Loading Now

ਕਵਿਤਾ/ਮਾਤ ਭਾਸ਼ਾ/ਚਰਨਜੀਤ ਸਿੰਘ ਪੰਨੂ

ਕਵਿਤਾ/ਮਾਤ ਭਾਸ਼ਾ/ਚਰਨਜੀਤ ਸਿੰਘ ਪੰਨੂ

ਮਾਂ ਬੋਲੀ ਪੰਜਾਬੀ ਵਧੀਆ,
ਪ੍ਰਸ਼ੰਸਾ ਇਸ ਦੇ ਦਾਮਨ ਪਾ।

ਕੰਡੇ ਚੁਣ ਕੇ ਸੁੱਟ ਦੇਹ ਪਾਸੇ,
ਇਹਦੇ ਰਾਹ ਵਿਚ ਫੁਲ ਵਿਸ਼ਾ।

ਰਾਣੀ ਬਣ ਕੇ ਰਹੀ ਜੋ ਗੋਲੀ,
ਉਚਿੱਤ ਉਸ ਦਾ ਹੱਕ ਦਵਾ।

ਰਾਜ ਭਾਗ ਦੇ ਵਿਹੜੇ ਅੰਦਰ,
ਗੁਲਦਸਤੇ ਜਿਉਂ ਦੇਹ ਸਜਾ।

ਫ਼ਰੀਕ ਨਾਲ ਸ਼ਰੀਕ ਜੋ ਤੱਕੇ,
ਤਿਰਛੀ ਨਜ਼ਰ ਨੂੰ ਬਿੰਦੀ ਲਾ।

ਪੰਜਾਬੀ ਝੰਡਾ ਉੱਚਾ ਚੁੱਕ ਕੇ,
ਦੇਸ ਵਿਦੇਸ਼ ਸੰਦੇਸ਼ ਪਹੁੰਚਾ।

ਝੋਲੀ ਭਰ ਭਰ ਕੇ ਵੰਡ ਸਾਰੇ,
ਚਾਰੇ ਦਿਸ਼ਾਵਾਂ ਦੇਹ ਮਹਿਕਾ।

ਮਾਂ ਗੁੜ੍ਹਤੀ ਤੇਰੀ ਜੀਭਾ ਖੋਲ੍ਹੀ,
ਤੂੰ ਵੀ ਇਸ ਦੇ ਭਾਗ ਜਗਾ।

ਨਵੀਂ ਪਨੀਰੀ ਦਾ ਜੋ ਵਿਰਸਾ,
ਦਾਦੀ ਮਾਂ ਜਿਉਂ ਬਾਤ ਸੁਣਾ।

ਚਾਚੀ ਮਾਸੀ ਦੀ ਸ਼ਹਿ ਉੱਤੇ,
ਆਪਣੀ ਮਾਂ ਨਾ ਗਹਿਣੇ ਪਾ।

ਬਿਗਾਨੀ ਜੂਹੀਂ ਰੁਲ ਨਾ ਜਾਏ,
ਚੁੱਕ ਲੈ ਇਸ ਨੂੰ ਗਲੇ ਲਗਾ।

ਪੰਨੂ ਨੇ ਹੋਕਾ ਦਿੰਦੇ ਰਹਿਣਾ,
ਮਾਤ ਭਾਸ਼ਾ ਦੀ ਕਦਰ ਵਧਾ।

charanjit-singh-pannu ਕਵਿਤਾ/ਮਾਤ ਭਾਸ਼ਾ/ਚਰਨਜੀਤ ਸਿੰਘ ਪੰਨੂ

ਚਰਨਜੀਤ ਸਿੰਘ ਪੰਨੂ

Share this content:

Post Comment