ਗੋਰ ਪਿਆ ਕੋਈ ਹੋਰ… / ਕੁਲਦੀਪ ਸਿੰਘ ਦੀਪ

(ਉੱਤਰਾਖੰਡ ਦੇ ਸ਼ਹਿਰ ਮਸੂਰੀ ਦੇ ਬਾਲਾ ਹਿਸਾਰ ਖੇਤਰ ਵਿੱਚ ਸਥਿਤ ਬਾਬਾ ਬੁੱਲ੍ਹੇ ਸ਼ਾਹ ਦੀ 100 ਸਾਲ ਪੁਰਾਣੀ ਮਜ਼ਾਰ ਨੂੰ ਫਿਰਕਾਪ੍ਰਸਤ ਤਾਕਤਾਂ ਵੱਲੋਂ ਤੋੜਨ ਤੇ..)
ਬੁਲ੍ਹਿਆ ! ਉਹਨਾਂ ਨੂੰ ਲਗਦੈ ਕਿ ਤੂੰ ਅਜੇ ਵੀ ਕਬਰ ਵਿਚ ਈ ਸੁੱਤਾ ਹੋਣਾ..ਤਾਂ ਹੀ ਉਹਨਾਂ ਨੇ ਆ ਕੇ ਤੇਰੀ ਕਬਰ ਨੂੰ ਹਥੌੜਿਆਂ ਨਾਲ ਭੰਨ ਦਿਤਾ। ਉਹ ਭੁੱਲ ਗਏ ਕਿ ਬਾਬਾ ਤਾਂ ਸਤਾਰ੍ਹਵੀ ਸਦੀ ‘ਚ ਈ ਕਹਿ ਗਿਆ ਸੀ :
ਸਾਧੂ ਕਿਸ ਨੂੰ ਕੂਕ ਸੁਣਾਵੇਂ, ਮੇਰੀ ਬੁੱਕਲ਼ ਦੇ ਵਿਚ ਚੋਰ
ਚੋਰੀ ਚੋਰੀ ਨਿਕਲ਼ ਗਿਆ, ਤੇ ਜਗ ਵਿਚ ਪੈ ਗਿਆ ਸ਼ੋਰ
ਮੁਸਲਮਾਨ ਸਿਵਿਆਂ ਤੋਂ ਡਰਦੇ, ਹਿੰਦੂ ਡਰਦੇ ਗੋਰ
ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ
ਮੇਰੀ ਬੁੱਕਲ਼ ਦੇ ਵਿਚ ਚੋਰ ਨੀ, ਮੇਰੀ ਬੁੱਕਲ਼ ਦੇ ਵਿਚ ਚੋਰ…
ਪਰ ਸੱਚ ਜਿੰਨਾ ਕਹਿਣਾ ਔਖਾ ਹੈ, ਉਸ ਤੋਂ ਕਿਤੇ ਵੱਧ ਸੁਣਨਾ ਔਖਾ ਹੈ ਤੇ ਸੁਣਨ ਤੋਂ ਵੀ ਕਿਤੇ ਵੱਧ ਬਰਦਾਸਤ ਕਰਨਾ ਔਖਾ ਹੈ। ਕਿਉਂਕਿ ਸੱਚ ਬੋਲਣ ਤੇ ਭਾਂਬੜ ਮਚਦਾ ਹੈ। ਇਹ ਭਾਂਬੜ ਉਦੋਂ ਵੀ ਮੱਚਿਆ ਸੀ ਜਦ ਤੂੰ ਕਿਹਾ ਸੀ :
ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।
ਤੇ ਇਹ ਭਾਂਬੜ ਕਦੇ ਬੁਝਿਆ ਥੋੜਾ ਸੀ?
ਹਰ ਦੌਰ ਵਿਚ ਸੱਚ ਤੇ ਹਮਲਾ ਹੁੰਦਾ ਹੈ ਤੇ ਸੱਚ ਕੂਕਦਾ ਹੈ। ਜਦ ਜਦ ਵੀ ਕੋਈ ‘ਪਾਪ ਦੀ ਜੰਝ’ ਲੈ ਕੇ ਚੜ੍ਹਦਾ ਹੈ ਤਾਂ ‘ਰਾਜੇ ਸੀਂਹ ਮੁਕੱਦਮ ਕੁੱਤੇ’ ਕਹਿਣ ਵਾਲੇ ਵੀ ਉਸੇ ਵੇਲੇ ਜੰਮ ਪੈਂਦੇ ਹਨ.. ਜਦ ਕੋਈ ਆਸਥਾ ਦਾ ਕਤਲ ਕਰਦਾ ਹੈ ਤਾਂ ਦਿੱਲੀ ਦੀ ਹਿੱਕ ਤੇ ਚਾਂਦਨੀ ਚੌਂਕ ਉੱਗ ਪੈਂਦਾ ਹੈ ਕੋਈ ਸਾਈਂ ਸਰਮਦ ਸਰ੍ਹਾ ਦੇ ਖਿਲਾਫ਼ ਕੂਕਦਾ ਹੋਇਆ ਤੌਬਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਸੱਤਾ ਉਸ ‘ਤੇ ਕੁਫ਼ਰ ਦਾ ਫਤਵਾ ਲਗਾ ਕੇ ਕਤਲਗਾਹ ਵੱਲ ਤੋਰ ਦਿੰਦੀ ਹੈ। ਤੋਰੇ ਵੀ ਕਿਉਂ ਨਾ? ਜੇ ਨਾ ਤੋਰਦੀ ਤਾਂ ਬਾਬਾ ਬੁਲ੍ਹੇ ਸ਼ਾਹ ਦਾ ਇਹ ਕਲਾਮ ਝੂਠਾ ਪੈ ਜਾਂਦਾ:
ਸੱਚ ਆਖਿਆਂ ਭਾਂਬੜ ਮਚਦਾ ਏ
ਝੂਠ ਆਖਾਂ ਤੇ ਕੁਝ ਬਚਦਾ ਏ,
ਜੀ ਦੋਹਾਂ ਗੱਲਾਂ ਤੋਂ ਜਚਦਾ ਏ,
ਜਚ ਜਚ ਕੇ ਜੀਹਵਾ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਮਸਲਾ ਤਾਂ ਸਾਰਾ ‘ਮੂੰਹ ਆਈ ਬਾਤ’ ਦਾ ਹੀ ਹੈ ਜੋ ਨਾ ਕਦੇ ਪਹਿਲਾਂ ਰੁਕੀ ਸੀ ਤੇ ਨਾ ਹੁਣ ਰੁਕੀ ਹੈ। ਹੁਣ ਵੀ ਜਦੋ ਦਾ ਸੱਤਾ ਨੂੰ ਭਗਵਾ ਰੰਗ ਚੜ੍ਹਿਆ ‘ਧੜਵਈਆਂ’ ਦੀਆਂ ਭੌਂ ਬਾਰਾਂ ਹੋਈਆਂ ਹਨ। ਗੰਗਾ-ਜ਼ਮੁਨੀ ਤਹਿਜ਼ੀਬ ਨੂੰ ਖੋਦ ਕੇ ਉਸ ਦੇ ਥਲਿਓਂ ਮਜ਼ਹਬੀ ਤੁਅਸਬਾਂ ਦੇ ਖੰਡਰਾਤ ਲੱਭੇ ਜਾ ਰਹੇ ਹਨ ਅਤੇ ਫਤਵੇ ਦਿੱਤੇ ਜਾ ਰਹੇ ਹਨ। ਮਿੱਥ ਕੇ ਸਾਂਝ ਦੇ ਚਿੰਨਾਂ ਨੂੰ ਮਿਟਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਥਾਂ ਤੇ ‘ਇਕ ਰੰਗੀ ਨਾਮਕਰਨ ਲਹਿਰ’ ਸ਼ੁਰੂ ਕੀਤੀ ਜਾ ਰਹੀ ਹੈ। ਇਹਨਾਂ ਦੀ ਡਿਕਸ਼ਨਰੀ ਵਿਚ ‘ਅਸਹਿਮਤੀ’ ਦਾ ਅਰਥ ‘ਦੇਸ਼ਧਰੋਹ’ ਹੈ, ‘ਘੱਟ ਗਿਣਤੀ’ ਦਾ ਅਰਥ ‘ਘੁਸਪੈਠੀਏ’ ਤੇ ਬੋਲਣ ਦਾ ਮਤਲਬ ‘ਅਰਬਨ ਨਕਸਲ’ ਜਾਂ ‘ਅੱਤਵਾਦੀ’ ਹੈ। ‘ਰਾਮ ਰਾਜ’ ਦੇ ਨਾਂ ਤੇ ਇਹਨਾਂ ਨੂੰ ਕੁਝ ਵੀ ਕਰਨ ਦਾ ਹੱਕ ਹੈ..ਡਮਰੂ, ਤ੍ਰਿਸ਼ੂਲ ਹੁਣ ਨਵੇਂ ਕੌਮੀ ਨਿਸ਼ਾਨ ਬਣਦੇ ਜਾ ਰਹੇ ਹਨ ਤੇ ਇਹਨਾਂ ਦੀ ਰਾਖੀ ਲਈ ਨਿੱਤ ਨਵੀਂਆਂ ਬ੍ਰਿਗੇਡਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕਦੇ ਖੁਦ ਫਿਰਕਾਪ੍ਰਸਤੀ ਦੇ ਜਿੰਨ ਤੋਂ ਪੀੜਤ ਸੀ ਤੇ ਰੱਖਿਆ ਲਈ ਗੁਹਾਰ ਲਾਉਂਦੇ ਸਨ, ਉਹ ਹੁਣ ਰਾਖੇ ਨਹੀਂ ਹਮਲਾਵਰ ਹਨ ਅਤੇ ਕਿਤੇ ਵੀ ਕੁਝ ਵੀ ਕਰ ਸਕਦੇ ਹਨ। ਅਜਿਹੇ ਲੋਕਾਂ ਦਾ ਬਾਬਾ ਬੁੱਲ੍ਹੇ ਸ਼ਾਹ ਕੀ ਲਗਦਾ ਹੈ? ਉਹ ਤਾਂ ਕਹਿੰਦਾ ਹੈ :
ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
ਬੁੱਲ੍ਹਾ ਕਿਸੇ ਧਰਮ ਦਾ ਪ੍ਰਤੀਕ ਨਹੀਂ ਬਲਕਿ ਸੂਰਜ ਵਾਂਗ ਚਮਕਦੇ ਸੱਚ ਦਾ ਪ੍ਰਤੀਕ ਹੈ ਜੋ ਹਰ ਹਨੇਰੇ ਦੌਰ ਵਿਚ ਚੜ੍ਹਦਾ ਹੈਪ ਇਸੇ ਲਈ ਬੁੱਲ੍ਹਾ ਕਿਸੇ ਸੱਤਾ ਨੂੰ ਮੁਆਫ਼ਕ ਨਹੀਂ ਆਉਂਦਾ। ਜਦ ਮੌਕੇ ਦੀ ਬਾਦਸ਼ਾਹਤ ਬੁੱਲ੍ਹੇ ਨੂੰ ਕਸੂਰ ਤੋਂ ਦੇਸ ਨਿਕਾਲਾ ਦੇਣ ਦਾ ਫਤਵਾ ਜਾਰੀ ਕਰਦੀ ਹੈ ਤਾਂ ਉਸ ਦੀ ਇਕ ਮੁਰੀਦ ਬਾਂਦੀ ਕਹਿੰਦੀ ਹੈ :
ਸਰਕਾਰ! ਇਸ ਬਦਕਿਸਮਤ ਸ਼ਹਿਰ ਵਿਚ ਇਕ ਤੁਸੀਂ ਓ ਜਿਹੜੇ ਲੋਕਾਂ ਦੇ ਜ਼ਖ਼ਮਾਂ ਉਤੇ ਮਰਹਮ ਰੱਖਦੇ ਓ, ਉਹਨਾਂ ਨੂੰ ਜੀਣ ਦਾ ਹੌਸਲਾ ਦਿੰਦੇ ਓ, ਉਹਨਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਾਉਂਦੇ ਓ, ਤੁਸੀਂ ਮਜ਼ਲੂਮਾਂ ਤੇ ਬੇਕਸਾਂ ਦੇ ਹਮਦਰਦ ਓ ਸਰਕਾਰ । ਤੁਸੀਂ ਨਾ ਰਹੇ ਤਾਂ ਕੁੱਝ ਵੀ ਨਹੀਂ ਰਹੇਗਾ। ਇਹਨਾਂ ਕਾਜ਼ੀਆਂ, ਮੁੱਲਾਂ-ਮੁਲਾਣਿਆਂ ਤੇ ਇਹਨਾਂ ਨਵਾਬਾਂ ਦੇ ਰਹਿਣ ਨਾ ਰਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਬੁੱਲ੍ਹੇ ਸ਼ਾਹ ਜਿਹਾ ਸਦੀਆਂ ਬਾਦ ਈ ਜੰਮਦਾ ਏ ਸਰਕਾਰ । ਤੁਸੀਂ ਇਸ ਵੇਲੇ ਕਸੂਰੋਂ ਬਾਹਰ ਚਲੇ ਚਲੋ । ਤਕੀਏ ਦਾ ਬੰਦੋਬਸਤ ਹੋ ਜਾਏਗਾ। ਤੁਹਾਡੇ ਅਕੀਦਤਮੰਦ ਤੁਹਾਨੂੰ ਮਿਲਣ ਆ ਸਕਣਗੇ। ਕਸੂਰ ਦੀਆਂ ਕੰਧਾਂ ਦੇ ਅੰਦਰ ਇਹਨਾਂ ਜ਼ਾਲਮਾਂ ਨੂੰ ਜੋ ਕਰਦੇ ਨੇ ਕਰਨ ਦਿਉ।
ਉਸ ਵੇਲੇ ਦੀ ਤੁਅੱਸਬੀ ਸੱਤਾ ਉਸ ਨੂੰ ਜਿਉਂਦੇ ਜੀਅ ਕਸੂਰ ਤੋਂ ਬਾਹਰ ਕੱਢ ਰਹੀ ਸੀ ਅਤੇ ਅੱਜ ਦੀ ਸੱਤਾ ਉਸ ਦੀ ਕਬਰ ਤੋਂ ਡਰ ਰਹੀ ਹੈ। ਸੱਤਾ ਕੋਲ ਦਹਿਸ਼ਤ ਦੀ ਜ਼ੁਬਾਨ ਹੁੰਦੀ ਹੈ ਅਤੇ ਫਕੀਰਾਂ ਕੋਲੋਂ ਮੁੱਹਬਤ ਅਤੇ ਨਫਾਸਤ ਦੀ ਜ਼ੁਬਾਨ ਹੁੰਦੀ ਹੈ ਅਤੇ ਸੱਤਾ ਨੂੰ ਹਮੇਸ਼ਾ ਮੁਹੱਬਤ ਕਰਨ ਵਾਲਿਆਂ ਤੋਂ ਡਰ ਲਗਦਾ ਹੈ। ਸੱਤਾ ਹਮੇਸ਼ਾ ਇਕਵਚਨੀ ਹੁੰਦੀ ਹੈ, ਅਸਹਿਣਸ਼ੀਲ ਹੁੰਦੀ ਹੈ, ਜਾਬਰ ਹੁੰਦੀ ਹੈ ਅਤੇ ਸ਼ਕਤੀ ਦੇ ਸਿਰ ਤੇ ਆਫ਼ਰੀ ਹੁੰਦੀ ਹੈ।
ਬੁੱਲ੍ਹੇ ਤੇ ਦੁੱਲ੍ਹੇ ਮਿੱਟੀ ਚੋਂ ਪੈਦਾ ਹੋਏ ਨਾਇਕ ਹੁੰਦੇ ਹਨ ਜੋ ਆਪੋ ਆਪਣੇ ਤਰੀਕੇ ਨਾਲ ਆਪਣੀ ਮਿੱਟੀ ਨਾਲ ਮੁਹੱਬਤ ਕਰਦੇ ਹਨ ਅਤੇ ਹਰੇਕ ਪ੍ਰਕਾਰ ਦੀ ਨਾਬਰੀ ਨੂੰ ਚੁਣੌਤੀ ਦਿੰਦੇ ਹਨ। ਸੱਤਾ ਏਨੀ ਕੁ ਆਫਰੀ ਹੁੰਦੀ ਹੈ ਕਿ ਉਸ ਨੇ ਤਾਂ ਬੁੱਲ੍ਹੇ ਸਾਹ ਦੇ ਜਨਾਜ਼ੇ ਨੂੰ ਵੀ ਨਜ਼ਾਇਜ਼ ਕਰਾਰ ਦੇ ਦਿੱਤਾ ਸੀ ਤੇ ਉਸ ਨੂੰ ਸ਼ਹਿਰ ਕਸੂਰ ਦੇ ਕਬਰਿਸਤਾਨ ਵਿਚ ਦਫ਼ਨ ਕਰਨ ਤੋਂ ਮਨਾ ਕਰ ਦਿੱਤਾ ਸੀ। ਪਰ ਫੱਕਰ ਕਦ ਜਨਾਜਿਆਂ ਦੇ ਮੁਹਤਾਜ ਹੁੰਦੇ ਹਨ। ਉਹ ਤਾਂ ਅੰਬਰ ‘ਚ ਗੂੰਜਦੀ ਅਵਾਜ਼ ਹੁੰਦੇ ਹਨ ਜੋ ਅਜ਼ਲਾਂ ਤੀਕ ਸੁਣਾਈ ਦਿੰਦੀ ਹੈ ਤੇ ਜਿਸ ਨੂੰ ਕੋਈ ਕਤਲ ਨਹੀਂ ਕਰ ਸਕਦਾ। ਬੁੱਲ੍ਹੇ ਸਾਹ ਦੇ ਇਹ ਬੋਲ ਉਹਨਾਂ ਹਾਕਮਾਂ ਦੇ ਮੂੰਹ ਤੇ ਵੀ ਚੁਪੇੜ ਸੀ ਤੇ ਅੱਜ ਦੇ ਇਹਨਾਂ ਸ਼ਾਤਿਰ ਫਿਰਕਾਪ੍ਰਸਤ ਲੋਕਾਂ ਦੇ ਮੂੰਹ ਤੇ ਵੀ ਚੁਪੇੜ ਹਨ ਜਿਹੜੇ ਉਸ ਦੀ ਕਬਰ ਨੂੰ ਪੁੱਟ ਕੇ ਉਸ ਨੂੰ ਬੇਦਖਲ ਕਰਨਾ ਚਾਹੁੰਦੇ ਹਨ :
ਸਾਡੇ ਵੱਲ ਮੁੱਖੜਾ ਮੋੜ ਪਿਆਰਿਆ, ਸਾਡੇ ਵੱਲ ਮੁੱਖੜਾ ਮੋੜ ਵੇ।
ਅਰਸ਼ ਕੁਰਸੀ ਤੇ ਬਾਗਾਂ ਮਿਲੀਆਂ, ਮੱਕੇ ਪੈ ਗਿਆ ਸ਼ੋਰ ਵੇ
ਜੇ ਮਾਏਂ ਤੈਨੂੰ ਖੇੜੇ ਪਿਆਰੇ, ਡੋਲੀ ਪਾ ਦੇਈਂ ਹੋਰ।
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ, ਗੋਰ ਪਿਆ ਕੋਈ ਹੋਰ
ਸਾਡੇ ਵੱਲ ਮੁੱਖੜਾ ਮੋੜ ਵੇ।
ਸੁਆਲ ਇਹ ਨਹੀਂ ਕਿ ਉਹ ਕੀ ਕਰ ਰਹੇ ਹਨ, ਸੁਆਲ ਇਹ ਹੈ ਕਿ ਅਸੀਂ ਚੁੱਪ ਕਿਉਂ ਹਾਂ?
ਗੁਰਸ਼ਰਨ ਸਿੰਘ ਦੇ ਨਾਟਕ ‘ਚਾਂਦਨੀ ਚੌਂਕ ਤੋਂ ਸਰਹਿੰਦ ਤਕ’ ਦਾ ਸੂਤਰਧਾਰ ਕਹਿੰਦਾ : ਜਿਹੜੇ ਲੋਕ ਜ਼ੁਲਮ ਨੂੰ ਤਮਾਸ਼ਾਈ ਸਮਝ ਕੇ ਦੇਖਦੇ ਹਨ, ਇਤਿਹਾਸ ਉਹਨਾਂ ਨੂੰ ਤਮਾਸ਼ਾ ਬਣਾ ਦਿੰਦਾ ਹੈ।
ਸ਼ਾਹਿਦ ਨਦੀਮ ਦੇ ਨਾਟਕ ‘ਬੁੱਲ੍ਹਾ’ ਦੇ ਇਕ ਪਾਤਰ ਜੋਗੀ ਦਾ ਇਹ ਸੰਵਾਦ ਸਾਡੇ ਸਾਰਿਆਂ ਲਈ ਹੈ :
ਜੋਗੀ : ਬੁੱਲ੍ਹੇ ਸ਼ਾਹ ਤੇਰੇ ਵਰਗੇ ਹੋਰ ਕਿਉਂ ਨਹੀਂ ਜੰਮਦੇ। ਜੇ ਜੰਮਦੇ ਨੇ ਤਾਂ ਬੋਲਦੇ ਕਿਉਂ ਨਹੀਂ, ਤੇ ਜੇ ਬੋਲਦੇ ਨੇ ਤਾਂ ਗੱਜ-ਵੱਜ ਕੇ ਕਿਉਂ ਨਹੀਂ ਬੋਲਦੇ! ਬੁੱਲ੍ਹੇ ਸ਼ਾਹ ਹਾਰ ਨਾ ਮੰਨੀ, ਆਪਣੀ ਜ਼ੁਬਾਨ ਬੰਦ ਨਾ ਕਰੀਂ। ਤੂੰ ਕਵਾਲੀ ਕਰਦਾ ਰਹੀ ਬੁੱਲ੍ਹੇ ਸ਼ਾਹ!
ਆਓ! ਕਵਾਲੀ ਕਰਦੇ ਰਹੀਏ ਤੇ ਜ਼ੁਬਾਨ ਬੰਦ ਨਾ ਕਰੀਏ..

-ਕੁਲਦੀਪ ਸਿੰਘ ਦੀਪ
Share this content:

Post Comment