ਨਹੀਓਂ ਲੱਭਣੇ ਆਰ ਐੱਨ ਕੇ ਵਰਗੇ ਆਗੂ
ਚੇਨੱੱਈ, 26 ਫਰਵਰੀ – ਸੀ ਪੀ ਆਈ ਦੇ ਉੱਘੇ ਆਗੂ ਆਰ ਨੱਲਾਕੰਨੂ ਦਾ 101 ਸਾਲ ਦੀ ਉਮਰ ਵਿੱਚ ਬੁੱਧਵਾਰ ਕਰੀਬ ਦੋ ਵਜੇ ਰਾਜੀਵ ਗਾਂਧੀ ਗੌਰਮਿੰਟ ਜਨਰਲ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਹਿਲੀ ਫਰਵਰੀ ਤੋਂ ਆਈ ਸੀ ਯੂ ਵਿੱਚ ਸਨ। ਕਾਮਰੇਡ ਆਰ ਐੱਨ ਕੇ, ਜਿਵੇਂ ਉਨ੍ਹਾ ਨੂੰ ਪਿਆਰ ਨਾਲ ਜਾਣਿਆ ਜਾਂਦਾ ਸੀ, ਨੇ ਕਰੀਬ ਅੱਠ ਦਹਾਕੇ ਮਿਹਨਤਕਸ਼ਾਂ ਦੀ ਨਿਰਸਵਾਰਥ ਸੇਵਾ ਕੀਤੀ। 26 ਦਸੰਬਰ 1925 ਨੂੰ ਥੂਥੂਕੁੜੀ ਜ਼ਿਲ੍ਹੇ ਦੇ ਪਿੰਡ ਪੇਰੁਮਪੱਥੂ ਵਿੱਚ ਪੈਦਾ ਹੋਏ ਨੱਲਾਕੰਨੂ ਨੇ ਗਰੀਬੀ ਤੇ ਸ਼ੋਸ਼ਣ ਬਚਪਨ ਤੋਂ ਹੀ ਦੇਖਿਆ।
ਉਹ 1946 ਵਿੱਚ ਸੀ ਪੀ ਆਈ ਵਿੱਚ ਸ਼ਾਮਲ ਹੋਏ। ਸਿਆਸਤ ਉਨ੍ਹਾ ਲਈ ਆਪਣਾ ਸੁਆਰਨ ਵਾਲੀ ਨਹੀਂ, ਸਗੋਂ ਜ਼ਾਲਮਾਂ ਦੀਆਂ ਬੇਇਨਸਾਫੀਆਂ ਖਿਲਾਫ ਲੋਕਾਂ ਨੂੰ ਜਥੇਬੰਦ ਤੇ ਲਾਮਬੰਦ ਕਰਨ ਵਾਲੀ ਸੀ। 1948 ਵਿੱਚ ਉਹ ਨੇਲਈ ਸਾਜ਼ਿਸ਼ ਕੇਸ ਵਿੱਚ ਫੜੇ ਗਏ ਤੇ ਸੱਤ ਸਾਲ ਜੇਲ੍ਹ ਵਿੱਚ ਰਹੇ, ਜਿੱਥੇ ਬਹੁਤ ਤਸੀਹੇ ਸਹਿਣੇ ਪਏ। ਇੱਕ ਘਿਨਾਉਣੀ ਘਟਨਾ ਵਿੱਚ ਪੁਲਸਮੈਨ ਨੇ ਸਿਗਰਟ ਨਾਲ ਉਨ੍ਹਾ ਦੀਆਂ ਮੁੱਛਾਂ ਸਾੜ ਦਿੱਤੀਆਂ ਸਨ। ਉਹ ਫਿਰ ਮੁੱਛਾਂ ਨਹੀਂ ਰੱਖ ਸਕੇ। ਉਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਸਾਰੀ ਉਮਰ ਅਣਥਕ ਲੜੇ। ਉਨ੍ਹਾ ਜਗੀਰਦਾਰਾਂ ਦੇ ਜ਼ੁਲਮਾਂ ਖਿਲਾਫ ਅਤੇ ਦਰਿਆਵਾਂ ਤੋਂ ਗੈਰਕਾਨੂੰਨੀ ਮਾਈਨਿੰਗ ਖਿਲਾਫ ਵੀ ਵੱਡੀਆਂ ਲੜਾਈਆਂ ਲੜੀਆਂ।
ਉਹ ਪਰਿਆਵਰਣ ਦੀ ਰਾਖੀ ਲਈ ਜੂਝੇ ਅਤੇ ਕੁੰਡਨਕੁਲਮ ਨਿਊਕਲੀਅਰ ਪਾਵਰ ਪਲਾਂਟ ਵਰਗੇ ਪ੍ਰੋਜੈਕਟਾਂ ਖਿਲਾਫ ਆਵਾਜ਼ ਬੁਲੰਦ ਕੀਤੀ। ਉਹ 13 ਸਾਲ ਸੂਬਾ ਸਕੱਤਰ ਰਹੇ। ਉਹ ਬਹੁਤ ਹੀ ਸਾਦਾ ਜ਼ਿੰਦਗੀ ਜਿਊਂਦੇ ਸਨ ਤੇ ਹਰ ਬੰਦੇ ਦੀ ਆਸਾਨ ਪਹੁੰਚ ਵਿੱਚ ਰਹਿੰਦੇ ਸਨ। ਉਨ੍ਹਾ ਦੇ ਨਿਰਸਵਾਰਥ ਦੀਆਂ ਕਹਾਣੀਆਂ ਬੇਅੰਤ ਹਨ। ਅੱਸੀਵੇਂ ਜਨਮ ਦਿਨ ’ਤੇ ਪਾਰਟੀ ਕਾਡਰ ਨੇ ਉਨ੍ਹਾ ਨੂੰ ਕਾਰ ਤੇ ਇੱਕ ਕਰੋੜ ਰੁਪਏ ਭੇਟ ਕੀਤੇ, ਪਰ ਉਨ੍ਹਾ ਇਹ ਕਹਿ ਕੇ ਮੋੜ ਦਿੱਤੇ ਕਿ ਤੋਹਫੇ ਲੋਕਾਂ ਨੂੰ ਦਿਓ, ਉਨ੍ਹਾ ਨੂੰ ਨਹੀਂ। ਜਦੋਂ ਸੂਬਾ ਸਰਕਾਰ ਨੇ ਉਨ੍ਹਾ ਨੂੰ 2022 ਦੇ ‘ਥਗੈਸਾਲ ਤਾਮੀਜ਼ਰ’ ਐਵਾਰਡ ਨਾਲ ਸਨਮਾਨਤ ਕਰਦਿਆਂ 15 ਲੱਖ ਰੁਪਏ ਦਿੱਤੇ ਤਾਂ ਉਨ੍ਹਾ ਉਹ ਆਪਣੇ ਵੱਲੋਂ ਪੰਜ ਹਜ਼ਾਰ ਜੋੜ ਕੇ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਦੇ ਦਿੱਤੇ।
Share this content:


Post Comment