ਤਰਨ ਤਾਰਨ ਦੇ ਲਾਅ ਕਾਲਜ ‘ਚ ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਤਰਨਤਾਰਨ, 9 ਫਰਵਰੀ – ਤਰਨਤਾਰਨ ਲਾਅ ਕਾਲਜ ‘ਚ ਇੱਕ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਮਾਰਨ ਵਾਲੇ ਲੜਕੇ ਨੇ ਬਾਅਦ ‘ਚ ਖ਼ੁਦ ਨੂੰ ਵੀ ਗੋਲੀ ਮਾਰ ਕੇ ਸੁਸਾਇਡ ਕਰ ਲਈ। ਮ੍ਰਿਤਕ ਲੜਕੀ ਦੀ ਪਹਿਚਾਣ ਸੰਦੀਪ ਕੌਰ (20) ਵਜੋਂ ਹੋਈ ਹੈ। ਉੱਥੇ ਹੀ, ਲੜਕੇ ਦੀ ਪਹਿਚਾਣ ਪ੍ਰਿੰਸ ਰਾਜ ਵਜੋਂ ਹੋਈ ਹੈ। ਇਹ ਵਾਰਦਾਤ ਉਸਮਾਂ ਦੇ ਲਾਅ ਕਾਲਜ ‘ਚ ਵਾਪਰੀ ਹੈ। ਦੋਵੇਂ ਹੀ ਮ੍ਰਿਤਕ ਲੜਕਾ ਦੇ ਲੜਕੀ ਲਾਅ ਕਾਲਜ ਦੇ ਵਿਦਿਆਰਥੀ ਸਨ।
ਪੁਲਿਸ ਨੇ ਘਟਨਾ ਤੋਂ ਬਾਅਦ ਪੂਰੇ ਕਾਲਜ ਨੂੰ ਸੀਲ ਕਰ ਦਿੱਤਾ। ਪੁਲਿਸ ਕਾਲਜ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸੰਦੀਪ ਕੌਰ ਆਪਣੀ ਕਲਾਸਮੇਟ ਨਾਲ ਬੈਂਚ ‘ਤੇ ਬੈਠੀ ਹੈ। ਲੜਕਾ ਪਹਿਲਾਂ ਲੜਕੀ ਨੂੰ ਗੋਲੀ ਮਾਰਦਾ ਹੈ। ਲੜਕੀ ਗੋਲੀ ਲੱਗਣ ‘ਤੇ ਬੈਂਚ ‘ਤੇ ਡਿੱਗ ਪੈਂਦੀ ਹੈ। ਇਸ ਤੋਂ ਬਾਅਦ ਲੜਕਾਂ ਉੱਥੇ ਹੀ ਖੁਦ ਨੂੰ ਵੀ ਗੋਲੀ ਮਾਰ ਲੈਂਦਾ ਹੈ ਤੇ ਜ਼ਮੀਨ ‘ਤੇ ਡਿੱਗ ਜਾਂਦਾ ਹੈ।
ਲੜਕਾ ਪਹਿਲਾਂ ਵੀ ਦੇ ਚੁੱਕਿਆ ਸੀ ਧਮਕੀ: ਮ੍ਰਿਤਕ ਲੜਕੀ ਦਾ ਪਰਿਵਾਕਰ ਮੈਂਬਰ
ਉੱਥੇ ਹੀ, ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅੱਜ ਆਮ ਦਿਨ ਵਾਂਗ ਕਾਲਜ ਆਈ ਸੀ। ਅੱਜ ਕਲਾਸ ‘ਚ ਲੜਕੇ ਨੂੰ ਉਸ ਨੂੰ ਗੋਲੀ ਮਾਰ ਦਿੱਤੀ। ਮੁੰਡੇ ਨੇ ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਲੜਕੀ ਦੇ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਲੜਕਾਂ ਉਨ੍ਹਾਂ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਤੇ ਉਹ ਉਨ੍ਹਾਂ ਦੇ ਘਰ ਵੀ ਆ ਚੁੱਕਿਆ ਸੀ। ਲੜਕੇ ਨੇ ਘਰ ਆ ਕੇ ਲੜਕੀ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ‘ਚ ਮ੍ਰਿਤਕ ਸੰਦੀਪ ਕੌਰ ਸਮੇਤ ਕੁੱਲ ਸੱਤ ਭੈਣਾਂ ਸਨ ਤੇ ਉਸ ਦਾ ਇੱਕ 10 ਸਾਲ ਦਾ ਭਰਾ ਹੈ, ਜਦਕਿ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਨੇ ਕਾਲਜ ਦੀ ਸੁਰੱਖਿਆ ‘ਤੇ ਵੀ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਕਾਲਜ ‘ਚ ਹਥਿਆਰ ਲੈ ਕੇ ਜਾ ਰਹੇ ਹਨ ਤੇ ਕਿਸੇ ਨੇ ਵੀ ਇਸ ਦੀ ਜਾਂਚ ਨਹੀਂ ਕੀਤੀ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
Share this content:



Post Comment