ਸੀਬੀਐੱਸਈ ਨੇ ਸਬੰਧਤ ਸਕੂਲਾਂ ਨੂੰ ਦਿੱਤਾ ਨਿਰਦੇਸ਼
ਨਵੀਂ ਦਿੱਲੀ, 30 ਜਨਵਰੀ – ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਫ਼ਰਜ਼ੀ ਤੇ ਗ਼ੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ’ਚ ਦਾਖ਼ਲੇ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਣੇ ਸਾਰੇ ਸਬੰਧਤ ਸਕੂਲਾਂ ਨੂੰ ਮਹੱਤਵਪੂਰਣ ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਉੱਚ ਵਿੱਦਿਅਕ ਅਦਾਰਿਆਂ ਦੀ ਮਾਨਤਾ ਦੀ ਜਾਂਚ ਪ੍ਰਤੀ ਜਾਗਰੂਕ ਕਰਨ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਦਾਖ਼ਲੇ ’ਚ ਹੋ ਰਹੇ ਫ਼ਰਜ਼ੀਵਾੜੇ ਨੂੰ ਲੈ ਕੇ ਸੀਬੀਐੱਸਈ ਨੂੰ ਪੱਤਰ ਲਿਖਿਆ ਸੀ। ਯੂਜੀਸੀ ਦਾ ਕਹਿਣਾ ਸੀ ਕਿ ਉਹ ਹਰ ਸਾਲ ਜਨਤਕ ਨੋਟਿਸ ਜਾਰੀ ਕਰਨ ਤੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਫ਼ਰਜ਼ੀ ਯੂਨੀਵਰਸਿਟੀਆਂ ਤੇ ਗ਼ੈਰ-ਮਾਨਤਾ ਪ੍ਰਾਪਤ ਅਦਾਰਿਆਂ ਦੀ ਸੂਚੀ ਜਾਰੀ ਕਰਦਾ ਹੈ।
ਇਸ ਦਾ ਮਕਸਦ ਵਿਦਿਆਰਥੀਆਂ, ਮਾਪਿਆਂ ਤੇ ਹੋਰ ਹਿੱਤਧਾਰਕਾਂ ਨੂੰ ਅਜਿਹੇ ਅਦਾਰਿਆਂ ਤੋਂ ਚੌਕਸ ਕਰਨਾ ਹੈ ਜਿਨ੍ਹਾਂ ’ਚ ਦਾਖ਼ਲਾ ਵਿਦਿਆਰਥੀਆਂ ਦੇ ਵਿੱਦਿਅਕ ਤੇ ਪੇਸ਼ੇਵਰ ਭਵਿੱਖ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਯੂਜੀਸੀ ਦੇ ਪੱਤਰ ਦਾ ਨੋਟਿਸ ਲੈਂਦੇ ਹੋਏ ਸੀਬੀਐੱਸਈ ਨੇ ਸਕੂਲਾਂ ਨੂੰ ਕਿਹਾ ਹੈ ਕਿ ਕਾਲਜਾਂ ’ਚ ਦਾਖ਼ਲੇ ਤੋਂ ਪਹਿਲਾਂ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਦਿਆਰਥੀ ਤੇ ਮਾਤਾ-ਪਿਤਾ ਕਿਸੇ ਭਰਮ ਜਾਂ ਗਲਤ ਜਾਣਕਾਰੀ ਦੇ ਸ਼ਿਕਾਰ ਨਾ ਹੋਣ। ਸਾਰੇ ਸਕੂਲ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕੌਂਸਲਿੰਗ ਕਰ ਕੇ ਚੌਕਸ ਕਰਨ। ਇਸ ਐਡਵਾਇਜ਼ਰੀ ਨੂੰ ਸਕੂਲਾਂ ਦੇ ਨੋਟਿਸ ਬੋਰਡ ’ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ।
Share this content:



Post Comment