ਆਂਗਣਵਾੜੀ ਵਰਕਰਾਂ ਨੇ ਕੇਂਦਰੀ ਬਜਟ 2026 ਖਿਲਾਫ ਕੀਤਾ ਰੋਸ ਪ੍ਰਦਰਸ਼ਨ
2 ਫਰਵਰੀ – ਭਾਰਤ ਸਰਕਾਰ ਵੱਲੋਂ 1 ਫਰਵਰੀ ਨੂੰ ਪੇਸ਼ ਕੀਤੇ ਬਜਟ ਦੇ ਵਿਰੋਧ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਅੱਜ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਬਜਟ ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ ਸਨ, ਕਿਉਂਕਿ ਮਹਿੰਗਾਈ ਅਸਮਾਨ ਛੂਹ ਰਹੀ ਹੈ ਅਤੇ ਪੰਜ ਰਾਜਾਂ ਵਿੱਚ ਚੋਣਾਂ ਵੀ ਆ ਰਹੀਆਂ ਹਨ, ਪਰ ਬਜਟ ‘ਚ ਆਮ ਲੋਕਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ। ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਆਈ.ਸੀ.ਡੀ.ਐਸ. (ICDS) ਦੇ 50 ਸਾਲ ਪੂਰੇ ਹੋਣ ਦੇ ਬਾਵਜੂਦ—ਜਦੋਂ ਵਿਭਾਗ ਆਪਣੀ ਗੋਲਡਨ ਜੁਬਲੀ ਮਨਾ ਰਿਹਾ ਹੈ—ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਕੋਈ ਵੀ ਵਧੀਆ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਤੋਂ ਮਾਣ-ਭੱਤੇ ਵਿੱਚ ਕੋਈ ਵਾਧਾ ਨਹੀਂ ਹੋਇਆ ਅਤੇ ਨਾ ਹੀ ਕਿਸੇ ਕਿਸਮ ਦੀ ਸਮਾਜਿਕ ਸੁਰੱਖਿਆ ਦਾ ਐਲਾਨ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਦੇ ਦਿਨ ਕੋਈ ਖਾਸ ਤੋਹਫ਼ਾ ਦੇਣਗੇ, ਪਰ ਇਹ ਬਜਟ ਵੀ ਪਿਛਲੇ ਬਜਟਾਂ ਵਾਂਗ ਲੋਕ-ਵਿਰੋਧੀ ਸਾਬਤ ਹੋਇਆ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਅਪ੍ਰੈਲ 2022 ਵਿੱਚ 1972 ਦੇ ਐਕਟ ਤਹਿਤ ਗ੍ਰੈਚੂਟੀ ਦੇਣ ਸਬੰਧੀ ਜਾਰੀ ਹੁਕਮ ਅਜੇ ਤੱਕ ਲਾਗੂ ਨਹੀਂ ਕੀਤੇ ਗਏ। ਵੱਖ-ਵੱਖ ਹਾਈ ਕੋਰਟਾਂ ਦੇ ਆਦੇਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਇਸ ਮਾਮਲੇ ‘ਚ ਟਾਲਮਟੋਲ ਕਰ ਰਹੀ ਹੈ। ਉਲਟ ਅੰਦੋਲਨਕਾਰੀਆਂ ‘ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ। ਇਸ ਵਿਰੋਧ ਤਹਿਤ ਆਂਗਣਵਾੜੀ ਵਰਕਰ ਹੈਲਪਰ ਫੈਡਰੇਸ਼ਨ ਨੇ ਦੇਸ਼ ਭਰ ‘ਚ ਬਜਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ। ਇਸ ਕੜੀ ਵਿੱਚ ਅੱਜ ਸੰਗਰੂਰ ਵਿੱਚ ਬਜਟ ਦੀ ਕਾਪੀ ਸਾੜੀ ਗਈ, ਕੱਲ੍ਹ ਜਲੰਧਰ ਅਤੇ ਪਰਸੋਂ ਮਲੋਟ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ 12 ਫਰਵਰੀ ਨੂੰ ਦੇਸ਼ ਦੀਆਂ 10 ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ਵਿਆਪੀ ਹੜਤਾਲ ‘ਚ ਉਹ ਪੂਰੀ ਤਰ੍ਹਾਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 14 ਤੋਂ 17 ਫਰਵਰੀ ਤੱਕ ਪੁਣੇ ਵਿੱਚ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਰਾਸ਼ਟਰੀ ਕਾਨਫਰੰਸ ਹੋਵੇਗੀ, ਜਿਸ ‘ਚ 27 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹੋਣਗੇ।
Share this content:


Post Comment