ਕਿਲ੍ਹਾ ਰਾਏਪੁਰ ਦੀਆਂ ਖੇਡਾਂ ਯਾਦਗਾਰੀ ਹੋ ਨਿਬੜੀਆਂ
ਲੁਧਿਆਣਾ, 20 ਫਰਵਰੀ – ਕਿਲ੍ਹਾ ਰਾਏਪੁਰ ਦੀਆਂ ਮਿੰਨੀ ਪੇਂਡੂ ਓਲੰਪਿਕ ਖੇਡਾਂ ਅੱਜ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਖੇਡਾਂ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਪਿੰਡ ਵਾਸੀਆਂ ਤੇ ਪੰਜਾਬੀਆਂ ਨੂੰ ਵਧਾਈ ਦਿੱਤੀ, ਉੱਥੇ ਨਸ਼ਿਆਂ ਦੇ ਖਾਤਮੇ ਲਈ ਖੇਡਾਂ ਨੂੰ ਸਭ ਤੋਂ ਘਾਤਕ ਹਥਿਆਰ ਕਰਾਰ ਦਿੱਤਾ। ਕਿਲ੍ਹਾ ਰਾਏਪੁਰ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੀਆਂ ਖੇਡਾਂ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਮੁੱਖ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ਰੱਸਾਕਸੀ ਓਪਨ ’ਚ ਖੋਸਾ ਕੋਟਲਾ ਮੋਗਾ ਨੇ ਪਹਿਲਾ ਅਤੇ ਜੀਂਦ ਬਠਿੰਡਾ ਨੇ ਦੂਜਾ, ਓਪਨ ਕਬੱਡੀ ਸਰਕਲ ਸਟਾਈਲ ਲੜਕੇ ਵਿੱਚ ਪਿੰਡ ਕੈਂਡ ਲੁਧਿਆਣਾ ਨੇ ਪਹਿਲਾ ਤੇ ਪਿੰਡ ਦਤਾੜ ਸੰਗਰੂਰ ਨੇ ਦੂਜਾ, ਹਾਕੀ ਲੜਕੀਆਂ ਓਪਨ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ ਤੇ ਅੰਮ੍ਰਿਤਸਰ ਦੀ ਟੀਮ ਨੇ ਦੂਜਾ, ਹਾਕੀ ਲੜਕੇ ਓਪਨ ਵਿੱਚ ਕੁਰੂਕਸ਼ੇਤਰ ਦੀ ਟੀਮ ਨੇ ਪਹਿਲਾ ਅਤੇ ਅਮਰਗੜ੍ਹ (ਮਾਲੇਰਕੋਟਲਾ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
.ਓਪਨ ਲੜਕਿਆਂ ਦੀ ਉੱਚੀ ਛਾਲ ’ਚ ਬਲਜੀਤ ਸਿੰਘ, ਲੜਕੀਆਂ ’ਚ ਡੋਲੀ, ਓਪਨ 200 ਮੀਟਰ ਦੌੜ ਵਿੱਚ ਹਰਜੀਤ ਸਿੰਘ, ਲੜਕੀਆਂ ਵਿੱਚੋਂ ਰਿਸਿਤਾ ਕੌਰ, ਲੜਕਿਆਂ ਦੀ 800 ਮੀਟਰ ਦੌੜ ਵਿੱਚ ਪ੍ਰਭਜੋਤ ਸਿੰਘ, ਲੜਕੀਆਂ ਵਿੱਚ ਮਾਇਆ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚ ਪਿਆਰਾ ਸਿੰਘ ਨੇ ਪਹਿਲਾ, ਜਗਦੇਵ ਸਿੰਘ ਨੇ ਦੂਜਾ ਅਤੇ ਕੁਲਦੀਪ ਸਿੰਘ ਨੇ ਤੀਜਾ, 75 ਸਾਲ ਤੋਂ ਵੱਧ ਉਮਰ ’ਚ ਸਰਬਜੀਤ ਸਿੰਘ ਨੇ ਪਹਿਲਾ, ਬਾਲ ਸਿੰਘ ਨੇ ਦੂਜਾ ਅਤੇ ਮਨਮੋਹਨ ਸਿੰਘ ਨੇ ਤੀਜਾ ਸਥਾਨ, 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚੋਂ ਅਜੀਤ ਸਿੰਘ ਰੰਧਾਵਾ ਨੇ ਪਹਿਲਾ, ਬਿੱਕਰ ਸਿੰਘ ਨੇ ਦੂਜਾ ਅਤੇ ਛੱਜੂ ਰਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੇਡਾਂ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡ ਮੈਦਾਨ ਸਭ ਦੇ ਸਾਂਝੇ ਹੁੰਦੇ ਹਨ, ਇਸ ਲਈ ਖੇਡਾਂ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਜੇਤੂਆਂ ਅਤੇ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ।
Share this content:



Post Comment