉੱਚਾ ਅਤੇ ਸਭ ਤੋਂ ਵੱਡਾ ਹੈ। ਭਾਰਤ ਸਰਕਾਰ ਵੱਲੋਂ ਇੱਥੇ ਬਣੇ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਹਰ ਸਾਲ ਵਾਂਗ ਇਸ ਵਾਰ ਵੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਅਹਿਮੀਅਤ ਵਾਲੇ ਇਸ ਤਿਉਹਾਰ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਵੀ ਇਸ ਤਿਉਹਾਰ ਸਬੰਧੀ ਪ੍ਰਬੰਧ ਅਤੇ ਤਿਆਰੀਆਂ ਕੀਤੀਆਂ ਗਈਆਂ ਹਨ।

Share this content:

Post Comment