ਬ੍ਰਿਟਿਸ਼ ਕੋਲੰਬੀਆ ਵਿੱਚ ਡਾਇਬੀਟੀਜ਼ ਅਤੇ ਮੀਨੋਪੌਜ਼ ਦੀਆਂ ਦਵਾਈਆਂ ਹੁਣ ਹੋਣਗੀਆਂ ਬਿਲਕੁਲ ਮੁਫ਼ਤ
ਸਰੀ, 28 ਫਰਵਰੀ – ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਨੈਸ਼ਨਲ ਫਾਰਮਾਕੇਅਰ ਯੋਜਨਾ’ (Plan NP) ਤਹਿਤ ਡਾਇਬੀਟੀਜ਼ (ਸ਼ੂਗਰ) ਅਤੇ ਮੀਨੋਪੌਜ਼ ਹਾਰਮੋਨ ਥੈਰੇਪੀ ਦੀਆਂ ਦਵਾਈਆਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਨਵੀਂ ਸਹੂਲਤ ਐਤਵਾਰ, 1 ਮਾਰਚ 2026 ਤੋਂ ਲਾਗੂ ਹੋ ਰਹੀ ਹੈ। ਸੂਬਾਈ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਵੀਰਵਾਰ ਨੂੰ ਇਸ ਇਤਿਹਾਸਕ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ ਜੋ ਹੁਣ ਕੀਮਤ ਦੀ ਚਿੰਤਾ ਕੀਤੇ ਬਿਨਾਂ ਜ਼ਰੂਰੀ ਦਵਾਈਆਂ ਲੈ ਸਕਣਗੇ। ਇਹ ਯੋਜਨਾ ਲੱਖਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਬੀ.ਸੀ. ਪਹਿਲਾਂ ਹੀ ਮੁਫ਼ਤ ਗਰਭ ਨਿਰੋਧਕ ਦਵਾਈਆਂ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਚੁੱਕਾ ਹੈ ਅਤੇ ਇਹ ਨਵਾਂ ਵਿਸਥਾਰ ਉਸੇ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ।
ਇਸ ਯੋਜਨਾ ਨੂੰ ਲਾਗੂ ਕਰਨ ਲਈ 6 ਮਾਰਚ 2025 ਨੂੰ ਬੀ.ਸੀ. ਸਰਕਾਰ ਅਤੇ ਕੈਨੇਡਾ ਦੀ ਸੰਘੀ ਸਰਕਾਰ ਵਿਚਾਲੇ ਇੱਕ ਅਹਿਮ ਸਮਝੌਤਾ ਹੋਇਆ ਸੀ। ਇਸ ਤਹਿਤ ਕੇਂਦਰ ਸਰਕਾਰ ਤਿੰਨ ਸਾਲਾਂ ਦੌਰਾਨ 670 ਮਿਲੀਅਨ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਏਗੀ। ਇਸ ਫੰਡਿੰਗ ਦੇ ਤਹਿਤ ਟਾਈਪ 1 ਅਤੇ ਟਾਈਪ 2 ਡਾਇਬੀਟੀਜ਼ ਦੀਆਂ ਸਾਰੀਆਂ ਯੋਗ ਦਵਾਈਆਂ, ਗਰਭ ਨਿਰੋਧਕ (Contraceptives) ਦਵਾਈਆਂ ਅਤੇ ਮੀਨੋਪੌਜ਼ ਹਾਰਮੋਨ ਥੈਰੇਪੀ (Menopausal Hormone Therapy) ‘ਤੇ 100 ਫੀਸਦੀ ਕਵਰੇਜ ਮਿਲੇਗੀ। ਇਸ ਸਹੂਲਤ ਦਾ ਲਾਭ ਲੈਣ ਦਾ ਤਰੀਕਾ ਬਾਕੀ ਬੀ.ਸੀ. ਫਾਰਮਾਕੇਅਰ ਯੋਜਨਾਵਾਂ ਵਾਂਗ ਹੀ ਹੋਵੇਗਾ। ਲੋਕਾਂ ਨੂੰ ਕਿਸੇ ਵੱਖਰੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ।
Share this content:

Post Comment