ਜੀ-ਹਜ਼ੂਰੀ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਆਰ ਐੱਸ ਐੱਸ ਦੀ ਜੀ-ਹਜ਼ੂਰੀ ਕਰਨ ਵਿੱਚ ਲਗਾਤਾਰ ਹੱਦਾਂ ਟੱਪਦਾ ਜਾ ਰਿਹਾ ਹੈ। ਹੁਣ ਇਸ ਨੇ ਉੱਚ ਵਿਦਿਅਕ ਅਦਾਰਿਆਂ ਨੂੰ 7-8 ਮਾਰਚ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ‘ਭਾਰਤੀ ਨਾਰੀ ਸੇ ਨਾਰਾਇਣੀ’ ਨਾਂਅ ਦੇ ਕੌਮੀ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ਮੁਤਾਬਕ ਇਹ ਸੰਮੇਲਨ ਭਾਰਤੀ ਵਿਦਵਤ ਪ੍ਰੀਸ਼ਦ (ਬੀ ਵੀ ਪੀ) ਤੇ ਰਾਸ਼ਟਰ ਸੇਵਿਕਾ ਸਮਿਤੀ ਵੱਲੋਂ ਜਥੇਬੰਦ ਕੀਤਾ ਜਾ ਰਿਹਾ ਹੈ। ਸਰਕੂਲਰ ਵਿੱਚ ਇਸ ਨੂੰ ਮਹਿਲਾ ਵਿਚਾਰ ਨੇਤਾਵਾਂ ਲਈ ਇੱਕ ‘ਸਹਿਯੋਗਾਤਮਕ ਰਾਸ਼ਟਰੀ ਮੰਚ’ ਦੱਸਿਆ ਗਿਆ ਹੈ, ਜਿੱਥੇ ਆਤਮ ਨਿਰਭਰਤਾ, ਸਮਾਵੇਸ਼ੀ ਲੀਡਰਸ਼ਿਪ ਤੇ ਸਮੱਗਰ ਰਾਸ਼ਟਰੀ ਵਿਕਾਸ ਵਰਗੇ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਵਿੱਚ ਮਹਿਲਾਵਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਣ ਤੇ ਭਾਰਤ ਦੇ ਭਵਿੱਖ ਲਈ ਭਾਈਵਾਲੀ ਵਿਕਸਤ ਕਰਨ ਦੀ ਗੱਲ ਵੀ ਕਹੀ ਗਈ ਹੈ।
ਯੂ ਜੀ ਸੀ ਨੇ ਯੂਨੀਵਰਸਿਟੀਆਂ ਤੇ ਉੱਚ ਵਿਦਿਅਕ ਅਦਾਰਿਆਂ ਨੂੰ ਇਸ ਸੰਮੇਲਨ ਤੋਂ ਪਹਿਲਾਂ ਵਿਦਿਅਕ ਸਰਗਰਮੀਆਂ ਆਯੋਜਿਤ ਕਰਨ ਲਈ ਕਿਹਾ ਹੈ, ਜਿਸ ਵਿੱਚ ਪੈਨਲ ਚਰਚਾ, ਪੋਸਟਰ ਪ੍ਰਸਤੁਤੀ ਤੇ ਆਡੀਓ-ਵਿਜ਼ੁਅਲ ਪ੍ਰਸਤੁਤੀ ਵਰਗੀਆਂ ਸਰਗਰਮੀਆਂ ਸ਼ਾਮਲ ਹਨ, ਜਿਹੜੀਆਂ ਅੱਠ ਵਿਸ਼ਿਆਂ ਦੇ ਇਰਦ-ਗਿਰਦ ਆਯੋਜਿਤ ਕੀਤੀਆਂ ਜਾਣੀਆਂ ਹਨ। ਅਦਾਰਿਆਂ ਨੂੰ ਸਰਗਰਮੀਆਂ ਦੇ ਸਿੱਟੇ ਤੇ ਸਿਫਾਰਸ਼ਾਂ ਇਕੱਠੀਆਂ ਕਰਕੇ ਯੂ ਜੀ ਸੀ ਨੂੰ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਇਸ ਦੀ ਇੱਕ ਕਾਪੀ ਬੀ ਵੀ ਪੀ ਦੀ ਸਕੱਤਰ ਪ੍ਰੋਫੈਸਰ ਸ਼ਿਵਾਨੀ ਨੂੰ ਵੀ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਤਾਂ ਕਿ ਸੰਮੇਲਨ ਦੌਰਾਨ ‘ਰਾਸ਼ਟਰੀ ਸਿਫਾਰਸ਼ ਦਸਤਾਵੇਜ਼’ ਵਿੱਚ ਦੇਸ਼ ਦੀ ਸਮੂਹਕ ਵਿਦਿਅਕ ਆਵਾਜ਼ ਨੂੰ ਸ਼ਾਮਲ ਕੀਤਾ ਜਾ ਸਕੇ। ਸਰਕੂਲਰ ਵਿੱਚ ਸਾਰੀਆਂ ਮਹਿਲਾ ਵਾਈਸ ਚਾਂਸਲਰਾਂ ਤੇ ਸੀਨੀਅਰ ਮਹਿਲਾ ਪ੍ਰਸ਼ਾਸਕਾਂ ਨੂੰ ਵਿਸ਼ੇਸ਼ ‘ਮਹਿਲਾ ਵਾਈਸ ਚਾਂਸਲਰ ਸੰਮੇਲਨ’ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ, ਜਿੱਥੇ ਉੱਚ ਸਿੱਖਿਆ ਵਿੱਚ ਲੀਡਰਸ਼ਿਪ, ਪ੍ਰਸ਼ਾਸਨ ਤੇ ਲੈਂਗਿਕ ਸੰਵੇਦਨਸ਼ੀਲ ਨੀਤੀਆਂ ‘ਤੇ ਚਰਚਾ ਕੀਤੀ ਜਾਵੇਗੀ।
ਜਿਹੜੀਆਂ ਜਥੇਬੰਦੀਆਂ ਇਹ ਸੰਮੇਲਨ ਕਰਵਾ ਰਹੀਆਂ ਹਨ, ਉਹ ਕਿਸੇ ਨਾ ਕਿਸੇ ਰੂਪ ਵਿੱਚ ਆਰ ਐੱਸ ਐੱਸ ਨਾਲ ਜੁੜੀਆਂ ਹੋਈਆਂ ਹਨ। ਭਾਜਪਾ ਦੀ ਅਗਵਾਈ ਵਿੱਚ ਕੇਂਦਰ ‘ਚ ਚੱਲ ਰਹੀ ਸਰਕਾਰ ਤਹਿਤ ਯੂ ਜੀ ਸੀ ਦਾ ਧਿਆਨ ਵਿਦਿਅਕ ਮਿਆਰ ਉੱਚਾ ਚੁੱਕਣ ਵੱਲ ਘੱਟ ਤੇ ਆਰ ਐੱਸ ਐੱਸ ਨਾਲ ਜੁੜੇ ਸੰਗਠਨਾਂ ਦਾ ਸਰਗਰਮ ਪ੍ਰਚਾਰ ਤੇ ਪ੍ਰਸਾਰ ਕਰਨ ਵੱਲ ਜ਼ਿਆਦਾ ਹੈ। ਅਗਾਊਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਮੇਲਨ ਵਿੱਚ ਕਿਸ ਤਰ੍ਹਾਂ ਦਾ ਵਿਚਾਰ-ਵਟਾਂਦਰਾ ਹੋਵੇਗਾ ਤੇ ਕਿਸ ਤਰ੍ਹਾਂ ਦੇ ਸਿੱਟੇ ਨਿਕਲਣਗੇ।
Share this content:


Post Comment