ਹਾਸਰਸ ਕਵਿਤਾ/”ਚਾਚਾ ਮੰਡੀ ਜਾਵੇ”/ਦਲਜੀਤ ਸਿੰਘ ਕਾਹਲੋਂ
ਅੱਜ ਦੀ ਦਿਹਾੜੀ ਲੱਗ ਗਈ ਲੇਖੇ ।
ਚਾਚੀ , ਚਾਚੇ ਦੇ ਮੂੰਹ ਵੱਲ ਵੇਖੇ ॥
ਸੋਚੇ ,ਚੱਕ ਲਿਆ ਪੈਂਨ ਹੁਣ ਨਹੀਂ ਮੁੜਦਾ।
ਫੁਰਨਾ ਇਹਨੂੰ ਕਿੱਥੋਂ ਫੁਰਦਾ ?
ਪਤਾ ਨਹੀਂ ਕਿੱਥੋਂ ਵਿਚਾਰ ਲਿਆਵੇ ?
ਨਾਲ ਕਲਪਨਾ ਜਾਨ ਜਿਹੀ ਪਾਵੇ ॥
ਸ਼ਬਦਾਂ ਇਹਦਿਆ ਦਾ ਭੰਡਾਰ ।
ਲਿਖਤ ਨੂੰ ਦੇਵੇ ਕਿਵੇਂ ਸ਼ਿੰਗਾਰ ॥
ਨਾਲ ਕਲਮ ਦੇ ਲਿਖਦਾ ਜਾਵੇ ।
ਲਿਖੇ ਓਹੋ ਜੋ ਮੰਨ ਨੂੰ ਭਾਵੇ ॥
ਰਹੇ ਕਲਮ ਨਾਲ ਹਰਦੱਮ ਭਿੜਦਾ ।
ਛਪੇ ਲਿਖਤ ਤਾਂ ਜਾਵੇ ਖਿੜਦਾ ॥
“ਅਖੇ ਚੱਕ ਲੈ ਝੋਲ਼ਾ ! ਚਾਚੀ ਕਹਿੰਦੀ “।
“ਔਹ ਖਾਲੀ ਪੈਂਟਰੀ !ਖਾਣ ਨੂੰ ਪੈਂਦੀ “॥
ਇੱਕ ਫੁੱਟ ਲੰਬੀ ਲਿਸਟ ਫੜਾ ਤੀ।
ਜਾਂਦੀ ਜਾਂਦੀ ਨੇ ਲੁੱਪੀ ਲਾਤੀ ॥
ਫੜੀ ਲਿਸਟ ਤੇ ਚੱਕਿਆ ਸਾਈਕਲ ।
ਭੱਜਿਆ ਜਾਵੇ,ਜਿਵੇਂ ਜੈਕਸਨ ਮਾਈਕਲ॥
ਸਾਈਕਲ ਦੀਆਂ ਕਢਾਈਆਂ ਚੀਕਾਂ ।
ਕੱਚੇ ਪਹੇ ਤੇ ਪਾਈਆਂ ਲੀਕਾਂ ॥
ਚਾਚਾ ਗਾਉਂਦਾ ਜਾਵੇ।
ਮੰਨ ਪਰਚਾਉਂਦਾ ਜਾਵੇ॥
“ਬਈ ਚਾਚਾ ਮੰਡੀ ਜਾਵੇ।
ਡੰਡੀਓ ਡੰਡੀ ਜਾਵੇ॥
ਬਈ ਸੱਜੇ ਖੱਬੇ ਵੇਖੇ ।
ਚਾਚੇ ਦੇ ਕਾਹਦੇ ਲੇਖੇ ॥
ਬਈ ਚਾਚਾ ਚੱਕੇ ਫੱਟੇ।
ਸਿਰ ਤੱਕ ਆਵਣ ਘੱਟੇ॥
ਬਈ ਪੈਡਲ ਮਾਰੀ ਜਾਵੇ ।
ਧੁੱਦਲ ਉਭਾਰੀ ਜਾਵੇ॥
ਬਈ ਚਾਚਾ ਮੰਡੀ ਜਾਵੇ।
ਡੰਡੀਓ ਡੰਡੀ ਜਾਵੇ॥
ਬਈ ਡੰਡੀਓ ਡੰਡੀ ਜਾਵੇ”॥
ਸਫ਼ਰ ਵੀ ਮੁੱਕ ਗਿਆ ਗਾਂਦੇ ਗਾਂਦੇ ।
ਸਾਈਕਲ ਰੁਕ ਗਿਆ ਜਾਂਦੇ ਜਾਂਦੇ ॥
ਪਜਾਮਾ ਸਾਂਭਣੇ ਦਾ ਚੱਜ ਕਿੱਥੋਂ ਆਵੇ ।
ਚਾਚੇ ਨੂੰ ਨਾ ਆਵੇ। ਚਾਚੇ ਨੂੰ ਨਾ ਆਵੇ॥
ਕਾਹਲੀ ਚਿ ਚਾਚੇ ਪੰਗਾ ਪਾਇਆ ।
ਪਜਾਮਾ ਵਿੱਚ ਚੇਨ ਦੇ ਆਇਆ ॥
ਚਾਚਾ ਖਿੱਚੀ ਪਜਾਮਾ ਜਾਵੇ।
ਪਜਾਮਾ ਰਤਾ ਬਾਹਰ ਨਾ ਆਵੇ ॥
ਪਜਾਮਾ ਐਸਾ ਚੇਨ ਵਿੱਚ ਅੜਿਆ ।
ਚਾਚੇ ਖਿੱਚਦੇ ਨੂੰ ਸਾਹ ਚੜ੍ਹਿਆ॥
ਪਜਾਮਾ ਹੋਇਆ ਲੀਰਾਂ ਲੀਰਾਂ ।
ਚਾਚਾ ਫਿਰਦਾ ਵਾਂਗ ਫ਼ਕੀਰਾਂ ॥
ਪਾਈ ਫਿਰੇ ਪਜਾਮਾ ਪਾਟਾ।
ਉੱਤੋਂ ਚਾਚੇ ਦਾ ਧੌਲਾ ਝਾਟਾ ॥
ਅੰਤ ਨੂੰ ਜਾ ਪਹੁੰਚਾ ਫਗਵਾੜੇ ॥
ਪਹੁੰਚਣੋਂ ਪਹਿਲਾਂ ਈਂ ਕੱਪੜੇ ਪਾੜੇ ॥
ਚਾਚਾ ਵਿੱਚ ਸ਼ਹਿਰ ਜਾ ਵੜਿਆ ।
ਸਾਈਕਲ ਮੰਡੀ ਜਾ ਕੇ ਖੜਿਆ ॥
ਚਾਚਾ ਜਾਂਦਿਆਂ ਈਂ ਲਿਸਟ ਫੜਾਏ ।
ਝੋਲੇ ਭਰਦਿਆਂ ਈਂ ਮੋੜੇ ਪਾਏ ॥
ਚਾਚਾ ਨਾਲ਼ੇ ਬਣਾਵੇ ਵਿਧੀਆਂ ।
ਨਾਲੇ ਪੰਧ ਮੁਕਾਵੇ ਬਈ ॥
ਸਾਈਕਲ ਦੇ ਚੱਕੀ ਜਾਵੇ ਫੱਟੇ ।
ਨਾਲੇ ਘਰ ਵੱਲ ਆਵੇ ਬਈ ॥
ਸੋਚੇ,ਘਰ ਵੜਦਿਆਂ ਹਊ ਕੁਪੱਤ ।
ਕਿਉਂ ਮਾਰੀ ਗਈ ਸੀ ਮੇਰੀ ਮੱਤ ॥
ਕਾਹਲੀ ਕਰਦਿਆਂ ਕੱਪੜੇ ਪਾੜੇ ।
ਜਿਹਦੇ ਕਰਕੇ ਹੋਏ ਕਬਾੜੇ ॥
ਹੁਣ ਲੱਗੂਗੀ ਮੇਰੀ ਕਲਾਸ ਬਈ ।
ਚਾਚੀ ਪੁੱਛਣਾ ਨਾ ਪਾਣੀ ਗਲਾਸ ਬਈ ॥
ਹੁਣ ਘਰ ਜਾਣੇ ਤੋਂ ਡਰਦਾ ਏ ।
ਨਾਲੇ ਠੰਡੇ ਹਾਉਕੇ ਭਰਦਾ ਏ ॥
ਆਖਿਰ ਪਹੁੰਚਿਆ ਕਾਹਲੀ ਕਾਹਲੀ ।
ਅੰਦਰੋਂ ਚਿੰਤਾ ਖਾਵੇ ਬਾਹਲ਼ੀ ॥
ਜਾਂਦਿਆਂ ਝੱਟ-ਪੱਟ ਬੈੱਲ਼ ਵਜਾਈ ।
ਚਾਚੀ ਕਾਹਲੀ ਕਾਹਲੀ ਆਈ ॥
ਚਾਚਾ ਦਿਸੇ ਘਬਰਾਇਆ-ਸੰਗਿਆ।
ਪਾਟਿਆ ਪਜਾਮਾ ਉਤਾਂਹ ਨੂੰ ਟੰਗਿਆ ॥
ਚੋਰ ਨੂੰ ਮਾਰੇ ਆਪਣਾ ਈ ਪਾਲਾ ।
ਤਾਂਈਉਂ ਕਰਦਾ ਘਾਲਾ- ਮਾਲਾ ॥
ਚਾਚੀ ਕਹਿੰਦੀ ਇਹ ਕੀ ਕਰਤਿਆ ?
ਕਹਿੰਦਾ ਰੱਬ ਦਾ ਭਾਣਾ ਵਰਤਿਆ ॥
ਕਹਿੰਦੀ ਨਵਾਂ ਪਜਾਮਾ ਪੜਵਾ ਆਇਆਂ?
ਹਜ਼ਾਰਾਂ ਨੂੰ ਥੁੱਕ ਲਗਵਾ ਆਇਆਂ ?
ਤੇਰੀ ਪਹਿਲਾਂ ਈਂ ਨੀਤ ਸੀ ਮਾੜੀ ।
ਤਾਈਉਂ ਇਹ ਚੰਦ ਤੂੰ ਚਾਹੜੀ ॥
ਸਾਰਾ ਖੇਲ ਇਹ ਲਿਖਣ ਲਿਖਾਉਣ ਦਾ ਸੀ।
ਮੁੜ ਛੇਤੀ ਘਰ ਵੱਲ ਆਉਣ ਦਾ ਸੀ ॥
ਚਾਚੀ ਕਹਿੰਦੇ ਏਨੀ ਚੰਗੀ।
ਰੋਸਾ ਝਾੜਕੇ ਹੋ ਗਈ ਠੰਡੀ ॥
ਕਹਿੰਦੀ ਡਿਗਿਆ ਤਾਂ ਨਹੀਂ?
ਕਿਤੇ ਸੱਟ ਤਾਂ ਨਹੀਂ ਲੱਗੀ ?
ਸੁਣ ਚਾਚਾ ਹੋਇਆ ਬਈ ਨੌਰਮਲ ।
ਕਹਿੰਦਾ ਤੇਰਾ ਦਿਲ ਹੈ ਬੜਾ ਬਈ ਕੋਮਲ ॥
ਚਾਚੀ ਵੀ ਬੋਲੀ ਫੇਰ ਸੰਗਦੀ ਸੰਗਦੀ ।
ਕਹਿੰਦੀ ਤੇਰੀਆਂ ਖੈਰਾਂ ਰੱਬ ਤੋਂ ਮੰਗਦੀ ॥
ਕਹਿੰਦੀ ਲਿਆਓ ਨਿਆਣਿਓ ਛੇਤੀ ਲਿਆਓ।
ਬਾਪੂ ਆਪਣੇ ਨੂੰ ਰੂਹ ਅਫਜਾ ਪਲਾਓ॥
ਸੁਣਦੇ ਸਾਰ ਸੋਚੇ ਟੱਲ ਗਿਆ ਖ਼ਤਰਾ ।
ਅੰਦਰੋ ਅੰਦਰੀ ਬੜਾ ਹੀ ਚਤਰਾ ॥
ਇਕਦਮ ਚਾਚੇ ਚਾਅ ਜਿਹਾ ਚੜ੍ਹਿਆ।
ਚੱਕਿਆ ਪੈਂਨ ਜਾ ਉਹੀ ਕੰਮ ਫੜਿਆ॥
ਚੱਕਿਆ ਪੈਂਨ ਜਾ ਉਹੀ ਕੰਮ ਫੜਿਆ ॥

Share this content:



Post Comment