ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ’ਤੇ ਹਰੀ ਸਿੰਘ ਨਲੂਆ ਦਾ ਬੁੱਤ ਸਥਾਪਤ
ਚੰਡੀਗੜ੍ਹ, 3 ਫਰਵਰੀ – ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੀ ਆਰਟ ਗੈਲਰੀ ਵਿੱਚ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਤਿੰਨ ਸਾਲ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ ਹਰੀ ਸਿੰਘ ਨਲੂਆ ਦਾ ਬੁੱਤ ਹਟਾ ਦਿੱਤਾ ਗਿਆ ਸੀ ਤੇ ਇਸ ਵਾਰ ਕਰਤਾਰਪੁਰ ਲਾਂਘੇ ’ਤੇ ਸਿੱਖ ਜਰਨੈਲ ਦਾ ਬੁੱਤ ਸਥਾਪਤ ਕਰਨ ਨਾਲ ਪਾਕਿ ਨੇ ਆਪਣੀ ਗਲਤੀ ਸੁਧਾਰਨ ਵੱਲ ਕਦਮ ਚੁੱਕਿਆ ਹੈ। ਇਸ ਕਦਮ ਨੂੰ ਦੁਨੀਆ ਭਰ ਦੇ ਸਿੱਖ ਸੰਗਠਨਾਂ ਵਲੋਂ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਮਾਨਤਾ ਦੇਣ ਵੱਲ ਇੱਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬੁੱਤ ਦਾ ਉਦਘਾਟਨ 1 ਫਰਵਰੀ ਨੂੰ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਅਮਰੀਕਾ ਵਿੱਚ ਸਿੱਖ ਜਥੇਬੰਦੀ ਦੇ ਪ੍ਰਧਾਨ ਗੁਰਿੰਦਰ ਸਿੰਘ ਜੋਸਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਇਸ ਨੂੰ ਇਤਿਹਾਸਕ ਪਲ ਦੱਸਦੇ ਹੋਏ, ਜੋਸਨ ਨੇ ਕਿਹਾ ਕਿ ਇਹ ਉਨ੍ਹਾਂ ਖੇਤਰਾਂ ਵਿੱਚ ਸਿੱਖ ਯੋਗਦਾਨਾਂ ਲਈ ਮਾਨਤਾ ਅਤੇ ਸਤਿਕਾਰ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ ਜੋ ਕਦੇ ਸਿੱਖ ਸਾਮਰਾਜ ਦਾ ਹਿੱਸਾ ਸਨ। ਇਸ ਸਬੰਧੀ ਪ੍ਰਾਜੈਕਟ ਗੁਰਿੰਦਰ ਪਾਲ ਸਿੰਘ ਜੋਸਨ ਵਲੋਂ ਉਲੀਕਿਆ ਗਿਆ ਸੀ ਤੇ ਇਹ ਬੁੱਤ ਜਗਦੀਪ ਸਿੰਘ ਬਿਲਿੰਗ ਵਲੋਂ ਕੁਲਵੰਤ ਸਿੰਘ ਦਿਓਲ ਦੀ ਅਗਵਾਈ ਹੇਠ ਮੁਕੰਮਲ ਕੀਤਾ ਗਿਆ। ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਦੱਸਣਾ ਬਣਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ (1791-1837) ਦਰਮਿਆਨ ਮਹਾਰਾਜਾ ਰਣਜੀਤ ਸਿੰਘ ਅਧੀਨ ਸਿੱਖ ਸਾਮਰਾਜ ਦੇ ਸਭ ਤੋਂ ਸ਼ਕਤੀਸ਼ਾਲੀ ਜਰਨੈਲਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਖਾਲਸਾ ਰਾਜ ਦੀਆਂ ਉੱਤਰ-ਪੱਛਮੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਨਲੂਆ ਨੂੰ ਅਫਗਾਨਿਸਤਾਨ ਤੋਂ ਵਾਰ-ਵਾਰ ਹਮਲਿਆਂ ਨੂੰ ਰੋਕਣ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਖੈਬਰ ਦੱਰੇ ਤੱਕ ਸਿੱਖ ਰਾਜ ਨੂੰ ਵਧਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਸਿੱਖ ਫੌਜੀ ਅਤੇ ਪ੍ਰਸ਼ਾਸਕੀ ਇਤਿਹਾਸ ਵਿੱਚ ਇੱਕ ਉੱਚ ਸ਼ਖਸੀਅਤ ਬਣ ਗਏ। ਕਰਤਾਰਪੁਰ ਸਥਾਪਨਾ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਹਰੀਪੁਰ ਜ਼ਿਲ੍ਹੇ ਦੇ ਸਿੱਦੀਕੀ-ਏ-ਅਕਬਰ ਚੌਕ ਤੋਂ ਹਰੀ ਸਿੰਘ ਨਲੂਆ ਦੇ ਅੱਠ ਫੁੱਟ ਉੱਚੇ ਬੁੱਤ ਨੂੰ ਹਟਾ ਦਿੱਤਾ ਸੀ। ਸ਼ਹਿਰ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਸਥਾਪਤ ਕੀਤੇ ਗਏ ਇਸ ਬੁੱਤ ਨੂੰ ਕੁਝ ਧਾਰਮਿਕ ਸਮੂਹਾਂ ਦੇ ਇਤਰਾਜ਼ਾਂ ਤੋਂ ਬਾਅਦ ਹਟਾ ਦਿੱਤਾ ਗਿਆ ਸੀ।
Share this content:


Post Comment