Loading Now

ਬਰੈਂਪਟਨ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ

ਬਰੈਂਪਟਨ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ

ਬਰੈਂਪਟਨ, 27 ਜੂਨ – ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਸਫ਼ਲਤਾਪੂਰਵਕ ਸੰਪੰਨ ਹੋਈ। ਜਿਸ ਦਾ ਮੁੱਖ ਵਿਸ਼ਾ: ਵਿਸ਼ਵੀਕਰਨ, ਪੰਜਾਬੀ ਡਾਇਸਪੋਰਾ, ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਰੱਖਿਆ ਗਿਆ ਸੀ।ਇਹ ਕਾਨਫਰੰਸ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਅਤੇ ਪ੍ਰੋ. ਗੁਰਭਜਨ ਗਿੱਲ ਅਤੇ ਡਾ. ਸ ਪ ਸਿੰਘ ਦੀ ਸਰਪ੍ਰਸਤੀ ਹੇਠਾਂ 20 ਜੂਨ ਤੋਂ 22 ਜੂਨ 2025 ਤੱਕ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਕੀਤੀ ਗਈ ਸੀ।ਇਸ ਕਾਨਫ਼ਰੰਸ ਨੂੰ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਦੇਸ਼ ਯੂਨੀਵਰਸਟੀ ਬਠਿੰਡਾ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਅਤੇ ਹੋਰ ਵੱਖ ਵੱਖ ਸੰਸਥਾਵਾਂ ਨੇ ਸਹਿਯੋਗ ਦਿੱਤਾ। 20 ਜੂਨ ਨੂੰ ਸਵੇਰੇ ਕਾਨਫਰੰਸ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਬਾਪੂ ਸੁਬੇਗ ਸਿੰਘ ਕਥੂਰੀਆ ਜੀ ਦੇ ਆਸ਼ੀਰਵਾਦ ਨਾਲ ਸ਼ਮਾਂ ਰੌਸ਼ਨ ਕਰਕੇ ਕੀਤੀ।

ਵਿਸ਼ਵ ਪੰਜਾਬੀ ਸਭਾ ਕੈਨੇਡਾ ਇਸਤਰੀ ਵਿੰਗ ਦੇ ਪ੍ਰਧਾਨ ਰੂਪ ਕਾਹਲੋਂ ਵੱਲੋਂ ਸਵਾਗਤੀ ਗੀਤ ਨਾਲ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਿਰਫ ਇੱਕ ਭਾਸ਼ਾ ਹੀ ਨਹੀਂ ਬਲਕਿ ਇਹ ਮੁਹੱਬਤ, ਭਾਈਚਾਰਕ ਸਾਂਝ ਅਤੇ ਦੁਨੀਆਂ ਦੇ ਰਿਸ਼ਤਿਆਂ ਨੂੰ ਜੋੜਕੇ ਰੱਖਣ ਵਾਲੀ ਬੋਲੀ ਹੈ। ਡਾ.ਕਥੂਰੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਵਿੱਚ, ਰਗਾਂ ਵਿੱਚ, ਇਸਦੇ ਸੀਨੇ ਵਿੱਚ, ਇਸਦੀ ਧੜਕਣ ਵਿੱਚ ਰੂਹਾਨੀਅਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਦੋਂ ਦੁਨੀਆਂ ਦੇ ਮੁਲਕ ਆਪਸੀ ਖਿੱਚੋਤਾਣ ਅਤੇ ਆਪਣੀ ਚੌਧਰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ ਉਸ ਸਮੇਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭੂਮਿਕਾ ਅਤੇ ਯੋਗਦਾਨ ਆਪਸੀ ਭਾਈਚਾਰਕ ਸਾਂਝ ਅਤੇ ਹੋਂਦ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ, ਡਾ. ਕਥੂਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨ ਲਈ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਾਰਵਾਈਆਂ ਜਾਣੀਆਂ ਸਮੇਂ ਦੀ ਲੋੜ ਹੈ।

ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਤੋਂ ਆਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਇਸ ਸਮੇਂ ਸ਼੍ਰੋਮਣੀ ਪੰਜਾਬੀ ਲੇਖਕ ਡਾ.ਵਰਿਆਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪੰਜਾਬੀ ਨੂੰ ਪਰਿਵਾਰ ਦੀ ਬੋਲੀ ਬਣਾਉਣ ਅਤੇ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਪਰਿਵਾਰ ਦੀ ਬੋਲੀ ਅਤੇ ਵਪਾਰ ਦੀ ਭਾਸ਼ਾ ਲਈ ਸੰਘਰਸ਼ ਵੱਡੇ ਪੱਧਰ ਉੱਤੇ ਈਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਕਰਨਾ ਪਵੇਗਾ ਤਾਂ ਹੀ ਆਉਂਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਮਿਲੇਗਾ। ਇਸ ਤੋਂ ਬਾਅਦ ਵੱਖ ਵੱਖ ਨੁਮਾਇੰਦਿਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ, ਮੌਜੂਦਾ ਚੁਣੌਤੀਆਂ ਅਤੇ ਭਵਿੱਖ ਵਿੱਚ ਆਉਂਣ ਵਾਲੀਆਂ ਸਮੱਸਿਆਵਾਂ ਬਾਰੇ ਆਪਣੇ ਆਪਣੇ ਖੋਜ ਪੱਤਰ ਪੜ੍ਹੇ ਗਏ।

ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਡਾ.ਗੁਰਬਖ਼ਸ਼ ਸਿੰਘ ਭੰਡਾਲ, ਡਾ.ਜਗੀਰ ਸਿੰਘ ਨੂਰ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਡਾ.ਗੁਰਲਾਭ ਸਿੰਘ, ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਦੇ ਪ੍ਰਧਾਨ ਡਾ.ਪ੍ਰਗਟ ਸਿੰਘ ਬੱਗਾ, ਚੜਦੀ ਕਲਾ ਟਾਈਮ ਟੀ ਵੀ ਚੈਨਲ ਦੇ ਡਾਇਰੈਕਟਰ ਸ ਅੰਮ੍ਰਿਤਪਾਲ ਸਿੰਘ ਦਰਦੀ, ਸਰਪ੍ਰਸਤ ਡਾ.ਇੰਦਰਜੀਤ ਸਿੰਘ ਬੱਲ, ਸਰਪ੍ਰਸਤ ਡਾ.ਬਲਵਿੰਦਰ ਸਿੰਘ, ਅਮਰਜੀਤ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਫੁੱਲ ਇੰਚਾਰਜ ਅਜੀਤ ਦਫ਼ਤਰ ਸੰਗਰੂਰ, ਡਾ ਦਰਸ਼ਨ ਦੀਪ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕੀਤੀ। ਇਸ ਮੌਕੇ ਗਾਇਕ ਤੇ ਲੇਖਕ ਗੁਰਵਿੰਦਰ ਸਿੰਘ ਸ਼ੇਰਗਿੱਲ ਵੱਲੋਂ ਲਿਖਿਆ ਅਤੇ ਗਾਇਆ “ਮਾਂ ਬੋਲੀ ਦਾ ਹੀਰਾ ਡਾ ਦਲਬੀਰ ਸਿੰਘ ਕਥੂਰੀਆ” ਗੀਤ ਰਿਲੀਜ਼ ਕੀਤਾ ਗਿਆ।

ਲਹਿੰਦੇ ਪੰਜਾਬ ਤੋਂ ਬਾਬਾ ਗਰੁੱਪ ਨਾਲ ਪ੍ਰਸਿੱਧ ਹਸਨੈਨ ਅਕਬਰ ਨੇ ਸਮੇਂ ਸਮੇਂ ‘ਤੇ ਲੋਕ ਗਾਇਕੀ ਅਤੇ ਹੀਰ ਨਾਲ ਹਾਜ਼ਰੀ ਭਰੀ। ਸ਼ਾਮ ਦਾ ਸੈਸ਼ਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਸੁਖਿੰਦਰ, ਪ੍ਰੋ ਕੁਲਜੀਤ ਕੌਰ, ਰਿੰਕੂ ਭਾਟੀਆ, ਸੁਰਿੰਦਰ ਪ੍ਰੀਤ ਘਣੀਆਂ, ਦਲਬੀਰ ਸਿੰਘ ਰਿਆੜ, ਡਾ ਗਿਆਨ ਸਿੰਘ ਘਈ, ਪਰਮਜੀਤ ਦਿਓਲ, ਗੁਰਦਿਆਲ ਝੀਤਾ, ਸੁਰਜੀਤ ਕੌਰ ਮੀਤਾ ਖੰਨਾ ਅਤੇ ਹਾਜ਼ਰੀਨ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਰੰਗ ਬੰਨ੍ਹਿਆ ਉੱਥੇ ਹੀ ਕਵੀ ਦਰਬਾਰ ਦਾ ਮੰਚ ਸੰਚਾਲਨ ਕਰਦੇ ਹੋਏ ਤਾਹਿਰਾ ਸਰਾ ਨੇ ਆਪਣੀ ਸ਼ਾਇਰੀ ਦਾ ਵੱਖਰਾ-ਵੱਖਰਾ ਰੰਗ ਪੇਸ਼ ਕੀਤਾ।

Share this content:

Post Comment