Loading Now

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ

WhatsApp-Image-2026-02-06-at-1.40.47-PM-1024x591 ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ
ਸਰਬ ਨੌਜਵਾਨ ਸਭਾ ਵਲੋਂ ਆਯੋਜਿਤ ਹੱਥੀ ਕਿੱਤਾ ਕੋਰਸਾਂ ਦੇ ਸਰਟੀਫਿਕੇਟ ਵੰਡਣ ਸਬੰਧੀ ਸਮਾਗਮ ਦੀਆਂ ਝਲਕੀਆਂ।

* ਧੀਆਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ – ਡਾ. ਸ਼ਿਖਾ ਭਗਤ
* ਸਿੱਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਮੈਕਅੱਪ ਕਿੱਟਾਂ ਵੀ ਕੀਤੀਆਂ ਭੇਂਟ
* ਵਿਦੇਸ਼ਾਂ ‘ਚ ਵੱਸਦਿਆਂ ਪੰਜਾਬ ਨਾਲ ਜੁੜੇ ਰਹਿਣਾ ਸਾਡਾ ਫ਼ਰਜ਼ – ਜੱਸੀ ਬੰਗਾ
ਫਗਵਾੜਾ, 6 ਫਰਵਰੀ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ–3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ‘ਚ ਵੱਖ-ਵੱਖ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ 100 ਸਿੱਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕਰਨ ਸੰਬੰਧੀ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੰਜ ਸਾਹਿਬ, ਸਕੀਮ ਨੰਬਰ–3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਸ਼ਿਖਾ ਭਗਤ ਏ.ਡੀ.ਸੀ.-ਕਮ-ਨਿਗਮ ਕਮਿਸ਼ਨਰ, ਫਗਵਾੜਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜੱਸੀ ਬੰਗਾ (ਸੱਭਿਆਚਾਰਕ ਪ੍ਰਮੋਟਰ, ਯੂ.ਐੱਸ.ਏ.), ਰਾਮ ਸਰੋਆ ਚੇਅਰਮੈਨ ਡਾ. ਅੰਬੇਡਕਰ ਐਜੂਕੇਸ਼ਨ ਸੁਸਾਇਟੀ (ਯੂ.ਐੱਸ.ਏ.) ਅਤੇ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ ਮੌਜੂਦ ਰਹੇ। ਮੁੱਖ ਮਹਿਮਾਨ ਡਾ. ਸ਼ਿਖਾ ਭਗਤ ਵੱਲੋਂ ਕੋਰਸ ਪੂਰਾ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟਾਂ ਦੇ ਨਾਲ–ਨਾਲ ਸਿਲਾਈ ਮਸ਼ੀਨਾਂ ਅਤੇ ਮੈਕਅੱਪ ਕਿੱਟਾਂ ਵੀ ਵੰਡੀਆਂ ਗਈਆਂ।

ਉਨ੍ਹਾਂ ਨੇ ਸਿੱਖਿਆਰਥਣਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਨੇ ਵੋਕੇਸ਼ਨਲ ਟਰੇਨਿੰਗ ਰਾਹੀਂ ਨੌਜਵਾਨ ਧੀਆਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਦੇ ਇਸ ਉਪਰਾਲੇ ਨੂੰ ਸਮਾਜ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਦੱਸਿਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਆਪਣੇ ਮਨਪਸੰਦ ਹੱਥੀ ਕਿੱਤਿਆਂ ਵਿਚ ਮਹਾਰਤ ਹਾਸਲ ਕਰਕੇ ਆਤਮ-ਨਿਰਭਰ ਬਣ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਸਕਦੀਆਂ ਹਨ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜੱਸੀ ਬੰਗਾ (ਯੂ.ਐੱਸ.ਏ.) ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਵੇਂ ਅਸੀਂ ਵਿਦੇਸ਼ਾਂ ਵਿੱਚ ਵਸਦੇ ਹਾਂ, ਪਰ ਆਪਣੀ ਮਾਂ-ਭੂਮੀ ਪੰਜਾਬ ਨਾਲ ਜੁੜੇ ਰਹਿਣਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਉਣਾ ਸਾਡਾ ਨੈਤਿਕ ਫ਼ਰਜ਼ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਮਾਜ ਦੀ ਜੜ੍ਹ ਮਜ਼ਬੂਤ ਹੁੰਦੀ ਹੈ। ਉੱਥੇ ਹੀ ਰਾਮ ਸਰੋਆ ਯੂ.ਐਸ.ਏ. ਨੇ ਕਿਹਾ ਕਿ ਸਿੱਖਿਆ ਅਤੇ ਹੁਨਰ ਹੀ ਨੌਜਵਾਨਾਂ ਦੇ ਭਵਿੱਖ ਦੀ ਨੀਂਹ ਬਣਦੇ ਹਨ।

ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇਹ ਵੋਕੇਸ਼ਨਲ ਟਰੇਨਿੰਗ ਸੈਂਟਰ ਧੀਆਂ ਲਈ ਰੁਜ਼ਗਾਰ ਦੇ ਨਵੇਂ ਰਾਸਤੇ ਖੋਲ੍ਹ ਰਿਹਾ ਹੈ। ਇਸੇ ਤਰ੍ਹਾਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰੂ ਮਾਂ ਸਵਰਨ ਦੇਵਾ (ਯੂ.ਕੇ.) ਨੇ ਵੀ ਧੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਨਰਮੰਦ ਬਣਾਉਣਾ ਸਭ ਤੋਂ ਵੱਡੀ ਸਮਾਜ ਸੇਵਾ ਹੈ। ਜਿਸ ਦੇ ਲਈ ਸਭਾ ਅਤੇ ਸੁਸਾਇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵਧਾਈ ਪਾਤਰ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਕਟਿੰਗ–ਟੇਲਰਿੰਗ, ਕੰਪਿਊਟਰ ਐਪਲੀਕੇਸ਼ਨ, ਹੇਅਰ ਐਂਡ ਸਕਿਨ ਕੇਅਰ ਅਤੇ ਹੋਮ ਕੇਅਰ ਵਰਗੇ ਛੇ ਮਹੀਨੇ ਦੇ ਹੱਥੀਂ ਕਿੱਤਾ ਕੋਰਸ ਕਰਵਾਏ ਜਾਂਦੇ ਹਨ। ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿੱਚ ਦੋ ਵਾਰ ਸਰਟੀਫਿਕੇਟਾਂ ਦੇ ਨਾਲ–ਨਾਲ ਸਿਲਾਈ ਮਸ਼ੀਨਾਂ ਅਤੇ ਮੈਕਅੱਪ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ।

ਇਹ ਸਾਰੀ ਟਰੇਨਿੰਗ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਫਰੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਲੋੜਵੰਦ ਲੜਕੀਆਂ ਨੂੰ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਲੈਣ ਦੀ ਅਪੀਲ ਵੀ ਕੀਤੀ। ਸਮਾਗਮ ਦੌਰਾਨ ਸਟੇਜ ਦੀ ਸੇਵਾ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਨਿੰਦਰ ਸਿੰਘ, ਰਾਮ ਦਦਰਾਲ (ਯੂ.ਐੱਸ.ਏ.), ਡਾ. ਤਰਸੇਮ ਲਾਲ, ਲੈਕਚਰਾਰ ਰੇਸ਼ਮ ਕੌਰ (ਸਟੇਟ ਐਵਾਰਡੀ), ਸਤਿਆ ਦੇਵੀ (ਯੂ.ਐੱਸ.ਏ.), ਕੁਲਵਿੰਦਰ ਸਿੰਘ ਚੱਠਾ, ਕਵੀ ਹਰਚਰਨ ਭਾਰਤੀ ਤੋਂ ਇਲਾਵਾ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਗੁਰਦੀਪ ਸਿੰਘ ਤੁਲੀ, ਜਗਜੀਤ ਸੇਠ, ਆਰ.ਪੀ. ਸ਼ਰਮਾ, ਨਰਿੰਦਰ ਸੈਣੀ, ਆਪ ਆਗੂ ਰਘਬੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਸੈਂਟਰ ਸਟਾਫ ਤੇ ਸਿੱਖਿਆਰਥਣਾਂ ਹਾਜ਼ਰ ਸਨ।

Share this content:

Post Comment